ਫ਼ਤਹਿਗੜ੍ਹ ਸਾਹਿਬ - “ਜਦੋਂ ਵੀ ਅਮਰੀਕਾ, ਕੈਨੇਡਾ, ਬਰਤਾਨੀਆ ਜਾਂ ਕਿਸੇ ਹੋਰ ਮੁਲਕ ਦੇ ਨਾਗਰਿਕਾਂ ਨੂੰ ਕਿਸੇ ਦੂਸਰੇ ਮੁਲਕ ਵਿਚ ਨਫ਼ਰਤ ਅਤੇ ਈਰਖਾਵਾਦੀ ਸੋਚ ਅਧੀਨ ਨਿਸ਼ਾਨਾਂ ਬਣਾਕੇ ਹਮਲੇ ਕੀਤੇ ਜਾਂਦੇ ਹਨ ਜਾਂ ਕਤਲੇਆਮ ਕਰ ਦਿੱਤਾ ਜਾਂਦਾ ਹੈ, ਤਾਂ ਅਮਰੀਕਾ, ਕੈਨੇਡਾ, ਬਰਤਾਨੀਆ ਆਦਿ ਸਭ ਮੁਲਕ ਆਪੋ-ਆਪਣੇ ਨਾਗਰਿਕਾਂ ਉਤੇ ਹੋਏ ਜ਼ਬਰ-ਜੁਲਮ ਵਿਰੁੱਧ ਸੰਬੰਧਤ ਮੁਲਕ ਕੋਲ ਲਿਖਤੀ ਤੌਰ ਤੇ ਰੋਸ਼ ਵੀ ਜਾਹਰ ਕਰਦੇ ਹਨ ਅਤੇ ਫੌਰੀ ਫ਼ੌਜੀ ਐਕਸ਼ਨ ਕਰਕੇ ਜਾਂ ਤਾਂ ਬੰਦੀ ਬਣਾਏ ਗਏ ਆਪਣੇ ਨਾਗਰਿਕਾਂ ਨੂੰ ਛੁਡਾ ਲਿਆ ਜਾਂਦਾ ਹੈ ਜਾਂ ਫਿਰ ਕਾਤਲ ਦੋਸ਼ੀਆਂ ਉਤੇ ਕਾਰਵਾਈ ਕਰਕੇ ਬਦਲਾ ਲੈ ਲਿਆ ਜਾਂਦਾ ਹੈ ਅਤੇ ਹਿਸਾਬ ਬਰਾਬਰ ਕਰ ਦਿੱਤਾ ਜਾਂਦਾ ਹੈ । ਸੰਪੂਰਨ ਬਾਦਸ਼ਾਹੀ ਪ੍ਰਭੂਸਤਾ ਵਾਲੇ ਕਿਸੇ ਰਾਜ, ਮੁਲਕ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਉਤੇ ਹੋਣ ਵਾਲੇ ਕਿਸੇ ਤਰ੍ਹਾਂ ਦੇ ਜਾਨਲੇਵਾ ਹਮਲੇ ਹੋਣ, ਜਖ਼ਮੀ ਕਰਨ ਜਾਂ ਕਤਲੇਆਮ ਕਰਨ ਸਮੇ ਇੰਡੀਆਂ ਦੇ ਹੁਕਮਰਾਨਾਂ ਵੱਲੋ ਕਦੀ ਵੀ ਨਾ ਤਾਂ ਅਜਿਹੇ ਸਮੇ ਸਿੱਖਾਂ ਦੀ ਜਾਨ ਬਚਾਉਣ ਲਈ ਕੋਈ ਸੁਹਿਰਦ ਯਤਨ ਹੋਏ ਅਤੇ ਨਾ ਹੀ ਕਾਤਲ ਦੋਸ਼ੀਆ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦੇਣ ਦੀਆਂ ਕਾਰਵਾਈਆ ਹੋਈਆ ਹਨ । 2000 ਵਿਚ ਜੰਮੂ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਰਦੋਸ਼ ਸਿੱਖਾਂ ਨੂੰ ਫ਼ੌਜ ਨੇ ਲਾਇਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਸੀ, ਉਸ ਸਮੇਂ ਸੈਂਟਰ ਵਿਚ ਵਾਜਪਾਈ ਦੀ ਬੀਜੇਪੀ ਸਰਕਾਰ ਸੀ, ਜਦੋ 2013 ਵਿਚ 60 ਹਜਾਰ ਸਿੱਖ ਜ਼ਿੰਮੀਦਾਰਾਂ ਨੂੰ ਗੁਜਰਾਤ ਵਿਚੋ ਬੇਜਮੀਨੇ ਤੇ ਬੇਘਰ ਕਰ ਦਿੱਤਾ, ਉਸ ਸਮੇਂ ਗੁਜਰਾਤ ਵਿਚ ਸ੍ਰੀ ਮੋਦੀ ਹੀ ਮੁੱਖ ਮੰਤਰੀ ਸਨ, 2018 ਵਿਚ ਇਰਾਕ ਵਿਚ 39 ਪੰਜਾਬੀ ਸਿੱਖਾਂ ਨੂੰ ਆਈ.ਐਸ.ਆਈ.ਐਸ. ਨੇ ਖ਼ਤਮ ਕਰ ਦਿੱਤਾ, ਉਸ ਸਮੇਂ ਵੀ ਮੋਦੀ ਸਰਕਾਰ ਸੀ ਅਤੇ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਨੇ ਐਲਾਨ ਕੀਤਾ ਸੀ ਕਿ ਇਰਾਕ ਵਿਚ ਆਈ.ਐਸ.ਐਸ.ਆਈ. ਦੀ ਗ੍ਰਿਫ਼ਤ ਵਿਚ ਫਸੇ ਪੰਜਾਬੀ ਸਿੱਖਾਂ ਨੂੰ ਉਹ ਜਿਊਂਦੇ ਇੰਡੀਆ ਵਾਪਸ ਲੈ ਆਉਣਗੇ, 2020 ਵਿਚ ਕਾਬਲ ਦੇ ਗੁਰੂਘਰ ਸ੍ਰੀ ਹਰਿਰਾਏ ਸਾਹਿਬ ਵਿਖੇ 25 ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਗਿਆ, ਉਸ ਸਮੇਂ ਮੋਦੀ ਹਕੂਮਤ ਨੇ ਐਲਾਨ ਕੀਤਾ ਸੀ ਕਿ ਇਸ ਕਤਲੇਆਮ ਦੀ ਜਾਂਚ ਐਨ.ਆਈ.ਏ. ਕਰੇਗੀ ਅਤੇ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦਿੱਤੀਆ ਜਾਣਗੀਆ । ਦੋਵੇ ਸਮੇਂ ਇਨ੍ਹਾਂ ਬੀਜੇਪੀ ਦੀਆਂ ਸਰਕਾਰਾਂ ਨੇ ਆਪਣੇ ਕਿਸੇ ਵੀ ਬਚਨ ਨੂੰ ਪੂਰਾ ਨਾ ਕੀਤਾ । ਹੁਣੇ ਹੀ ਪੇਸਾਵਰ ਦੇ ਇਕ ਸਿੱਖ ਹਕੀਮ ਸ. ਸਤਨਾਮ ਸਿੰਘ, ਸ੍ਰੀਨਗਰ ਵਿਚ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਨੂੰ ਸ਼ਹੀਦ ਕੀਤਾ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਨਾਭੇ ਵਿਖੇ ਬੇਅਦਬੀਆ ਕੀਤੀਆ ਗਈਆ । ਹੁਣ ਜਦੋਂ ਅਫ਼ਗਾਨੀਸਤਾਨ ਦੀ ਤਾਲੀਬਾਨ ਹਕੂਮਤ ਵੱਲੋ ਉਥੇ ਸਿੱਖਾਂ ਉਤੇ ਅਤੇ ਗੁਰੂਘਰਾਂ ਉਤੇ ਹਮਲੇ ਹੋ ਰਹੇ ਹਨ ਤਾਂ ਇੰਡੀਆਂ ਦੀ ਮੋਦੀ ਸਰਕਾਰ ਵੱਲੋ ਉਥੋਂ ਦੇ ਸਿੱਖਾਂ ਦੀ ਹਿਫਾਜਤ ਲਈ ਕੋਈ ਵੀ ਅਮਲ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਸਲਿਆ ਨੂੰ ਹੱਲ ਕਰਨ ਦੀ ਗੱਲ ਹੋ ਰਹੀ ਹੈ । ਇੰਡੀਆ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਲਈ ਇਥੋਂ ਦਾ ਹੁਕਮਰਾਨ ਖੁਦ ਮੁਸ਼ਕਿਲਾਂ ਖੜੀਆ ਕਰਕੇ ਜਾਂ ਉਨ੍ਹਾਂ ਉਤੇ ਜ਼ਬਰ ਜੁਲਮ ਕਰਕੇ ਹਿੰਦੂਤਵ ਦਾ ਗੁਲਾਮ ਬਣਾਉਣ ਦੇ ਲੰਮੇ ਸਮੇ ਤੋ ਅਮਲ ਕਰਦੇ ਆ ਰਹੇ ਹਨ । ਜੋ ਸੰਸਾਰ ਵਿਚ ਵੱਸਣ ਵਾਲੇ ਸਿੱਖ ਬੁੱਧੀਜੀਵੀਆਂ ਅਤੇ ਸੁਹਿਰਦ ਆਗੂਆਂ ਲਈ ਅਤਿ ਗਹਿਰੀ ਚਿੰਤਾ ਦਾ ਵਿਸ਼ਾ ਹੈ । ਇਹ ਬਣਦੇ ਜਾ ਰਹੇ ਹਾਲਾਤ ਸਮੁੱਚੀ ਸਿੱਖ ਕੌਮ ਨੂੰ ਆਪਣੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਕਾਇਮ ਕਰਨ ਦੀ ਜੋਰਦਾਰ ਸੰਜ਼ੀਦਾ ਮੰਗ ਕਰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫ਼ਗਾਨੀਸਤਾਨ ਵਿਚ ਉਥੋਂ ਦੇ ਹੁਕਮਰਾਨਾਂ ਵੱਲੋ ਉਥੋਂ ਦੇ ਸਿੱਖਾਂ ਅਤੇ ਗੁਰੂਘਰਾਂ ਉਤੇ ਕੀਤੇ ਜਾ ਰਹੇ ਹਮਲਿਆ ਅਤੇ ਕਤਲੇਆਮ ਉਤੇ ਇੰਡੀਆ ਦੀ ਮੋਦੀ ਹਕੂਮਤ ਵੱਲੋ ਕੋਈ ਵੀ ਸਿੱਖਾਂ ਦੀ ਹਿਫਾਜਤ ਲਈ ਅਮਲ ਨਾ ਕਰਨ ਅਤੇ ਸਭ ਹਿੰਦੂਤਵ ਜਮਾਤਾਂ ਵੱਲੋ ਇਥੇ ਜ਼ਬਰੀ ਹਿੰਦੂ ਰਾਸਟਰ ਕਾਇਮ ਕਰਨ ਦੀਆਂ ਕੀਤੀਆ ਜਾ ਰਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰਾ ਬੀਜੇਪੀ-ਆਰ.ਐਸ.ਐਸ. ਸਭ ਹਿੰਦੂ ਜਮਾਤਾਂ ਭਾਵੇ ਉਹ ਸਿਆਸੀ ਤੌਰ ਤੇ ਵੱਖ-ਵੱਖ ਕਿਉਂ ਨਾ ਵਿਚਰਦੀਆ ਹੋਣ, ਪਰ ਹਿੰਦੂ ਰਾਸਟਰ ਕਾਇਮ ਕਰਨ ਲਈ ਸਭ ਇਕ ਹਨ । ਜਦੋਂਕਿ ਇੰਡੀਆ ਤਾਂ ਪਹਿਲੋ ਹੀ ਹਿੰਦੂ ਬਹੁਗਿਣਤੀ ਵਾਲਾ ਮੁਲਕ ਹੈ । ਇਥੋਂ ਦੀ ਪਾਰਲੀਮੈਂਟ, ਲੋਕ ਸਭਾ, ਰਾਜ ਸਭਾ, ਸੁਪਰੀਮ ਕੋਰਟ, ਹਾਈਕੋਰਟਾਂ, ਚੋਣ ਕਮਿਸ਼ਨ ਇੰਡੀਆ, ਬਾਹਰਲੇ ਮੁਲਕਾਂ ਦੇ ਅੰਬੈਸਡਰ, ਤਿੰਨੇ ਫ਼ੌਜਾਂ ਹਵਾਈ, ਜਲ, ਥਲ ਸੈਨਾਵਾਂ ਦੇ ਮੁੱਖੀ, ਵੱਖ-ਵੱਖ ਸੂਬਿਆਂ ਦੇ ਗਵਰਨਰ, ਖੂਫੀਆ ਏਜੰਸੀਆਂ ਆਈ.ਬੀ, ਰਾਅ, ਐਨ.ਆਈ.ਏ, ਸੀ.ਆਈ.ਐਸ.ਐਫ. ਆਦਿ ਅਰਧ ਸੈਨਿਕ ਬਲ ਕਹਿਣ ਤੋਂ ਭਾਵ ਸਭ ਕਾਨੂੰਨੀ ਸੰਸਥਾਵਾਂ ਦੇ ਮੁੱਖੀ ਸਭ ਹਿੰਦੂ ਹਨ ਅਤੇ ਵੱਡੇ-ਵੱਡੇ ਆਈ.ਏ.ਐਸ, ਆਈ.ਪੀ.ਐਸ. ਅਹੁਦਿਆ ਉਤੇ ਕੱਟੜਵਾਦੀ ਹਿੰਦੂ ਹੀ ਤਾਇਨਾਤ ਹਨ । ਫਿਰ ਇਨ੍ਹਾਂ ਨੂੰ ਇਥੇ ਕਿਸ ਚੀਜ਼ ਦਾ ਖ਼ਤਰਾ ਹੈ ਜੋ ਸਭ ਪਾਸੇ ਮੋਹਰੀ ਹੋਣ ਦੇ ਬਾਵਜੂਦ ਵੀ ਇਥੇ ਹਿੰਦੂ ਰਾਸਟਰ ਬਣਾਉਣ ਦੀ ਗੱਲ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਇਥੇ ਖ਼ਤਰਾਂ, ਵਿਤਕਰਾ, ਜ਼ਬਰ-ਜੁਲਮ ਤਾਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਹੈ ਜੋ ਲੰਮੇ ਸਮੇ ਤੋਂ ਹਿੰਦੂਤਵ ਜ਼ਬਰ ਜੁਲਮ ਅਤੇ ਵਿਤਕਰਿਆ ਦਾ ਸ਼ਿਕਾਰ ਹੁੰਦੇ ਆ ਰਹੇ ਹਨ । ਇਸ ਲਈ ਜੇਕਰ ਇੰਡੀਆ ਦੀ ਮੌਜੂਦਾ ਬਣੇ ਅਤਿ ਬਦਤਰ ਹਾਲਾਤਾਂ ਵਿਚ ਅਤੇ ਹਕੂਮਤੀ ਦਹਿਸਤਗਰਦੀ ਕਾਰਨ ਜੋ ਸਹਿਮ ਤੇ ਡਰ ਬਣਿਆ ਹੋਇਆ ਹੈ, ਤਾਂ ਇਸ ਸਮੇ ਜੇਕਰ ਲੋੜ ਹੈ ਤਾਂ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ, ਇਨਸਾਨੀਅਤ, ਅਮਨ-ਚੈਨ ਪੱਖੀ ਸਰਬਸਾਂਝੀ ਸੋਚ ਤੇ ਅਧਾਰਿਤ ਇਥੇ ”ਹਲੀਮੀ ਰਾਜ” ਸਥਾਪਿਤ ਕਰਨ ਦੀ ਹੈ ਜਿਸ ਵਿਚ ਕਿਸੇ ਵੀ ਧਰਮ, ਫਿਰਕੇ, ਕਬੀਲੇ, ਆਦਿਵਾਸੀ ਆਦਿ ਨਾਲ ਕਿਸੇ ਤਰ੍ਹਾਂ ਦੀ ਵਿਧਾਨਿਕ, ਧਾਰਮਿਕ, ਮਾਲੀ, ਭੂਗੋਲਿਕ, ਜ਼ਬਰ ਜੁਲਮ ਨਹੀਂ ਹੋ ਸਕੇਗਾ । ਬਲਕਿ ਸਭ ਧਰਮਾਂ, ਕੌਮਾਂ ਅਤੇ ਫਿਰਕਿਆ ਦੇ ਨਿਵਾਸੀਆ ਨੂੰ ਬਰਾਬਰਤਾ ਦੇ ਆਧਾਰ ਤੇ ਜਿਥੇ ਹੱਕ ਤੇ ਅਧਿਕਾਰ ਹਾਸਿਲ ਹੋਣਗੇ, ਉਥੇ ਕਿਸੇ ਵਿਚ ਵੀ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਨਹੀਂ ਹੋ ਸਕੇਗੀ । ਇਨਸਾਫ਼ ਦਾ ਰਾਜ ਹੋਵੇਗਾ ਇਸ ਹਲੀਮੀ ਰਾਜ ਵਿਚ ਹਰ ਧਰਮ, ਕੌਮ ਅਤੇ ਫਿਰਕੇ ਦੇ ਨਿਵਾਸੀ ਅਤੇ ਸ਼ਹਿਰੀ ਇਸ ਰਾਜ ਦੇ ਵਾਸੀ ਹੋਣ ਉਤੇ ਵੱਡਾ ਫਖ਼ਰ ਮਹਿਸੂਸ ਕਰਨਗੇ । ਕਤਲੇਆਮ, ਲੁੱਟ-ਖੋਹ, ਚੋਰਬਜਾਰੀ, ਜਮਾਖੌਰੀ, ਮਹਿੰਗਾਈ ਆਦਿ ਸਮਾਜਿਕ ਬੁਰਾਈਆ ਦਾ ਨਾਮੋ ਨਿਸ਼ਾਨ ਦੇਖਣ ਨੂੰ ਵੀ ਨਹੀਂ ਮਿਲੇਗਾ । ਇਸ ਲਈ ਇੰਡੀਆ ਵਿਚ ਵੱਸਣ ਵਾਲੇ ਸਮੂਹ ਧਰਮ, ਕੌਮਾਂ, ਫਿਰਕਿਆ, ਕਬੀਲਿਆ ਦੇ ਨਿਵਾਸੀਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਤਾਨਾਸ਼ਾਹੀ ਸੋਚ ਰਾਹੀ ਇਥੇ ‘ਹਿੰਦੂ ਰਾਸਟਰ’ ਕਾਇਮ ਕਰਨ ਦੇ ਜਾਲਮਨਾਂ ਅਤੇ ਅਣਮਨੁੱਖੀ ਅਮਲਾਂ ਦੇ ਵੱਡੇ ਦੁੱਖ ਅਤੇ ਕਸਟ ਨੂੰ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਹਿੰਦੂ-ਇੰਡੀਆ, ਇਸਲਾਮਿਕ-ਪਾਕਿਸਤਾਨ, ਕਾਮਰੇਡ-ਚੀਨ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਵਿਚ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ‘ਬਫ਼ਰ ਸਟੇਟ’ ਕਾਇਮ ਕਰਨ ਲਈ ਤਨੋ-ਮਨੋ-ਧਨੋ ਸਹਿਯੋਗ ਕਰਨ ਤਾਂ ਕਿ ਅਸੀਂ ਹਿੰਦੂਤਵ ਰਾਸਟਰ ਕਾਇਮ ਕਰਨ ਵਾਲਿਆ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਸਮੂਹਿਕ ਤੌਰ ਤੇ ਅਸਫਲ ਬਣਾਉਣ ਦੇ ਨਾਲ-ਨਾਲ ਅਜਿਹਾ ਹਲੀਮੀ ਰਾਜ ਕਾਇਮ ਕਰ ਸਕੀਏ ਜਿਸ ਵਿਚ ਅਮਨ-ਚੈਨ ਦੀ ਬੰਸਰੀ ਵੱਜੇ ਅਤੇ ਸਭ ਗੁਆਂਢੀ ਮੁਲਕਾਂ ਤੇ ਇਲਾਕਿਆ ਵਿਚ ਅਮਨ-ਚੈਨ ਦਾ ਬੋਲਬਾਲਾ ਹੋ ਸਕੇ ।