ਮੁਹਾਲੀ,(ਸ.ਬ.) -ਦਿਨੋਂ ਦਿਨ ਵਧਦੀ ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਹਾਲੀਆ ਵਾਧੇ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਦੇ ਜਨਰਲ ਸਕੱਤਰ ਸ੍ਰ. ਜੇ.ਪੀ. ਸਿੰਘ ਦੀ ਅਗਵਾਈ ਵਿੱਚ ਅੱਜ ਇੱਕ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਰੇਹੜੇ ਉਤੇ ਮੋਟਰ ਸਾਈਕਲ ਖੜੇ ਕਰਕੇ ਮਾਰਚ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਬਰਦਸਤ ਨਾਹਰੇਬਾਜੀ ਕੀਤੀ ਗਈ। ਇਹ ਰੋਸ ਮਾਰਚ ਫੇਜ਼ 3ਬੀ2 ਦੀ ਮਾਰਕੀਟ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂਵਿੱਚੋਂ ਲੰਘਦਾ ਹੋਇਆ ਵਾਪਸ 3ਬੀ2 ਦੀ ਮਾਰਕੀਟ ਵਿੱਚ ਪਹੁੰਚ ਕੇ ਸਮਾਪਤ ਹੋਇਆ।
ਇਸ ਮੌਕੇ ਬੋਲਦਿਆਂ ਸ੍ਰੀ ਜੇ.ਪੀ. ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਵਧਦੀ ਮਹਿੰਗਾਈ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਕਾਰਾ ਸਾਬਿਤ ਹੋਈ ਹੈ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਕਰਕੇ ਉਸ ਨੇ ਮਹਿੰਗਾਈ ਦੀ ਮਾਰ ਸਹਿ ਰਹੀ ਜਨਤਾ ਦਾ ਹੋਰ ਬੁਰੀ ਤਰ੍ਹਾਂ ਕਚੂਮਰ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਪੈਟਰੋਲ ਵਿੱਚ ਕੀਤੇ ਗਏ ਇਸ ਵਾਧੇ ਨੇ ਵਿਦਿਆਰਥੀ ਵਰਗ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ ਅਤੇ ਇਸ ਕਾਰਣ ਮਹਿੰਗਾਈ ਵਿੱਚ ਹੋਰ ਵਾਧਾ ਹੋਣਾ ਤੈਅ ਹੈ। ਇਸ ਮੌਕੇ ਉਹਨਾਂ ਦੇ ਨਾਲ ਸਰਵਸ੍ਰੀ ਤਰਲੋਚਨ ਸਿੰਘ, ਸਰਬਜੀਤ ਸਿੰਘ, ਗੁਰਿੰਦਰ ਸਿੰਘ, ਉਪਿੰਦਰ ਸਿੰਘ ਅਤੇ ਹੋਰ ਵਿਅਕਤੀ ਹਾਜ਼ਿਰ ਸਨ।
ਮਹਿੰਗਾਈ ਅਤੇ ਪੈਟਰੋਲ ਦੀ ਕੀਮਤ ਵਿੱਚ ਕੀਤੇ ਵਾਧੇ ਖਿਲਾਫ ਰੋਸ ਮਾਰਚ ਕੱਢਿਆ
This entry was posted in ਪੰਜਾਬ.