ਲੰਡਨ – ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਰਹੀ ਵੈਬਸਾਈਟ ਵਿਕੀਲੀਕਸ ਦੇ ਹੱਥ ਕੁਝ ਹੋਰ ਸਨਸਨੀਖੇਜ਼ ਜਾਣਕਾਰੀਆਂ ਲਗੀਆਂ ਹਨ। ਜਿਸ ਵਿੱਚ ਦੁਨੀਆਭਰ ਦੇ ਮੰਨੇ-ਪ੍ਰਮੰਨੇ ਲੋਕਾਂ ਦੇ ਸਵਿਸ ਬੈਂਕ ਵਿੱਚ ਖਾਤਿਆਂ ਬਾਰੇ ਵੀ ਜਾਣਕਾਰੀਆਂ ਹਨ।
ਸਵਿਸ ਬੈਂਕ ਵਿੱਚ ਕੰਮ ਕਰਨ ਵਾਲੇ ਇੱਕ ਸਾਬਕਾ ਅਧਿਕਾਰੀ ਰੂਡੋਲਫ਼ ਐਲਸਰ ਨੇ ਲੰਡਨ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਗੁਪਤ ਖਾਤਿਆਂ ਦੀ ਜਾਣਕਾਰੀ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਝ ਨੂੰ ਸੌਂਪੀ। ਅਸਾਂਝ ਨੂੰ ਦੋ ਸੀਡੀਆਂ ਦਿੱਤੀਆਂ ਗਈਆਂ।ਇਨ੍ਹਾਂ ਸੀਡੀਆਂ ਵਿੱਚ 2000 ਪ੍ਰਭਾਵਸ਼ਾਲੀ ਲੋਕਾਂ ਦੇ ਖਾਤਿਆਂ ਬਾਰੇ ਜਾਣਕਾਰੀਆਂ ਹਨ। ਅਸਾਂਝ ਨੇ ਕਿਹਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਜਾਣਕਾਰੀ ਸਰਵਜਨਿਕ ਕੀਤੀ ਜਾਵੇਗੀ। ਜੂਲੀਅਨ ਅਸਾਂਝ ਇਸ ਸਮੇਂ ਜਮਾਨਤ ਤੇ ਹਨ।
ਰੂਡੋਲਫ਼ ਐਲਸਰ ਤੇ ਬੈਂਕ ਦਾ ਗੁਪਤ ਕਨੂੰਨ ਤੋੜਨ ਸਬੰਧੀ ਮੁਕੱਦਮਾ ਵੀ ਕੀਤਾ ਜਾ ਰਿਹਾ ਹੈ। ਐਲਸਰ ਪਹਿਲਾਂ ਵੀ ਵਿਕੀਲੀਕਸ ਨੂੰ ਜਾਣਕਾਰੀ ਦੇ ਚੁੱਕੇ ਹਨ। ਉਨ੍ਹਾਂ ਨੂੰ 2000 ਵਿੱਚ ਸਵਿਸ ਬੈਂਕ ਜੂਲੀਅਸ ਬਾਇਰ ਵਿਚੋਂ ਕੱਢ ਦਿੱਤਾ ਗਿਆ ਸੀ। ਸਵਿਸ ਦੇ ਇੱਕ ਅਖਬਾਰ ਵਿੱਚ ਛੱਪੀ ਖ਼ਬਰ ਅਨੁਸਾਰ ਜਰਮਨੀ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੀਆਂ ਬਹੁਰਾਸ਼ਟਰੀ ਕੰਪਨੀਆਂ, ਵਿੱਤੀ ਸੰਸਥਾਵਾਂ ਅਤੇ ਧਨਾਢ ਲੋਕਾਂ ਬਾਰੇ1999 ਤੋਂ ਲੈ ਕੇ 2009 ਤੱਕ ਦੀ ਮਹੱਤਵਪੂਰਣ ਜਾਣਕਾਰੀ ਹੈ।