ਨਵੀਂ ਦਿੱਲੀ :- ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਦੀ ਇਤਨੀ ਹੀ ਸਾਫ਼-ਸੁਥਰੀ ਛੱਵੀ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੀ ਆਮਦਨ ਦੇ ਸ੍ਰੋਤਾਂ ਅਤੇ ਜਾਇਦਾਦ ਆਦਿ ਦੀ ਜਾਂਚ ਕਰਵਾਉਣ ਤੋਂ ਸੰਕੋਚ ਕਿਉਂ ਹੋ ਰਿਹਾ ਹੈ? ਸ. ਗੁਰਮੀਤ ਸਿੰਘ ਸ਼ੰਟੀ ਜਨਰਲ ਸਕਤ੍ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸ. ਭੂਪਿੰਦਰ ਸਿੰਘ ਅਨੰਦ ਅਤੇ ਜ. ਕੁਲਦੀਪ ਸਿੰਘ ਭੋਗਲ ਦੇ ਉਸ ਬਿਆਨ ਪੁਰ ਟਿੱਪਣੀ ਕਰਦਿਆਂ ਇਹ ਸੁਆਲ ਉਠਾਇਆ, ਜਿਸ ਵਿੱਚ ਉਨ੍ਹਾਂ ਜ. ਮਕੱੜ ਦੀ ਛੱਵੀ ਸਾਫ-ਸੁਥਰੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਕਰਵਾਏ ਜਾਣ ਦੀ ਲੋੜ ਨਹੀਂ, ਜਾਂਚ ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਰਵਾਏ ਜਾਣ ਦੀ ਲੋੜ ਹੈ, ਜੋ ਗੁਰਦੁਆਰਾ ਕਮੇਟੀ ਦੀਆਂ ਜਾਇਦਾਦਾਂ ਖੁਰਦ-ਬੁਰਦ ਕਰ ਰਹੇ ਹਨ।
ਸ. ਸ਼ੰਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮਦਨ-ਖਰਚ ਦੇ ਖਾਤਿਆਂ ਸਮੇਤ ਉਸਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੇ ਆਮਦਨ ਸ੍ਰੋਤਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏ ਜਾਣ ਦੀ ਕੀਤੀ ਗਈ ਮੰਗ ਨੂੰ ਉਨ੍ਹਾਂ ਨੇ ਤੁਰੰਤ ਹੀ ਫਰਾਖਦਿਲੀ ਵਿਖਾਉਂਦਿਆਂ ਸਵੀਕਾਰ ਕਰ, ਪੇਸ਼ਕਸ਼ ਕਰ ਦਿਤੀ ਸੀ, ਕਿ ਉਹ ਇਹ ਜਾਂਚ ਦੇਸ਼ ਦੀ ਕਿਸੇ ਵੀ ਏਜੰਸੀ ਪਾਸੋਂ ਕਰਵਾਏ ਜਾਣ ਲਈ ਤਿਆਰ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਚੁਨੌਤੀ ਵੀ ਦਿੱਤੀ ਕਿ ਅਜਿਹੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸਦੇ ਪ੍ਰਧਾਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਬਾਦਲ ਦਲ ਦੇ ਦਿੱਲੀ ਦੇ ਸਾਰੇ ਮੁੱਖੀਆਂ ਦੇ ਆਮਦਨ-ਸ੍ਰੋਤਾਂ ਅਤੇ ਬਣਾਈ ਗਈਆਂ ਜਾਇਦਾਦਾਂ ਦੀ ਜਾਂਚ ਵੀ ਉਸੇ ਏਜੰਸੀ ਪਾਸੋਂ ਕਰਵਾਈ ਜਾਏ ਤਾਂ ਜੋ ਦੋਹਾਂ ਧਿਰਾਂ ਦੀ ਅਸਲੀਅਤ ਲੋਕਾਂ ਸਾਹਮਣੇ ਆ ਸਕੇ। ਸ. ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਜੇ ਬਾਦਲਕੇ ਇਮਾਨਦਾਰ ਤੇ ਸਾਫ-ਸੁਥਰੀ ਛੱਬੀ ਵਾਲੇ ਹਨ ਤਾਂ ਉਨ੍ਹਾਂ ਨੂੰ ਵੀ ਸ. ਸਰਨਾ ਅਤੇ ਉਨ੍ਹਾਂ ਦੇ ਸਾਥੀਆਂ ਵਾਂਗ ਚੁਨੌਤੀ ਨੂੰ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਸ. ਸ਼ੰਟੀ ਨੇ ਕਿਹਾ ਕਿ ਜ. ਮਕੱੜ ਦਾ ਆਪ ਸਾਹਮਣੇ ਆ ਚੁਨੌਤੀ ਨੂੰ ਸਵੀਕਾਰ ਕਰਨ ਦੀ ਬਜਾਏ, ਇਸਤੋਂ ਬਚਣ ਲਈ ਦੂਜਿਆਂ ਕੋਲੋਂ ਬਿਆਨ ਦੁਆ ਆਪਣੀ ਸਾਫ-ਸੁਥਰੀ ਛੱਬੀ ਹੋਣ ਦਾ ਦਾਅਵਾ ਕਰਵਾਣਾ, ਇਸ ਗਲ ਦਾ ਸਬੂਤ ਹੈ ਕਿ ਜ. ਮਕੱੜ ਅਤੇ ਉਨ੍ਹਾਂ ਦੇ ਆਕਾਵਾਂ ਤੇ ਸਾਥੀਆਂ ਦਾ ਦਾਮਨ ਸਾਫ ਨਹੀਂ, ਜਿਸ ਕਾਰਣ ਉਹ ਜਾਂਚ ਕਰਵਾਉਣ ਦੀ ਚੁਨੌਤੀ ਸਵੀਕਾਰ ਕਰਨ ਦਾ ਸਾਹਸ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੂੰ ਦੂਜਿਆਂ ਪੁਰ ਦੋਸ਼ ਲਾਣ ਤੋਂ ਪਹਿਲਾਂ ਆਪਣੇ ਤੇ ਆਪਣੇ ਆਕਾਵਾਂ ਦੇ ਦਾਗ਼ੀ ਦਾਮਨਾਂ ਵਲ ਝਾਤ ਮਾਰ ਲੈਣੀ ਚਾਹੀਦੀ ਹੈ।
ਸ. ਗੁਰਮੀਤ ਸਿੰਘ ਸ਼ੰਟੀ ਨੇ ਦਾਅਵਾ ਕੀਤਾ ਕਿ ਵਰਤਮਾਨ ਪ੍ਰਬੰਧਕਾਂ ਦੇ ਹੱਥ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਜਾਇਦਾਦਾਂ ਸੁਰੱਖਿਅਤ ਹਨ, ਇਨ੍ਹਾਂ ਦਾ ਭੋਰਾ ਜਿਹਾ ਹਿੱਸਾ ਵੀ ਖੁਰਦ-ਬੁਰਦ ਨਹੀਂ ਹੋਣ ਦਿੱਤਾ ਗਿਆ ਤੇ ਨਾ ਹੀ ਖੁਰਦ-ਬੁਰਦ ਹੋਣ ਦਿੱਤਾ ਜਾਇਗਾ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਗੁਰਦੁਆਰਾ ਕਮੇਟੀ ਦੀਆਂ ਜਾਇਦਾਦਾਂ ਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਦੇ ਨਾਲ ਜਾਂਚ ਕਰਵਾਉਣ ਲਈ ਤਿਆਰ ਹਨ, ਤਾਂ ਜੋ ਸਾਬਤ ਹੋ ਸਕੇ ਕਿ ਗੁਰੂ ਗੋਲਕ ਨੂੰ ਕੌਣ ਲੁੱਟ ਤੇ ਖੁਰਦ-ਬੁਰਦ ਕਰ ਰਿਹਾ ਹੈ। ਸ. ਸ਼ੰਟੀ ਨੇ ਕਿਹਾ ਕਿ ਜ. ਅਵਤਾਰ ਸਿੰਘ ਮੱਕੜ ਨੂੰ ਭ੍ਰਿਸ਼ਟਾਚਾਰ ਵਿਚ ਆਪਣੇ ਭਾਈਵਾਲਾਂ ਨੂੰ ਅੱਗੇ ਲਾ ਕੇ ਟਾਲਾ ਵੱਟਣ ਦੀ ਬਜਾਏ ਆਪ ਸਾਮ੍ਹਣੇ ਆ ਕੇ ਚੁਨੌਤੀ ਸਵੀਕਾਰ ਕਰਨੀ ਚਾਹੀਦੀ ਹੈ।