ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਸ਼ਨੀਵਾਰ ਨੂੰ ਕੋਪ 26 ਦੌਰਾਨ ਵਿਸ਼ਵ ਭਰ ਦੇ ਹਜ਼ਾਰਾਂ ਜਲਵਾਯੂ ਕਾਰਕੁੰਨਾਂ ਵੱਲੋਂ ਕੱਢੇ ਗਏ ਵਿਸ਼ਾਲ ਪ੍ਰਦਰਸ਼ਨ ਦੌਰਾਨ ਪੁਲਿਸ ਦੁਆਰਾ 20 ਤੋਂ ਵੱਧ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ । ਇਸ ਸਬੰਧੀ ਸਕਾਟਲੈਂਡ ਦੇ ਪੁਲਿਸ ਮੁਖੀ ਅਨੁਸਾਰ ਜਲਵਾਯੂ ਨਿਆਂ ਲਈ ਕੱਢੇ ਮਾਰਚ ਵਿੱਚ ਤਕਰੀਬਨ 100,000 ਤੋਂ ਵੱਧ ਲੋਕਾਂ ਨੂੰ ਗਲਾਸਗੋ ਦੀਆਂ ਸੜਕਾਂ ‘ਤੇ ਵੇਖਿਆ ਗਿਆ। ਇਹ ਮਾਰਚ ਬਹੁਤ ਹੱਦ ਤੱਕ ਬਿਨਾਂ ਕਿਸੇ ਘਟਨਾ ਦੇ ਸਾਂਤੀਪੂਰਵਕ ਪੂਰਾ ਹੋਇਆ ਹਾਲਾਂਕਿ ਇਸ ਦੌਰਾਨ ਕੁੱਝ ਗ੍ਰਿਫਤਾਰੀਆਂ ਕੀਤੀਆਂ ਗਈਆਂ। ਅਸਿਸਟੈਂਟ ਚੀਫ ਕਾਂਸਟੇਬਲ ਗੈਰੀ ਰਿਚੀ ਨੇ ਖੁਲਾਸਾ ਕੀਤਾ ਕਿ ਪ੍ਰਦਰਸ਼ਨ ਦੌਰਾਨ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਇਸ ਮਾਰਚ ਦੌਰਾਨ ਪੁਲਿਸ ਸਿਰਫ ਦੋ ਵੱਡੀਆਂ ਘਟਨਾਵਾਂ ਵਿੱਚ ਸ਼ਾਮਲ ਸੀ, ਜਿਸ ਕਾਰਨ ਪੁਲਿਸ ਅਧਿਕਾਰੀ ਪ੍ਰਦਰਸ਼ਨਕਾਰੀਆਂ ਨਾਲ ਉਲਝਦੇ ਰਹੇ। ਪ੍ਰੋਟੈਸਟ ਰਿਮੂਵਲ ਟੀਮ ਦੇ ਨਾਲ ਬਰੂਮੀਲਾਅ ਵਿਖੇ ਕਿੰਗ ਜਾਰਜ ੜ ਬ੍ਰਿਜ ‘ਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅਫਸਰਾਂ ਨੂੰ ਬੋਲਟ ਕਟਰ ਦੀ ਵਰਤੋਂ ਕਰਨੀ ਪਈ ਅਤੇ ਬਾਅਦ ਵਿੱਚ ਰਿਹਾਅ ਕੀਤੇ ਜਾਣ ਤੋਂ ਪਹਿਲਾਂ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਕਿ ਇੱਕ ਦੂਜੀ ਘਟਨਾ ਵਿੱਚ ਇੱਕ ਸਮੂਹ ਨੂੰ ਪੁਲਿਸ ਦੁਆਰਾ ਕਾਬੂ ਕਰ ਲਿਆ ਗਿਆ, ਜਦੋਂ ਉਹਨਾਂ ਨੇ ਆਤਿਸ਼ਬਾਜੀ ਉਪਕਰਣਾਂ ਦੀ ਵਰਤੋਂ ਕੀਤੀ ਅਤੇ ਮਾਰਚ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਖੀ ਨੇ ਪ੍ਰਦਰਸ਼ਨਕਾਰੀਆਂ ਦੇ ਸਹਿਯੋਗੀ ਰਵੱਈਏ ਅਤੇ ਆਪਣੇ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਯੂਥ ਮਾਰਚ ਅਤੇ ਜਲਵਾਯੂ ਮਾਰਚ ਦੋਵਾਂ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਗਲਾਸਗੋ : ਰੋਸ ਪ੍ਰਦਰਸ਼ਨ ਦੌਰਾਨ 20 ਤੋਂ ਵੱਧ ਕਾਰਕੁੰਨਾਂ ਨੂੰ ਕੀਤਾ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.