ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਆਪਣੀ ਧਰਮਪਤਨੀ ਅਤੇ ਨੂੰਹ ਨਾਲ ਅੱਜ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਤਖ਼ਤ ਪਟਨਾ ਸਾਹਿਬ ਅਹੁਦੇਦਾਰਾਂ ਵੱਲੋਂ ਰਾਸ਼ਟਰਪਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫ਼ੋਟੋ ਵਾਲਾ ਯਾਦਗਾਰੀ ਚਿੰਨ੍ਹ, ਕਿਰਪਾਨ ਭੇਟ ਕੀਤੀ ਗਈ ਨਾਲ ਹੀ ਜੱਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਰਹਿੰਦੇ ਹੋਏ ਸ੍ਰੀ ਰਾਮਨਾਥ ਕੋਵਿੰਦ ਕਈ ਵਾਰ ਤਖ਼ਤ ਪਟਨਾ ਸਾਹਿਬ ਨਤਮਸਤਕ ਹੋਇਆ ਕਰਦੇ ਸਨ ਅਤੇ ਬਿਹਾਰ ਵਿਧਾਨਸਭਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਬਿਹਾਰ ਫ਼ੇਰੀ ਦੌਰਾਨ ਉਨ੍ਹਾਂ ਪਰਿਵਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਪਟਨਾ ਸਾਹਿਬ ਨਤਮਸਤਕ ਹੋਣ ਦੀ ਇੱਛਾ ਪ੍ਰਗਟ ਕੀਤੀ ਸੀ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਸੋਹੀ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੈਂਬਰ ਗੁਰਵਿੰਦਰ ਸਿੰਘ ਵੱਲੋਂ ਰਾਸ਼ਟਰਪਤੀ ਦਾ ਸੁਆਗਤ ਗੁਲਦਸਤਾ ਭੇਟ ਕਰਦਿਆਂ ਕੀਤਾ ਗਿਆ। ਇਸ ਮੌਕੇ ‘ਤੇ ਤਖ਼ਤ ਸਾਹਿਬ ਦੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ, ਸੁਪਰਡੈਂਟ ਦਲਜੀਤ ਸਿੰਘ ਬਿਹਾਰ ਗੁਰਦੁਆਰਾ ਕਮੇਟੀ ਦੇ ਸੂਰਜ ਸਿੰਘ ਨਲਵਾ ਵੀ ਮੌਜੁਦ ਰਹੇ।
ਤਖ਼ਤ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮੇਟੀ ਵੱਲੋਂ ਰਾਸ਼ਟਰਪਤੀ ਜੀ ਨੂੰ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪੁਰਬ ਜੋ ਕਿ ਜਨਵਰੀ ਵਿਚ ਮਨਾਇਆ ਜਾਣਾ ਹੈ ਉਸ ਲਈ ਵੀ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ ਇੱਕ-ਇੱਕ ਮੰਗ ਪੱਤਰ ਵੀ ਉਨ੍ਹਾਂ ਨੂੰ ਦਿੱਤਾ ਗਿਆ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਇੱਕ ਯੁਨਿਵਰਸਿਟੀ ਬਣਾਉਣ ਦੀ ਮੰਗ ਕੀਤੀ ਗਈ ਨਾਲ ਹੀ ਕਿਸਾਨਾਂ ਦੇ ਮਸਲੇ ਨੂੰ ਜਲਦ ਹਲ ਕਰਨ ਦੀ ਅਪੀਲ ਵੀ ਕੀਤੀ ਗਈ। ਜੇਲ੍ਹ ਵਿੱਚ ਬੰਦ ਸਿੱਖ ਕੈਦੀ ਜੋ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਅਦ ਵੀ ਹੁਣ ਤਕ ਜੇਲ੍ਹਾਂ ਵਿਚ ਬੰਦ ਹਨ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਮੰਗ ਪੱਤਰ ਵਿਚ ਕੀਤੀ ਗਈ।