ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸਿੰਘੂ ਬਾਰਡਰ ਹੋਈ ਘਟਨਾ ਦੇ ਚਲਦਿਆਂ ਜਿੱਥੇ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਗਿਰਫ਼ਤਾਰ ਕੀਤਾ ਹੈ, ਅੱਜ ਉਸ ਸੰਬੰਧ ਚ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿੱਲੀ ਸਟੇਟ ਦੇ ਪ੍ਰਧਾਨ ਸੰਸਾਰ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਮੁਲਾਕਾਤ ਕਰਕੇ ਮਾਮਲੇ ਦੀ ਜਾਣਕਾਰੀ ਲਈ । ਜਿਸ ਉਪਰੰਤ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਦੀ ਟੀਮ ਦੇ ਨਾਲ ਬੰਬਈ ਦੇ ਵਕੀਲ ਐਡਵੋਕੇਟ ਅਮ੍ਰਿਤਪਾਲ ਸਿੰਘ ਨੇ ਨਿਹੰਗ ਸਿੰਘਾਂ ਦੇ ਬਚਾਅ ਪੱਖ ਤੋਂ ਪੇਸ਼ ਹੋਣ ਲਈ ਆਪਣੀ ਸੇਵਾਵਾਂ ਦੇਣ ਲਈ ਹਾਂ ਕੀਤੀ ਤੇ ਹੁਣ ਇਹ ਨੌਜੁਆਨ ਵਕੀਲ ਅਦਾਲਤ ਅੰਦਰ ਨਿਹੰਗ ਸਿੰਘਾਂ ਵਲੋਂ ਪੇਸ਼ ਹੋ ਕੇ ਮਾਮਲੇ ਦੀ ਪੈਰਵਾਈ ਕਰਣਗੇ । ਵਕੀਲਾਂ ਨੇ ਕੁੰਡਲੀ ਥਾਣੇ ਜਾ ਕੇ ਵੀ ਕੇਸ ਦੀ ਜਾਣਕਾਰੀ ਪ੍ਰਾਪਤ ਕੀਤੀ ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਕੀਲ ਹਰਪ੍ਰੀਤ ਸਿੰਘ ਹੋਰਾ 1984 ਸਿੱਖ ਨਸਲਕੁਸ਼ੀ ਪੀੜਿਤਾਂ ਦੀ ਸੱਜਣ ਕੁਮਾਰ ਵਾਲਾ ਕੇਸ ਅਤੇ ਦਿੱਲੀ ਚ ਤਿਹਾੜ ਜੇਲ ਚ ਬੰਦ ਕਈ ਬੰਦੀ ਸਿੰਘਾਂ ਦੇ ਵੀ ਕਾਨੂੰਨੀ ਮੁਕੱਦਮੇ ਲੜ ਰਹੇ ਹਨ।
ਮੋਇਆਂ ਮੰਡੀ ਜਥੇ ਉੱਡਣਾ ਦਲ ਦੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਨੇ ਇਹ ਜਾਣਕਾਰੀ ਦੇਂਦਿਆਂ ਦਸਿਆ ਕਿ ਸਿੰਘੂ ਸਰਹਦ ਤੇ ਹੋਈ ਇਕ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਵਾਪਰੀ ਘਟਨਾ ਅੰਦਰ ਦੋਸ਼ੀ ਦੀ ਮੌਤ ਹੋ ਗਈ ਸੀ ਤੇ ਇਸ ਮਾਮਲੇ ਵਿਚ ਚਾਰ ਨਿਹੰਗ ਸਿੰਘਾਂ ਨੂੰ ਗਿਰਫਤਾਰ ਕੀਤਾ ਗਿਆ ਹੈ, ਹੁਣ ਇਸ ਮਾਮਲੇ ਨੂੰ ਅਦਾਲਤ ਅੰਦਰ ਹਰਪ੍ਰੀਤ ਸਿੰਘ ਹੋਰਾਂ ਅਤੇ ਉਨ੍ਹਾਂ ਦੇ ਸਾਥੀ ਦੇਖਣਗੇ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਸੋਨੀਪਤ ਦੀ ਜਿਲ੍ਹਾ ਅਦਾਲਤ ਅੰਦਰ ਹੋਵੇਗੀ ।