ਲੰਡਨ- ਪੰਜਾਬ ਵਿੱਚੋˆਇੱਕ ਰਿਪੋਰਟ ਅਨੁਸਾਰ ਸੰਨ 2010 ‘ਚ 75 ਹਜਾਰ ਮਾਦਾ ਭਰੂਣ ਹੀ ਕੁੱਖਾਂ ਵਿੱਚੋਂ ਗਾਇਬ ਹੋ ਗਏ ਹਨ। ਜਿਸ ਸੰਬੰਧੀ ਗੰਭੀਰ ਨੋਟਿਸ ਲੈਂਦਿਆਂ ਮਾਦਾ ਭਰੂਣ ਹੱਤਿਆ ਖਿਲਾਫ ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਸੇਵਕ ਵਜੋਂ ਵਿਚਰ ਰਹੇ ਇੰਗਲੈਂਡ ਵਾਸੀ ਪਰ ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਦੇ ਜੰਮਪਲ ਕੁਲਵੰਤ ਸਿੰਘ ਧਾਲੀਵਾਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਇਸ ਕਲੰਕ ਵਾਂਗ ਸਾਡੇ ਪੰਜਾਬੀਆਂ ਦੇ ਮੱਥੇ ‘ਤੇ ਖੁਣਦੀ ਜਾ ਰਹੀ ਬੁਰਾਈ ਦੇ ਪਿੱਠਵਰਤੀ ਕਾਰਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਧੀਆਂ ਦੀ ਦੁਰਦਸ਼ਾ ਲਈ ਵਿਦੇਸ਼ੀ ਲਾੜਿਆਂ ਦੀ ਦਾਜ਼ ਪ੍ਰਤੀ ਅੰਤਾਂ ਦੀ ਭੁੱਖ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ। ਪੂਰੇ ਪਰਿਵਾਰ ਨੂੰ ਕੁੜੀ ਦੇ ਵਿਆਹ ਉਪਰੰਤ ‘ਬਾਹਰ‘ ਲੈ ਜਾਣ ਦੇ ਲਾਲਚ ਦੀ ਆੜ ਹੇਠ ਕੈਨੇਡਾ-ਅਮਰੀਕਾ ਵਸਦੇ ਪੰਜਾਬੀਆਂ ਵੱਲੋਂ ਆਪਣੇ ਪੁੱਤਾਂ ਦੀ ਬੋਲੀ ਦੇ ਰੇਟ 40-45 ਲੱਖ ਤੱਕ ਪਹੁੰਚਾ ਦਿੱਤੇ ਗਏ ਹਨ। ਜਿਸਨੂੰ ਦੇਖ ਕੇ ਪੰਜਾਬ ਵਸਦੇ ਲੋਕਾਂ ਵੀ ਮੂੰਹ ਅੱਡਣੇ ਸ਼ੁਰੂ ਕਰ ਦਿੱਤੇ ਹਨ। ਲਾੜਿਆਂ ਦੀ ਮੰਡੀ ਬਣੇ ਪੰਜਾਬ ‘ਚ ਆਮ ਆਦਮੀ ਲਈ ਆਪਣੀ ਧੀ ਲਈ ਯੋਗ ਵਰ ‘ਖਰੀਦਣਾ‘ ਵੱਸੋਂ ਬਾਹਰ ਹੋ ਚੁੱਕਾ ਹੈ। ਬਠਿੰਡਾ ਦੇ ਪੀ.ਐਨ.ਡੀ.ਟੀ. ਸੈੱਲ ਬਠਿੰਡਾ ਦੇ ਪ੍ਰੋਜੈਕਟ ਅਫ਼ਸਰ ਸਾਧੂ ਰਾਮ ਕੁਸਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ 75 ਹਜ਼ਾਰ ਭਰੂਣ ਗਾਇਬ ਹੋਣ ਦੇ ਮਾਮਲੇ ‘ਤੇ ਆਵਾਜ਼ ਬੁਲੰਦ ਕਰਦਿਆਂ ਚੇਅਰਪਰਸਨ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਨਵੀਂ ਦਿੱਲੀ) ਨੂੰ ਪੱਤਰ ਲਿਖਕੇ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ ਤੇ ਇਸ ਸਨਸਨੀਖੇਜ਼ ਮਾਮਲੇ ਨੂੰ ਆਮ ਜਨਤਾ ਦੇ ਸਾਹਮਣੇ ਨਸ਼ਰ ਕੀਤਾ। ਸ੍ਰੀ ਧਾਲੀਵਾਲ ਨੇ ਕਿਹਾ ਕਿ ਜਿੱਥੇ ਸਰਕਾਰ ਨੂੰ ਕੈਨੇਡਾ-ਅਮਰੀਕਾ ਜਿਹੇ ਸੰਪੰਨ ਮੁਲਕਾਂ ਦੇ ਵਿਦੇਸ਼ੀ ਲਾੜਿਆਂ ‘ਤੇ ਦਾਜ ਮੰਗਣ ਸਬੰਧੀ ਸਖ਼ਤ ਨਕੇਲ ਕਸਣੀ ਚਾਹੀਦੀ ਹੈ, ਉਥੇ ਪੰਜਾਬ ਵਿਚ ਕੰਨਿਆ ਭਰੂਣ ਹੱਤਿਆ ਰੋਕਣ ਲਈ ਗਰਭ ਰਜਿਸਟਰ ਹੋਏ ਔਰਤਾਂ ਉਪਰ ਨਜ਼ਰ ਰੱਖੀ ਜਾਵੇ ਤਾਂ ਜੋ ਪੰਜਾਬ ਵਿਚ ਧੀਆਂ ਖ਼ਤਮ ਹੋਣੋ ਬਚਾਇਆ ਜਾ ਸਕੇ।
ਐੱਨ.ਆਰ.ਆਈ. ਲਾੜਿਆਂ ਦੀ ਦਾਜ਼ ਦੀ ਭੁੱਖ ਕਾਰਨ ਪੰਜਾਬ ਧੀਆਂ ਤੋਂ ਸੱਖਣਾ ਹੁੰਦਾ ਜਾ ਰਿਹੈ-ਕੁਲਵੰਤ ਧਾਲੀਵਾਲ
This entry was posted in ਅੰਤਰਰਾਸ਼ਟਰੀ.