ਸਰੀ – ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਸਬੰਧੀ ਕੈਨੇਡਾ ਵਿਚਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੇ ਵਿਚਾਰ ਜਾਨਣ ਲਈ ਵੈਨਕੂਵਰ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੇ ਬੀਤੇ ਦਿਨ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਆਗੂਆਂ ਨਾਲ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਗੱਲਬਾਤ ਕੀਤੀ। ਇਸ ਵਫਦ ਵਿਚ ਸ਼ਾਮਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਅੰਤਰਿਕ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਮੈਂਬਰ ਰਾਮ ਸਿੰਘ ਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਸਵਾਗਤ ਕੀਤਾ ਅਤੇ ਵਿਦੇਸ਼ਾਂ ਵਿਚ ਸਰੂਪਾਂ ਦੀ ਛਪਾਈ ਅਤੇ ਸਤਿਕਾਰ ਦੇ ਸਬੰਧ ਵਿਚ ਸੁਸਾਇਟੀ ਵੱਲੋਂ ਲਿਖਿਆ ਛੇ ਸਫਿਆਂ ਦਾ ਪੱਤਰ ਵਫ਼ਦ ਨੂੰ ਸੌਂਪਿਆ।
ਇਸ ਪੱਤਰ ਵਿਚ ਖਾਲਸਾ ਦੀਵਾਨ ਸੁਸਾਇਟੀ ਵਿਚ 2020 ਅਤੇ 2021 ਵਿਚ ਹੋਈਆਂ ਮੀਟਿੰਗਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਲਿਖੀਆਂ ਚਿੱਠੀਆਂ ਦੇ ਜ਼ਿਕਰ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਛਪਾਈ ਵਿਚ ਹੋਈਆਂ ਕੁਤਾਹੀਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਗਈ ਹੈ ਕਿ ਜੇ ਸ਼੍ਰੋਮਣੀ ਕਮੇਟੀ ਨੇ 23 ਅਗਸਤ 2021 ਦੀ ਮੀਟਿੰਗ ਵਿਚ ਸਰੂਪਾਂ ਦੀ ਵਿਦੇਸ਼ਾਂ ਵਿਚ ਛਪਾਈ ਸਬੰਧੀ ਫੈਸਲਾ ਹੀ ਲੈ ਲਿਆ ਸੀ ਤਾਂ ਕੈਨੇਡਾ ਵਿਚਲੀਆਂ ਗੁਰਦੁਆਰਾ ਸੁਸਾਇਟੀਆਂ ਦੇ ਵਿਚਾਰ ਜਾਨਣ ਲਈ ਹੁਣ ਇਹ ਡੈਲੀਗੇਟ ਭੇਜਣ ਦਾ ਕੀ ਮਕਸਦ?
ਇਸ ਪੱਤਰ ਵਿਚ ਇਹ ਸ਼੍ਰੋਮਣੀ ਕਮੇਟੀ ਤੇ ਇਹ ਸੁਆਲ ਵੀ ਉਠਾਇਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 1998 ਦੇ ਹੁਕਮਨਾਮੇ ਅਧੀਨ ਪ੍ਰਾਈਵੇਟ ਅਦਾਰਿਆਂ ਨੂੰ ਪਾਵਨ ਸਰੂਪ ਛਾਪਣ ਦੀ ਮਨਾਹੀ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਛਪਾਈ ਕਰਨ ਲਈ ਕਿਹਾ ਗਿਆ ਸੀ ਪਰ ਕੀ ਉਹ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਹੈ ਜਾਂ ਉਸ ਵਿਚ ਸੋਧ ਕੀਤੀ ਗਈ ਹੈ ਜਿਸ ਰਾਹੀਂ ਸ਼੍ਰੋਮਣੀ ਕਮੇਟੀ ਵਿਦੇਸ਼ਾਂ ਵਿਚ ਛਪਾਈ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਦੀ ਗੁਸਤਾਖੀ ਕਰ ਰਹੀ ਹੈ?
ਸੁਰਿੰਦਰ ਸਿੰਘ ਜੱਬਲ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਅਧੀਨ ਸ੍ਰੀ ਅੰਮ੍ਰਿਤਸਰ ਵਿਚ ਹੀ ਕੀਤੇ ਜਾਣ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਕਿਤੇ ਵੀ ਛਪਾਈ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਇਕ ਪਾਸੜ ਫੈਸਲਾ ਕਰ ਕੇ ਕੈਨੇਡਾ ਦੇ ਬਹੁ-ਚਰਚਿਤ ਬਿਜਨੈੱਸਮੈਨ ਵੱਲੋਂ ਚਲਾਈ ਜਾ ਰਹੀ ਸੰਸਥਾ ਨੂੰ ਪਾਵਨ ਸਰੂਪ ਛਾਪਣ ਦੀ ਆਗਿਆ ਦੇ ਦਿੰਦੀ ਹੈ ਤਾਂ ਕੈਨੇਡਾ ਦੀ ਸਿੱਖ ਸੰਗਤ ਇਕ ਵਾਰ ਫਿਰ ਦੋ ਹਿੱਸਿਆਂ ਵਿਚ ਵੰਡੀ ਜਾਵੇਗੀ ਜਿਵੇਂ ਕਿ ਅੱਜ ਤੋਂ ਕੋਈ ਬਾਈ ਤੇਈ ਸਾਲ ਪਹਿਲਾਂ ਲੰਗਰ ਛਕਣ ਛਕਾਉਣ ਦੀ ਮਰਿਆਦਾ ਤੇ ਵੰਡੀ ਗਈ ਸੀ।
ਉਨ੍ਹਾਂ ਕਿਹਾ ਕਿ ਅਕਾਲ ਤਖਤ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿਚ ਗੁਰਦੁਆਰਾ ਸਾਹਿਬਾਨ ਤੋਂ ਪਰਕਾਸ਼ ਕੀਤੇ ਹੋਏ ਸਰੂਪ ਘਰਾਂ ਵਿਚ ਲਿਜਾਣ ਲਈ ਵਿਧੀ ਵਿਧਾਨ ਲਿਖਿਆ ਹੋਇਆ ਹੈ ਪਰ ਛਾਪੇਖਾਨੇ ਤੋਂ ਪਿੰਡ ਸ਼ਹਿਰ ਜਾਂ ਦੂਰ ਦੁਰਾਡੇ ਪਹਿਲਾ ਪ੍ਰਕਾਸ਼ ਸਥਾਪਤ ਕਰਨ ਲਈ ਕੋਈ ਵਿਧੀ ਵਿਧਾਨ ਨਹੀਂ ਹੈ। ਰਹਿਤ ਮਰਿਆਦਾ ਤਾਂ 1930 ਵਿਆਂ ਵਿਚ ਪਰਵਾਨ ਕੀਤੀ ਗਈ ਸੀ ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਰਹਿਤ ਮਰਿਆਦਾ ਤੋਂ ਬਹੁਤ ਚਿਰ ਪਹਿਲਾਂ ਦੇਸਾਂ ਪ੍ਰਦੇਸਾਂ ਵਿਚ ਗੁਰਦੁਆਰਿਆਂ ਦੇ ਪ੍ਰਕਾਸ਼ ਲਈ ਲਿਜਾਏ ਜਾਂਦੇ ਰਹੇ ਸਨ। ਇਹ ਵੀ ਸੱਚਾਈ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਘਾੜਿਆਂ ਵਿਚ ਸਿੱਖ ਵਿਦਵਾਨ ਅਤੇ ਵਿਦੇਸ਼ਾਂ ਦੀਆਂ ਸਿੱਖ ਸਭਾਵਾਂ ਦੇ ਪ੍ਰਤੀਨਿਧ ਵੀ ਸ਼ਾਮਲ ਸਨ। ਉਹਨਾਂ ਸਿੱਖ ਵਿਦਵਾਨਾਂ ਜਾਂ ਸਤਿਕਾਰ ਕਮੇਟੀਆਂ ਦੇ ਹਵਾਲੇ ਦੇ ਕੇ ਵਪਾਰੀ ਵਰਗ ਵੱਲੋਂ ਵਿਦੇਸ਼ਾਂ ਵਿਚ ਸਰੂਪ ਛਾਪਣ ਲਈ ਪਿਛਲੇ ਦਸਾਂ ਕੁ ਸਾਲਾਂ ਤੋਂ ਜ਼ੋਰ ਪਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਪੰਥ ਨਾਲ ਮਿਲ ਕੇ ਪਹਿਲਾਂ ਤਾਂ ਇਸ ਸੰਬੰਧ ਵਿਚ ਸਤਿਕਾਰ ਦੀ ਪ੍ਰੀਭਾਸ਼ਾ ਨਿਯਤ ਕਰਨੀ ਚਾਹੀਦੀ ਹੈ।
ਮੀਟਿੰਗ ਵਿਚ ਸ਼ਾਮਲ ਕਮਿਊਨਿਟੀ ਐਕਟਿਵਿਸਟ ਮੋਤਾ ਸਿੰਘ ਝੀਤਾ ਨੇ ਵੀ ਅਪੀਲ ਕੀਤੀ ਕਿ ਵਿਦੇਸ਼ਾਂ ਵਿਚ ਛਪਾਈ ਦੀ ਆਗਿਆ ਨਾ ਦਿੱਤੀ ਜਾਵੇ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਸੰਚਾਲਕ ਅਤੇ ਉੱਘੇ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਸ਼੍ਰੋਮਣੀ ਕਮੇਟੀ ਤੇ ਸ਼ਿਕਵਾ ਵੀ ਜ਼ਾਹਿਰ ਕੀਤਾ ਕਿ ਸ਼੍ਰੋਮਣੀ ਕਮੇਟੀ ਸਾਡੇ ਕਿਸੇ ਵੀ ਪੱਤਰ ਦਾ ਜੁਆਬ ਨਹੀਂ ਦਿੰਦੀ। ਮੀਟਿੰਗ ਵਿਚ ਹਾਜ਼ਰ ਪਰਮਜੀਤ ਸਿੰਘ ਰੰਧਾਵਾ, ਧਰਮ ਸਿੰਘ ਪਨੇਸਰ (ਸੀਨੀਅਰ ਮੀਤ ਪ੍ਰਧਾਨ), ਚਰਨਜੀਤ ਸਿੰਘ ਮਰਵਾਹਾ (ਸੈਕਟਰੀ), ਦੀਪ ਸਿੰਘ ਕਲਸੀ (ਟਰੱਸਟੀ) ਤੇ ਬਲਬੀਰ ਸਿੰਘ ਚਾਨਾ (ਟਰੱਸਟੀ) ਦੇ ਵੀ ਇਹੋ ਵਿਚਾਰ ਸਨ ਕਿ ਸਰੂਪਾਂ ਦੀ ਛਪਾਈ ਦਾ ਸਾਰਾ ਕੰਮ ਸ੍ਰੋਮਣੀ ਕਮੇਟੀ ਦੀ ਦੇਖ ਰੇਖ ਵਿਚ ਸ੍ਰੀ ਅੰਮ੍ਰਿਤਸਰ ਵਿਚ ਹੀ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਵਫਦ ਦੇ ਨੁਮਾਇੰਦਿਆਂ ਨੇ ਭਰੋਸਾ ਦੁਆਇਆ ਕਿ ਉਹ ਇਹ ਲਿਖਤੀ ਪੱਤਰ ਅਤੇ ਮੀਟਿੰਗ ਵਿਚਲੇ ਸੁਝਾਅ ਸ੍ਰੀ ਅਕਾਲ ਤਖਤ ਤੀਕ ਜ਼ਰੂਰ ਪਹੁੰਚਾਉਣਗੇ।