ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਹਿੰਸਾ ਮਾਮਲੇ ਵਿੱਚ ਐਫਐਸਐਲ ਦੀ ਰਿਪੋਰਟ ਰਾਹੀਂ ਵੱਡਾ ਖੁਲਾਸਾ ਹੋਇਆ ਹੈ। ਐਫਐਸਐਲ ਦੀ ਰਿਪੋਰਟ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਰਿਵਾਲਵਰ ਅਤੇ ਰਾਈਫਲ ਤੋਂ ਗੋਲੀ ਚਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਤੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਤੇ ਉਸ ਦੇ ਦੋਸਤ ਅੰਕਿਤ ਦਾਸ ਦੇ 4 ਹਥਿਆਰ ਜ਼ਬਤ ਕੀਤੇ ਸਨ।
ਇਨ੍ਹਾਂ ਵਿੱਚ ਆਸ਼ੀਸ਼ ਦੀ ਰਾਈਫਲ ਅਤੇ ਰਿਵਾਲਵਰ ਤੇ ਅੰਕਿਤ ਦਾਸ ਦੀ ਰਿਪੀਟਰ ਗਨ ਤੇ ਪਿਸਟਲ ਸ਼ਾਮਲ ਸੀ। ਪੁਲਿਸ ਨੇ ਚਾਰੇ ਹਥਿਆਰਾਂ ਦੀ ਐਫਐਸਐਲ ਰਿਪੋਰਟ ਮੰਗੀ ਸੀ। ਰਿਪੋਰਟ ਵਿੱਚ ਇਨ੍ਹਾਂ ਹੀ ਹਥਿਆਰਾਂ ਤੋਂ ਗੋਲੀਬਾਰੀ ਹੋਣ ਦੀ ਪੁਸ਼ਟੀ ਹੋਈ ਹੈ। ਅੰਕਿਤ ਦਾਸ ਅਤੇ ਲਤੀਫ਼ ਐਸਆਈਟੀ ਦੇ ਸਾਹਮਣੇ ਜਾਨ ਬਚਾਉਣ ਲਈ ਗੋਲੀਬਾਰੀ ਦੀ ਗੱਲ ਸਵੀਕਾਰ ਕਰ ਚੁੱਕੇ ਹਨ। ਦੱਸ ਦੇਈਏ ਕਿ ਤਿੰਨ ਅਕਤੂਬਰ ਨੂੰ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰਦੇ ਹੋਏ ਕਾਲੇ ਝੰਡੇ ਦਿਖਾਏ ਸਨ। ਇਸੇ ਦੌਰਾਨ ਇੱਕ ਗੱਡੀ ਨੇ ਕਿਸਾਨਾਂ ਨੂੰ ਦਰੜ ਦਿੱਤਾ ਸੀ।
ਇਸ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਕਈ ਕਿਸਾਨ ਜ਼ਖਮੀ ਹੋ ਗਏ ਸਨ। ਇਸ ਕਾਰਨ ਹਿੰਸਾ ਭੜਕ ਗਈ ਸੀ, ਜਿਸ ਵਿੱਚ ਇੱਕ ਡਰਾਈਵਰ ਸਣੇ 4 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 15 ਲੋਕਾਂ ਵਿਰੁੱਧ ਕਤਲ ਤੇ ਅਪਾਧਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਕਿਸਾਨ ਨੇਤਾ ਆਸ਼ਿਸ਼ ਮਿਸ਼ਰਾ ਦੇ ਪਿਓ ਅਜੈ ਮਿਸ਼ਰਾ ਟੈਨੀ ਜੋ ਕਿ ਗ੍ਰਹਿ ਰਾਜ ਮੰਤਰੀ ਵੀ ਹਨ ਦੀ ਬਰਖ਼ਾਸਤਗੀ ਦੀ ਮੰਗ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਉਚ ਓਹਦੇ ਤੇ ਬੈਠੇ ਹੋਣ ਕਰਕੇ ਓਹ ਕਿਸਾਨਾਂ ਨੂੰ ਨਿਆਂ ਮਿਲਣ ਵਿਚ ਰੁਕਾਵਟਾਂ ਖੜੀਆਂ ਕਰ ਸਕਦੇ ਹਨ ।