ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਅਜ ਤੋਂ ਰੇਲ ਰੋਕੋ ਅੰਦੋਲਨ ਚਲਾਉਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਸਾਰੇ ਕਿਸਾਨ ਭਾਈਆਂ ਨੂੰ ਆਪਣੇ ਹਕਾਂ ਦੀ ਪ੍ਰਾਪਤੀ ਕਰਨ ਲਈ ਸਟੇਸ਼ਨਾਂ ਤੇ ਜਾ ਕੇ ਰੇਲ ਗੱਡੀਆਂ ਰੋਕਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਤਿੰਨੋ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ, ਐਮਐਸਪੀ ‘ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਵਾਲਾ ਕਾਨੂੰਨ ਅਤੇ ਲਖੀਮਪੁਰ ਖੇੜੀ ਕਤਲ ਕੇਸ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਇਸ ਨੂੰ ਸਫਲ ਬਣਾਉਣ ਲਈ, ਹਰ ਜਗ੍ਹਾ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ।
ਹਰਿਆਣਾ ਦੇ ਰੋਹਤਕ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਵਿੱਚ, ਭਾਰਤੀ ਕਿਸਾਨ ਯੂਨੀਅਨ, ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਸਰਕਾਰ ਨੂੰ ਚਿਤਾਵਨੀ ਦੇਂਦਿਆਂ ਕਿਹਾ ਕਿ ਸਹਿਣਸ਼ੀਲਤਾ ਦੀ ਇੱਕ ਹੱਦ ਹੁੰਦੀ ਹੈ, ਸਾਡੇ ਸਬਰ ਦੀ ਪਰਖ ਨਾ ਕਰੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਾਨੂੰ ਹਿੰਸਾ ਨਹੀਂ ਕਰਨੀ ਚਾਹੀਦੀ। ਸਰਕਾਰ ਕੋਲ ਅਜੇ ਵੀ ਇਸ ਮੁੱਦੇ ਨੂੰ ਸੁਲਝਾਉਣ ਦਾ ਸਮਾਂ ਹੈ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚਢੂਨੀ ਨੇ 26 ਜਨਵਰੀ ਦੀ ਘਟਨਾ ਵਲ ਇਸ਼ਾਰਾ ਕਰਦਿਆਂ ਕਿਹਾ ਕਿ, ” ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਅਸੀ ਡਰ ਕੇ ਬੈਠੇ ਹਾਂ ਅਤੇ ਧਰਨੇ ‘ਤੇ ਅੱਗੇ ਨਹੀਂ ਵਧ ਰਹੇ ਹਾਂ ਤਾਂ 26 ਜਨਵਰੀ ਦੀ ਘਟਨਾ ਵਲ ਉਨ੍ਹਾਂ ਨੂੰ ਇਕ ਝਾਤ ਮਾਰ ਲੈਣੀ ਚਾਹੀਦੀ ਹੈ । ਸਭ ਕੁਝ ਕਿਵੇਂ ਕਰਨਾ ਹੈ ਅਸੀ ਜਾਣਦੇ ਹਾਂ, ਅਸੀਂ ਸਿਰਫ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਾਂ ।
ਇਸ ਦੇ ਨਾਲ ਹੀ ਚਢੂਨੀ ਨੇ ਹਰਿਆਣਾ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਕਈ ਲੋਕਾਂ ਦੇ ਸਿਰ ਤੋੜ ਦਿੱਤੇ ਅਤੇ ਕਈ ਲੋਕਾਂ ਦੀਆਂ ਹੱਡੀਆਂ ਤੋੜਭੰਨ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਕਈ ਸੌ ਲੋਕਾਂ ਵਿਰੁੱਧ ਕੇਸ ਬਣਾਏ ਹਨ।
ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟਰ ਕਹਿੰਦੇ ਹਨ ਕਿ ਲੱਠ ਚੁੱਕੋ ਅਤੇ ਵੈਸੇ ਵੀ ਇਹ ਇਤਫ਼ਾਕ ਨਹੀਂ ਹੈ, ਇਹ ਅਚਾਨਕ ਨਹੀਂ ਹੈ ਕਿਉਂਕਿ ਓਹ ਉਸੇ ਦਿਨ ਕਹਿੰਦੇ ਹਨ ਜਦੋ ਉੱਤਰ ਪ੍ਰਦੇਸ਼ ਵਿੱਚ ਉਸੇ ਦਿਨ ਸਰਕਾਰੀ ਗੁੰਡਿਆਂ ਰਾਹੀਂ ਕਿਸਾਨਾਂ ਨੂੰ ਕੁਚਲ ਦਿੱਤਾ ਜਾਂਦਾ ਹੈ। ਉਸਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, “ਸਾਡੇ ਸਬਰ ਦੀ ਪਰਖ ਨਾ ਕਰੋ, ਪਰ ਫਿਰ ਵੀ ਅਸੀਂ ਆਪਣੇ ਭਰਾਵਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਹੱਥ ਉਠਾਉਣੇ ਨਹੀਂ ਚਾਹੀਦੇ। ਸਰਕਾਰ ਦੇ ਹਰ ਜ਼ੁਲਮ ਨੂੰ ਬਰਦਾਸ਼ਤ ਕਰਾਂਗੇ। ਜੇ ਅਸੀਂ ਆਪਣੇ ਹੱਥ ਉਠਾਉਂਦੇ ਹਾਂ, ਤਾਂ ਉਹ ਸਾਨੂੰ ਨੂੰ ਜਾਤ, ਧਰਮ ਵਿੱਚ ਫਸਾਉਣਗੇ ਜਿਸ ਨਾਲ ਆਮ ਜਨਤਾ ਸਾਡੇ ਵਿਰੁੱਧ ਹੋ ਜਾਏਗੀ ਤੇ ਸਰਕਾਰੀ ਚਾਲਾਂ ਕਾਮਯਾਬ ਹੋ ਜਾਣਗੀਆਂ ਜੋ ਕਿ ਅਸੀ ਹੋਣ ਨਹੀਂ ਦੇਵਾਂਗੇ ।