ਗਲਾਸਗੋ / ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਸ਼ਹਿਰ ਬਰਮਿੰਘਮ ਵਿੱਚ ਪੁਲਿਸ ਦੁਆਰਾ ਇੱਕ ਸਿੱਖ ਵਿਅਕਤੀ ਦੀ ਪੱਗ ਜ਼ਬਰਦਸਤੀ ਉਤਾਰਨ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਵੈਸਟ ਮਿਡਲੈਂਡਜ਼ ਪੁਲਿਸ ਵਿਰੁੱਧ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਆਚਰਣ ਲਈ ਸੁਤੰਤਰ ਦਫਤਰ (IOPC) ਨੇ ਜਾਂਚ ਦਾ ਐਲਾਨ ਕੀਤਾ ਹੈ। ਇਹ ਜਾਂਚ ਸੋਮਵਾਰ ਦੁਪਹਿਰ ਨੂੰ ਬਰਮਿੰਘਮ ਸਿਟੀ ਸੈਂਟਰ ਦੇ ਬਾਹਰ, ਪੈਰੀ ਬਾਰ ਕਸਟਡੀ ਸੂਟ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਇੱਕ ਸਿੱਖ ਵਿਅਕਤੀ ਨਾਲ ਵਾਪਰੀ ਜ਼ਬਰਦਸਤੀ ਪੱਗ ਉਤਾਰਨ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਅਨੁਸਾਰ ਅਧਿਕਾਰੀ ਦੀਆਂ ਕਾਰਵਾਈਆਂ ‘ਤੇ ਨਸਲੀ ਭੇਦਭਾਵ ਤੋਂ ਪ੍ਰੇਰਿਤ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਵੈਸਟ ਮਿਡਲੈਂਡਜ਼ ਪੁਲਿਸ ਅਤੇ ਆਈ ਓ ਪੀ ਸੀ ਅਨੁਸਾਰ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪਾਈ ਇੱਕ ਗਲਤ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਦੀ ਪੱਗ ਸਟੇਸ਼ਨ ‘ਤੇ ਜ਼ਬਰਦਸਤੀ ਉਤਾਰ ਦਿੱਤੀ ਗਈ। ਜਦਕਿ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਵੀਡੀਓ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਅਧਿਕਾਰੀਆਂ ਅਨੁਸਾਰ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਹਿਰਾਸਤ ਵਿੱਚ ਇੱਕ ਵਿਅਕਤੀ ਨੂੰ ਤਲਾਸ਼ੀ ਲਈ ਉਸ ਦਾ ਪਟਕਾ ਹਟਾਉਣ ਲਈ ਕਿਹਾ ਗਿਆ ਸੀ। ਇਸ ਦੌਰਾਨ ਇੱਕ ਨਿੱਜੀ ਕਮਰੇ ਵਿੱਚ ਇੱਕ ਅਧਿਕਾਰੀ ਦੁਆਰਾ ਤਲਾਸ਼ੀ ਲੈਣ ਦੇ ਮੰਤਵ ਨਾਲ ਪੱਗ ਨੂੰ ਹਟਾ ਦਿੱਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਦੌਰਾਨ ਪੱਗ ਫਰਸ਼ ‘ਤੇ ਡਿੱਗ ਗਈ ਸੀ, ਪਰ ਪੱਗ ਨੂੰ ਤੁਰੰਤ ਚੱਕ ਲਿਆ ਗਿਆ ਸੀ। ਇਸ ਵਿਅਕਤੀ ਨਾਲ ਅਧਿਕਾਰੀ ਦੀ ਗੱਲਬਾਤ ਦੀਆਂ ਸਾਰੀਆਂ ਸੀ ਸੀ ਟੀ ਵੀ ਫੁਟੇਜਾਂ ਨੂੰ ਜੋੜ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ । ਆਈ ਓ ਪੀ ਸੀ ਦੇ ਖੇਤਰੀ ਨਿਰਦੇਸ਼ਕ ਡੇਰਿਕ ਕੈਂਪਬੈਲ ਅਨੁਸਾਰ ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਅੰਦਰ ਬੇਚੈਨੀ ਪੈਦਾ ਕੀਤੀ ਹੈ ਅਤੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਅਤੇ ਸੁਤੰਤਰ ਤੌਰ ‘ਤੇ ਜਾਂਚ ਕੀਤੀ ਜਾਵੇਗੀ।
ਬਰਮਿੰਘਮ : ਪੁਲਿਸ ਦੁਆਰਾ ਸਿੱਖ ਵਿਅਕਤੀ ਦੀ ਪੱਗ ਜ਼ਬਰਦਸਤੀ ਉਤਾਰਨ ਦੇ ਮਾਮਲੇ ਦੀ ਜਾਂਚ ਸ਼ੁਰੂ
This entry was posted in ਅੰਤਰਰਾਸ਼ਟਰੀ.