ਫ਼ਤਹਿਗੜ੍ਹ ਸਾਹਿਬ – “ਚੱਲ ਰਹੇ ਕਿਸਾਨ ਮੋਰਚੇ ਵਿਚ ਕਿਸੇ ਤਰ੍ਹਾਂ ਦੀ ਵੀ ਫੁੱਟ ਕਤਈ ਨਹੀਂ ਪੈਣੀ ਚਾਹੀਦੀ । ਕਿਉਂਕਿ ਇਹ ਮੋਰਚਾ ਕਿਸਾਨੀ-ਜਵਾਨੀ ਅਤੇ ਮੁਲਕ ਦੇ ਸਮੁੱਚੇ ਕਿਸਾਨਾਂ ਦੇ ਜੀਵਨ ਅਤੇ ਪੰਜਾਬ ਦੀ ਸਮੁੱਚੀ ਮਾਲੀ ਹਾਲਤ ਨਾਲ ਜੁੜਿਆ ਅਤਿ ਗੰਭੀਰ ਮੁੱਦਾ ਹੈ । ਨਿਹੰਗ ਸਿੰਘ ਜਥੇਬੰਦੀਆਂ ਅਤੇ ਮੋਰਚਿਆ ਨੂੰ ਫ਼ਤਹਿ ਕਰਨ ਲਈ ਸਿੱਖੀ ਮਹਾਨ ਰਵਾਇਤਾ ਹੀ ਹੁਣ ਤੱਕ ਦੇ ਕਿਸਾਨ ਮੋਰਚੇ ਦੀ ਕਾਮਯਾਬੀ ਦੇ ਰਾਜ ਹਨ । ਜੋ ਕਿਸਾਨ ਆਗੂ ਸ੍ਰੀ ਟਿਕੇਤ ਅਤੇ ਹੋਰਨਾਂ ਆਗੂਆਂ ਨੇ ਸਿੰਘੂ ਬਾਰਡਰ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਨੂੰ ਲੈਕੇ ਵਾਪਰੀ ਘਟਨਾ ਉਪਰੰਤ ਨਿਹੰਗ ਸਿੰਘ ਜਥੇਬੰਦੀਆਂ ਸੰਬੰਧੀ ਇਹ ਬਿਆਨਬਾਜੀ ਕਰ ਰਹੇ ਹਨ ਕਿ ਨਿਹੰਗ ਸਿੰਘਾਂ ਨੂੰ ਮੋਰਚੇ ਵਿਚੋਂ ਚਲੇ ਜਾਣਾ ਚਾਹੀਦਾ ਹੈ, ਇਸਨੂੰ ਕਿਸੇ ਤਰ੍ਹਾਂ ਵੀ ਦਰੁਸਤ ਕਰਾਰ ਨਹੀਂ ਦਿੱਤਾ ਜਾ ਸਕਦਾ । ਕਿਉਂਕਿ ਲੱਗੀ ਜੰਗ ਵਿਚ ਮੋਹਰਲੀ ਕਤਾਰ ਦੇ ਘੋੜੇ ਬਦਲਣ ਦੇ ਅਮਲ ਸਾਰਥਿਕ ਨਤੀਜੇ ਨਹੀਂ ਕੱਢ ਸਕਦੇ । ਜਦੋਂਕਿ ਸਮੁੱਚੀ ਦੁਨੀਆਂ ਅਤੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੂੰ ਪਤਾ ਹੈ ਕਿ ਜੇਕਰ ਕਿਸਾਨ ਮੋਰਚਾ ਅੱਜ ਮੰਜਿਲ ਵੱਲ ਦ੍ਰਿੜਤਾ ਤੇ ਕਾਮਯਾਬੀ ਵੱਲ ਵੱਧ ਰਿਹਾ ਹੈ ਤਾਂ ਉਸ ਵਿਚ ਗੁਰੂ ਦੀਆਂ ਲਾਡਲੀਆ ਫ਼ੌਜਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖੀ ਮਹਾਨ ਰਵਾਇਤਾਂ ਦੇ ਅਮਲ ਹੋਣ ਦੀ ਬਦੌਲਤ ਹੀ ਹੈ । ਜਦੋਂ ਟਿਕਰੀ ਤੇ ਸਿੰਘੂ ਬਾਰਡਰ ਉਤੇ ਦਿੱਲੀ ਦੇ ਸਾਜ਼ਸੀ ਹੁਕਮਰਾਨਾਂ ਨੇ ਬੀਜੇਪੀ-ਆਰ.ਐਸ.ਐਸ. ਦੇ ਕਰਿੰਦਿਆ ਰਾਹੀ ਹਮਲਾ ਕਰਕੇ ਕਿਸਾਨਾਂ-ਮਜ਼ਦੂਰਾਂ ਨੂੰ ਇਸ ਮੋਰਚੇ ਵਿਚੋਂ ਖਦੇੜਨਾ ਚਾਹਿਆ ਸੀ, ਤਾਂ ਇਹ ਨਿਹੰਗ ਸਿੰਘ ਹੀ ਸਨ ਜਿਨ੍ਹਾਂ ਨੇ ਹਮਲਾਵਰਾਂ ਨੂੰ ਵੱਡੀ ਚੁਣੋਤੀ ਵੀ ਦਿੱਤੀ ਅਤੇ ਮੋਰਚੇ ਵਿਚ ਹਾਜਰੀਨ ਮੈਬਰਾਂ ਅਤੇ ਬੀਬੀਆਂ ਦੀ ਆਪਣੀ ਮਹਾਨ ਇਤਿਹਾਸਿਕ ਰਵਾਇਤਾਂ ਉਤੇ ਪਹਿਰਾ ਦਿੰਦੇ ਹੋਏ ਸੁਰੱਖਿਆ ਵੀ ਕੀਤੀ । ਮੋਰਚੇ ਦੀ ਹੁਣ ਤੱਕ ਦੀ ਗਰਿਮਾਂ ਨੂੰ ਘੱਟ ਕਰਨ ਲਈ ਜੋ ਹਕੂਮਤੀ ਪੱਧਰ ਉਤੇ ਸਮੇਂ-ਸਮੇਂ ਤੇ ਸਾਜ਼ਿਸਾਂ ਹੋਈਆ, ਉਸਦੀ ਚੜ੍ਹਦੀ ਕਲਾਂ ਨੂੰ ਬਰਕਰਾਰ ਰੱਖਣ ਵਿਚ ਨਿਹੰਗ ਸਿੰਘਾਂ ਤੇ ਸਿੱਖੀ ਰਵਾਇਤਾ ਅਤੇ ਵਰਤਾਰੇ ਦਾ ਅਹਿਮ ਯੋਗਦਾਨ ਹੈ । ਜਿਸਨੂੰ ਕਿਸਾਨ ਆਗੂ ਜਾਂ ਕੋਈ ਹੋਰ ਤਾਕਤ ਮੰਨਣ ਤੋ ਮੁੰਨਕਰ ਨਹੀਂ ਹੋ ਸਕਦੇ । ਇਸ ਲਈ ਇਸ ਮੋਰਚੇ ਨੂੰ ਫੈਸਲੇ ਦੀ ਮੰਜਿਲ ਤੱਕ ਪਹੁੰਚਾਉਣ ਲਈ ਜ਼ਰੂਰੀ ਹੈ ਕਿ ਜਿਸ ਭਾਵਨਾ ਅਤੇ ਏਕਤਾ ਨੂੰ ਮੁੱਖ ਰੱਖਕੇ ਹਰਿਆਣੇ ਦੇ ਸੰਭੂ ਬਾਰਡਰ ਤੋਂ ਦਿੱਲੀ ਵੱਲ ਹਕੂਮਤੀ ਰੋਕਾਂ ਦਾ ਸਫਾਇਆ ਕਰਦੇ ਹੋਏ ਇਹ ਕਾਫਲਾ 26 ਨਵੰਬਰ ਨੂੰ ਦਿੱਲੀ ਪਹੁੰਚਿਆ ਅਤੇ ਜੰਗ ਜਾਰੀ ਰੱਖੀ, ਉਸਨੂੰ ਸਮੂਹਿਕ ਸਹਿਯੋਗ ਸਦਕਾ ਜਾਰੀ ਰੱਖਿਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਆਗੂਆਂ ਵੱਲੋ ਦਿੱਲੀ ਚੱਲ ਰਹੇ ਕਿਸਾਨ-ਮਜਦੂਰ ਮੋਰਚੇ ਵਿਚੋਂ ਨਿਹੰਗ ਸਿੰਘ ਜਥੇਬੰਦੀਆਂ, ਸਿੱਖੀ ਰਵਾਇਤਾ ਅਤੇ ਵਰਤਾਰੇ ਨੂੰ ਮਨਫ਼ੀ ਕਰਨ ਦੇ ਦਿੱਤੇ ਗਏ ਬਿਆਨਾਂ ਉਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਸਮੁੱਚੀ ਕਿਸਾਨੀ ਲੀਡਰਸ਼ਿਪ ਨੂੰ ਸਮੇ ਦੀ ਨਜਾਕਤ ਨੂੰ ਪਹਿਚਾਣਦੇ ਹੋਏ ਇਸਨੂੰ ਉਸੇ ਏਕਤਾ ਦੀ ਭਾਵਨਾ ਨਾਲ ਚੱਲਦਾ ਰੱਖਣ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਨੇ ਇਸ ਮੋਰਚੇ ਵਿਚ ਰਹਿਣਾ ਹੈ ਜਾਂ ਨਹੀਂ, ਇਸਦਾ ਫੈਸਲਾ ਕਿਸਾਨ ਆਗੂ ਨਹੀਂ, 27 ਅਕਤੂਬਰ ਨੂੰ ਦਿੱਲੀ ਵਿਖੇ ਖ਼ਾਲਸਾ ਪੰਥ ਦਾ ਰੱਖਿਆ ਇਕੱਠ ਕਰੇਗਾ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕੀਤਾ ਕਿ 2018 ਵਿਚ ਇਰਾਕ ਵਿਚ ਆਈ.ਐਸ.ਆਈ.ਐਸ. ਵੱਲੋ 39 ਪੰਜਾਬੀ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਖ਼ਤਮ ਕਰ ਦਿੱਤਾ ਗਿਆ । ਹੁਕਮਰਾਨਾਂ ਨੇ ਉਨ੍ਹਾਂ ਦੇ ਬਚਾਅ ਲਈ ਕੋਈ ਅਮਲ ਨਾ ਕੀਤਾ । ਇਸੇ ਤਰ੍ਹਾਂ 2020 ਵਿਚ ਕਾਬਲ ਦੇ ਗੁਰੂਘਰ ਸ੍ਰੀ ਹਰਿਰਾਏ ਵਿਖੇ 25 ਨਿਰਦੋਸ਼ ਸਿੱਖ ਸਰਧਾਲੂਆਂ ਨੂੰ ਆਈ.ਐਸ.ਆਈ.ਐਸ. ਨੇ ਨਿਸ਼ਾਨਾਂ ਬਣਾਕੇ ਖ਼ਤਮ ਕਰ ਦਿੱਤਾ । ਉਸ ਸਮੇਂ ਮੋਦੀ ਹਕੂਮਤ ਨੇ ਇਹ ਐਲਾਨ ਕੀਤਾ ਕਿ ਐਨ.ਆਈ.ਏ. ਇਸਦੀ ਜਾਂਚ ਕਰੇਗੀ ਕਿ ਕਾਤਲਾਂ ਨੂੰ ਸਜਾਵਾਂ ਦਿਵਾਵਾਂਗੇ । ਇਸ ਦਿਸ਼ਾ ਵੱਲ ਵੀ ਕੋਈ ਅਮਲ ਨਾ ਕੀਤਾ ਗਿਆ । ਫਿਰ ਪੇਸਾਵਰ ਵਿਚ ਹਕੀਮ ਸ. ਸਤਨਾਮ ਸਿੰਘ ਅਤੇ ਸ੍ਰੀਨਗਰ ਵਿਚ ਬੀਬੀ ਸੁਪਿੰਦਰ ਕੌਰ ਪ੍ਰਿੰਸੀਪਲ ਨੂੰ ਨਿਸ਼ਾਨਾਂ ਬਣਾਇਆ ਗਿਆ । 2015 ਤੋਂ ਨਿਰੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆ ਆ ਰਹੀਆ ਹਨ । ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਦੇ ਦੁਖਾਂਤ ਵਾਪਰੇ । ਬਹਿਬਲ ਕਲਾਂ ਵਿਖੇ ਬਾਦਲ ਹਕੂਮਤ, ਸੈਣੀ, ਸੁਖਬੀਰ ਸਿੰਘ ਬਾਦਲ, ਪਰਮਰਾਜ ਸਿੰਘ ਉਮਰਾਨੰਗਲ ਅਤੇ ਸਿਰਸੇਵਾਲੇ ਸਾਧ ਦੇ ਚੇਲਿਆ ਨੇ ਸਾਡੇ ਦੋ ਸਿੰਘ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ । ਮੌੜ ਵਿਖੇ ਬੰਬ ਬਲਾਸਟ ਦੇ ਸਿਰਸੇਵਾਲੇ ਦੋਸ਼ੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿਗਰਟ ਰਾਹੀ ਸਾਡੇ ਤਖਤ ਦਾ ਅਪਮਾਨ ਕੀਤਾ ਗਿਆ । ਨਾਭੇ ਦੇ ਗੁਰੂਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਪੈਰ ਰੱਖਕੇ ਅਪਮਾਨ ਕੀਤਾ ਗਿਆ ।
ਲਖੀਮਪੁਰ ਖੀਰੀ ਯੂ.ਪੀ ਵਿਖੇ 03 ਅਕਤੂਬਰ ਨੂੰ ਬੀਜੇਪੀ-ਆਰ.ਐਸ.ਐਸ. ਦੇ ਸੈਂਟਰ ਦੇ ਗ੍ਰਹਿ ਰਾਜ ਵਜ਼ੀਰ ਅਜੇ ਮਿਸਰਾ ਦੇ ਲੜਕੇ ਅਸੀਸ ਮਿਸਰਾ ਨੇ ਆਪਣੇ ਬਦਮਾਸ਼ਾਂ ਨਾਲ ਰੋਸ਼ ਕਰ ਰਹੇ ਕਿਸਾਨ ਉਪਰ ਥਾਰ ਗੱਡੀ ਚਾੜ੍ਹਕੇ 4 ਸਿੱਖ ਕਿਸਾਨਾਂ ਅਤੇ 4 ਹੋਰਨਾਂ ਨੂੰ ਦਰੇੜਦੇ ਹੋਏ ਕਤਲੇਆਮ ਕਰ ਦਿੱਤਾ । ਜੋ ਇਹ ਸਰਕਾਰੀ ਦਹਿਸਤਗਰਦੀ ਬਰਦਾਸਤ ਤੋ ਬਾਹਰ ਹੈ । ਜੋ ਸਿੰਘੂ ਬਾਰਡਰ ਉਤੇ ਹੋਇਆ ਹੈ ਉਹ ਵਿਧਾਨ ਦੀ ਧਾਰਾ 452 ਅਧੀਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪਣੀ ਰੱਖਿਆ ਕਰਨ ਦੇ ਅਧਿਕਾਰ ਦਿੰਦੀ ਹੈ ਜਿਸ ਅਧੀਨ ਨਿਹੰਗ ਸਿੰਘਾਂ ਨੇ ਇਹ ਕਾਰਵਾਈ ਕੀਤੀ । ਜਿਨ੍ਹਾਂ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੇ ਅਪਮਾਨ ਕਰਨ ਦੀਆਂ ਕਾਰਵਾਈਆ ਕੀਤੀਆ, ਉਨ੍ਹਾਂ ਵਿਰੁੱਧ ਬੀਜੇਪੀ-ਆਰ.ਐਸ.ਐਸ. ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਆਦਿ ਨੇ ਕਦੀ ਕੋਈ ਨਾ ਤਾਂ ਆਵਾਜ ਉਠਾਈ ਅਤੇ ਨਾ ਹੀ ਕੋਈ ਅਮਲ ਕੀਤਾ । ਲੇਕਿਨ ਹੁਣ ਜਦੋ ਨਿਹੰਗ ਸਿੰਘਾਂ ਨੇ ਆਪਣੇ ਗੁਰੂ ਸਾਹਿਬਾਨ ਅਤੇ ਆਪਣੀ ਸਵੈਰੱਖਿਆ ਲਈ ਅਮਲ ਕੀਤਾ ਤਾਂ ਸਮੁੱਚੀ ਮੁਤੱਸਵੀ ਬੀਜੇਪੀ-ਆਰ.ਐਸ.ਐਸ, ਕੌਮੀ ਅਨੁਸੂਚਿਤ ਜਾਤੀ ਕਮਿਸਨ ਇਕ ਸੌੜੀ ਸੋਚ ਵਾਲੀ ਸਾਜਿਸ ਅਧੀਨ ਦਲਿਤਾਂ-ਸਿੱਖਾਂ ਦਾ ਬਣਾਉਟੀ ਮੁੱਦਾ ਅਪਣਾਕੇ ਇਸ ਅਤਿ ਗੰਭੀਰ ਮੁੱਦੇ ਨੂੰ ਜਾਤਾਂ-ਪਾਤਾਂ ਦੇ ਚੱਕਰਵਿਊ ਵਿਚ ਉਲਝਾਕੇ ਨਫ਼ਰਤ ਪੈਦਾ ਕਰਨ ਦੀ ਸਾਜ਼ਿਸ ਕਰ ਰਹੇ ਹਨ ਅਤੇ ਇਹ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ ਜਿਸਨੂੰ ਸਿੱਖ ਕੌਮ, ਪੰਜਾਬੀ, ਦਲਿਤ ਬਿਲਕੁਲ ਬਰਦਾਸਤ ਨਹੀਂ ਕਰਨਗੇ ।
ਸ. ਮਾਨ ਨੇ ਇਕ ਦੂਸਰੇ ਕੇਸ ਵਿਚ ਸਿਰਸੇਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਉਮਰਕੈਦ ਦੀ ਸਜ਼ਾ ਹੋਣ ਉਤੇ ਤਸੱਲੀ ਜਾਹਰ ਕਰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੀ.ਬੀ.ਆਈ. ਹਾਈਕੋਰਟ ਵਿਚ ਅਪੀਲ ਕਰੇ ਕਿ ਇਸਦੀ ਉਮਰਕੈਦ ਉਸ ਸਮੇ ਤੱਕ ਹੋਣੀ ਚਾਹੀਦੀ ਹੈ ਜਦੋ ਤੱਕ ਇਹ ਸਰੀਰਕ ਤੌਰ ਤੇ ਨਹੀਂ ਮਰਦਾ । ਮਰਨ ਤੱਕ ਇਸ ਮਨੁੱਖਤਾ ਦੇ ਦੋਖੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਬਦੀਆਂ ਕਰਵਾਉਣ ਵਾਲੇ, ਸਿੱਖਾਂ, ਦਲਿਤਾਂ ਆਦਿ ਨੂੰ ਜਾਤ-ਪਾਤ ਦੇ ਆਧਾਰ ਤੇ ਨਫ਼ਰਤ ਪੈਦਾ ਕਰਨ ਵਾਲੇ ਇਸ ਪਾਖੰਡੀ ਸਾਧ ਨੂੰ ਮਰਨ ਤੱਕ ਕਿਸੇ ਤਰ੍ਹਾਂ ਦੀ ਪੈਰੋਲ, ਛੁੱਟੀ ਨਹੀਂ ਮਿਲਣੀ ਚਾਹੀਦੀ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਸਾਜਿਸਾਂ ਰਚਣ ਵਾਲੇ ਅਤੇ ਸਮਾਜ ਵਿਚ ਨਫ਼ਰਤ ਪੈਦਾ ਕਰਕੇ ਆਪਣੇ ਡੇਰੇ ਵਿਚ ਬੀਬੀਆ, ਇਨਸਾਨਾਂ ਦੇ ਕਤਲ ਦੇ ਨਾਲ-ਨਾਲ ਬੀਬੀਆ ਨਾਲ ਬਲਾਤਕਾਰ ਕਰਨ ਵਾਲੇ ਸਾਧ ਨਾਲ ਤਾਂ ਹੁਕਮਰਾਨ ”ਤਰਸ” ਕਰ ਰਿਹਾ ਹੈ । ਪਰ ਜਿਨ੍ਹਾਂ ਨਿਹੰਗ ਸਿੰਘਾਂ ਅਤੇ ਸਿੱਖਾਂ ਨੇ ਅਦਾਲਤਾਂ, ਕਾਨੂੰਨ ਅਤੇ ਹੁਕਮਰਾਨਾਂ ਤੋ ਇਨਸਾਫ਼ ਨਾ ਮਿਲਣ ਦੀ ਬਦੌਲਤ ਸਿੱਖੀ ਰਵਾਇਤਾ ਅਨੁਸਾਰ ਇਨਸਾਫ਼ ਕਰ ਦਿੱਤਾ ਹੈ, ਉਨ੍ਹਾਂ ਵਿਰੁੱਧ ਨਫ਼ਰਤ ਫੈਲਾਕੇ ਮੰਦਭਾਵਨਾ ਅਧੀਨ ਕਤਲ ਕੇਸ ਦਰਜ ਕਰਕੇ ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ ਮੋਰਚੇ ਅਤੇ ਸਿੱਖਾਂ ਵਿਚ ਸਰਕਾਰੀ ਦਹਿਸਤ ਪਾਉਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ । ਜਿਸ ਵਿਚ ਹੁਕਮਰਾਨ ਕਤਈ ਕਾਮਯਾਬ ਨਹੀਂ ਹੋ ਸਕੇਗਾ । ਫ਼ਤਹਿ!!! ਸੱਚ, ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨ ਵਾਲੀ ਸਿੱਖ ਕੌਮ ਅਤੇ ਕਿਸਾਨ ਮਜਦੂਰ ਮੋਰਚੇ ਦੀ ਹੀ ਹੋਵੇਗੀ ।