ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਚੱਲ ਰਹੇ ਕੋਪ 26 ਜਲਵਾਯੂ ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਦੇ ਨਾਲ ਬਰਤਾਨੀਆ ਦੀ ਮਹਾਂਰਾਣੀ ਐਲਿਜਾਬੈਥ ਦੋਇਮ ਨੇ ਵੀ ਆਪਣੀ ਸ਼ਮੂਲੀਅਤ ਕਰਨੀ ਸੀ, ਪਰ ਕੁੱਝ ਸਿਹਤ ਸਮੱਸਿਆਵਾਂ ਕਾਰਨ ਉਹ ਇਸ ਕਾਨਫਰੰਸ ਵਿੱਚ ਭਾਗ ਨਹੀਂ ਲੈ ਸਕੇ। ਪਰ ਇਸ ਦੇ ਬਾਵਜੂਦ ਵੀ
ਮਹਾਰਾਣੀ (95) ਨੇ ਇੱਕ ਵੀਡੀਓ ਸੰਦੇਸ਼ ਦੁਆਰਾ ਕੋਪ 26 ‘ਚ ਸ਼ਾਮਲ ਹੋਏ ਨੇਤਾਵਾਂ ਨੂੰ ਸੰਬੋਧਿਤ ਕੀਤਾ। ਮਹਾਂਰਾਣੀ ਨੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਸਭ ਤੋਂ ਅਸੰਭਵ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਸੰਮੇਲਨ ਦੌਰਾਨ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਸਵਾਗਤ ਸਮਾਰੋਹ ਦੌਰਾਨ ਇੱਕ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਵਿੱਚ, ਉਸਨੇ ਉਮੀਦ ਜਤਾਈ ਕਿ ਵਿਸ਼ਵ ਹੁਣ ਜਲਵਾਯੂ ਸਬੰਧੀ ਕਾਰਵਾਈ ਦੇ ਸਮੇਂ ਵੱਲ ਆ ਗਿਆ ਹੈ।
ਇਸਦੇ ਨਾਲ ਹੀ ਮਹਾਰਾਣੀ ਨੇ ਆਪਣੇ ਮਰਹੂਮ ਪਤੀ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਉਠਾਉਣ ਲਈ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਉਸਦਾ ਸੰਦੇਸ਼ ਸ਼ੁੱਕਰਵਾਰ ਨੂੰ ਵਿੰਡਸਰ ਕੈਸਲ ਵਿਖੇ ਪਹਿਲਾਂ ਤੋਂ ਰਿਕਾਰਡ ਕੀਤਾ ਗਿਆ ਸੀ। ਮਹਾਂਰਾਣੀ, ਜਿਸਦੀ ਸਿਹਤ ਚਿੰਤਾ ਦਾ ਕਾਰਨ ਬਣੀ ਹੈ ਨੇ ਡਾਕਟਰਾਂ ਦੁਆਰਾ ਆਰਾਮ ਕਰਨ ਦੀ ਸਲਾਹ ਦੇਣ ‘ਤੇ ਗਲਾਸਗੋ ਕਾਨਫਰੰਸ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਸੀ। ਮਹਾਰਾਣੀ ਅਨੁਸਾਰ ਸਾਰਿਆਂ ਨੂੰ ਨੇਤਾਵਾਂ ਦੀਆਂ ਕਾਰਵਾਈਆਂ ਦਾ ਲਾਭ ਨਹੀਂ ਹੋਵੇਗਾ ਕਿਉਂਕਿ ਸਾਡੇ ਵਿੱਚੋਂ ਕੋਈ ਵੀ ਸਦਾ ਲਈ ਨਹੀਂ ਜੀਵੇਗਾ ਪਰ ਸਾਡੇ ਗ੍ਰਹਿ ਦੀਆਂ ਵਾਤਾਵਰਨ ਸਮੱਸਿਆਵਾਂ ਦਾ ਸਾਹਮਣਾ ਕਰਨ ਦਾ ਕੋਈ ਵੀ ਇਰਾਦਾ ਸਾਡੇ ਬੱਚਿਆਂ ਨੂੰ ਲਾਭ ਪਹੁੰਚਾਏਗਾ। ਇਸ ਲਈ ਮਹਾਂਰਾਣੀ ਨੇ ਦੁਨੀਆ ਭਰ ਦੇ ਸੈਂਕੜੇ ਡੈਲੀਗੇਟਾਂ ਨੂੰ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਿਲ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ।