ਫ਼ਤਹਿਗੜ੍ਹ ਸਾਹਿਬ – “ਬੀਜੇਪੀ-ਆਰ.ਐਸ.ਐਸ. ਵਰਗੀਆਂ ਜਮਾਤਾਂ, ਸਰਬੱਤ ਦਾ ਭਲਾ ਲੋੜਨ ਵਾਲੀ ਹਰ ਕੁਦਰਤੀ ਆਫਤ ਅਤੇ ਔਖੀ ਘੜੀ ਵਿਚ ਸਮੁੱਚੀ ਮਨੁੱਖਤਾ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਲੰਗਰ, ਦਵਾਈਆ, ਕੱਪੜੇ ਅਤੇ ਹੋਰ ਰਹਿਣ-ਸਹਿਣ ਦਾ ਪ੍ਰਬੰਧ ਕਰਨ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ ਵਾਲੀ ਸਿੱਖ ਕੌਮ ਅਤੇ ਕਿਸਾਨਾਂ ਲਈ ਮੰਦਭਾਵਨਾ ਦੀ ਸੋਚ ਰਾਹੀ ”ਤਾਲਿਬਾਨ ਦਹਿਸਤਗਰਦੀ” ਨਾਲ ਤੁਲਨਾ ਕਰਕੇ ਸਿੱਖ ਕੌਮ ਪ੍ਰਤੀ ਨਫ਼ਰਤ ਪੈਦਾ ਕਰਨ ਦੀਆਂ ਸਾਜ਼ਿਸਾਂ ਉਤੇ ਅਮਲ ਕਰਦੇ ਆ ਰਹੇ ਹਨ । ਜਦੋਂ ਹੁਣ ਬੀਜੇਪੀ ਆਗੂ ਅਰਵਿੰਦ ਸ਼ਰਮਾਂ ਵੱਲੋ ਕਿਸਾਨਾਂ ਅਤੇ ਸਿੱਖਾਂ ਵੱਲੋ ਬੀਜੇਪੀ ਆਗੂਆਂ ਦਾ ਘਿਰਾਓ ਕਰਨ ਵਾਲਿਆ ਦੀਆਂ ”ਅੱਖਾਂ ਕੱਢਣ ਅਤੇ ਹੱਥ ਵੱਢਣ” ਦੇ ਅਣਮਨੁੱਖੀ ਗੈਰ ਕਾਨੂੰਨੀ ਭੜਕਾਊ ਬਿਆਨਬਾਜੀ ਕੀਤੀ ਗਈ ਹੈ ਅਤੇ ਲੁਧਿਆਣੇ ਵਿਚ ਫਿਰਕੂ ਅਨਿਲ ਅਰੋੜੇ ਵੱਲੋ ਗੁਰੂ ਨਾਨਕ ਸਾਹਿਬ ਸੰਬੰਧੀ ਵਰਤੀ ਗਈ ਅਪਮਾਨਜ਼ਨਕ ਸ਼ਬਦਾਵਲੀ ਵਿਰੁੱਧ ਮੌਜੂਦਾ ਸੈਂਟਰ ਅਤੇ ਪੰਜਾਬ ਦੀਆਂ ਹਕੂਮਤਾਂ ਕਾਨੂੰਨੀ ਕਾਰਵਾਈ ਕਰਨ ਤੋ ਕਿਉਂ ਭੱਜ ਰਹੀਆ ਹਨ ਅਤੇ ਬੀਜੇਪੀ ਹੱਥ ਵੱਢਣ ਅਤੇ ਅੱਖਾਂ ਕੱਢਣ ਦੇ ਬਿਆਨ ਉਤੇ ਅਮਲ ਕਿਉਂ ਨਹੀਂ ਕਰ ਰਹੀ ? ਇਸ ਮੁਲਕ ਦੇ ਅਸਲ ਹੱਕਦਾਰ ਸਿੱਖ ਕੌਮ ਅਤੇ ਸੰਘਰਸ਼ ਕਰ ਰਹੇ ਕਿਸਾਨ-ਮਜਦੂਰ ਹਨ । ਜਿਨ੍ਹਾਂ ਨੇ ਕੇਵਲ ਸਮੁੱਚੇ ਮੁਲਕ ਦੇ ਢਿੱਡ ਭਰਨ ਦੀ ਜ਼ਿੰਮੇਵਾਰੀ ਹੀ ਨਹੀਂ ਨਿਭਾਉਦੇ ਆ ਰਹੇ ਬਲਕਿ ਮੁਲਕ ਦੀਆਂ ਸਰਹੱਦਾਂ ਉਤੇ ਰਾਖੀ ਕਰਦੇ ਹੋਏ, ਆਜ਼ਾਦੀ ਦੇ ਸੰਗਰਾਮ ਵਿਚ 85% ਤੋ ਵੱਧ ਕੁਰਬਾਨੀਆਂ ਕੀਤੀਆ ਹਨ । ਇਹ ਆਰੀਅਨ ਜੋ ਆਪਣੇ ਆਪ ਨੂੰ ਇਸ ਮੁਲਕ ਦੇ ਮਾਲਕ ਕਹਾਉਦੇ ਹਨ, ਇਹ ਤਾਂ ਬਾਹਰੋ ਆਏ ਹਨ । ਜਦੋਂਕਿ ਸਿੱਖ ਕੌਮ ਅਤੇ ਕਿਸਾਨ ਤਾਂ ਇਥੋ ਦੇ ਮੂਲਨਿਵਾਸੀ ਹਨ । ਜਿਨ੍ਹਾਂ ਦਾ ਇਸ ਮੁਲਕ ਉਤੇ ਇਨ੍ਹਾਂ ਫਿਰਕੂਆਂ ਤੋ ਕਿਤੇ ਜਿਆਦਾ ਹੱਕ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਿੱਖਾਂ ਦੀਆਂ ਅੱਖਾਂ ਕੱਢਣ ਅਤੇ ਹੱਥ ਵੱਢਣ ਦੇ ਬੀਜੇਪੀ ਦੇ ਆਗੂ ਵੱਲੋ ਆਏ ਨਫ਼ਰਤ ਭਰੇ ਅਤੇ ਤਾਨਾਸਾਹੀ ਅਮਲਾਂ ਵਾਲੇ ਬਿਆਨ ਉਤੇ ਬੀਜੇਪੀ-ਆਰ.ਐਸ.ਐਸ. ਨੂੰ ਇਥੋਂ ਦੇ ਨਿਵਾਸੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਸ ਗੰਭੀਰ ਮਸਲੇ ਉਤੇ ਧਾਰੀ ਚੁੱਪੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਜਾਂ ਕਿਸਾਨ ਵਰਗ ਪੰਜਾਬ ਸੂਬੇ, ਇਥੋਂ ਦੇ ਨਿਵਾਸੀਆ, ਮਜਦੂਰਾਂ ਅਤੇ ਹਰ ਵਰਗ ਨਾਲ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ ਵਿਰੁੱਧ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਸਾਜ਼ਿਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਦੇ ਆ ਰਹੇ ਹਨ । ਅਜਿਹਾ ਕਰਨ ਤੋ ਹਿੰਦੂਤਵ ਹੁਕਮਰਾਨ ਤਾਂ ਕੀ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਜ਼ਬਰ ਜੁਲਮ ਵਿਰੁੱਧ ਜੂਝਣ ਜਾਂ ਆਵਾਜ਼ ਉਠਾਉਣ ਤੋ ਨਹੀਂ ਰੋਕ ਸਕਦੀ । ਲੇਕਿਨ ਹਿੰਦੂਤਵ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਵਰਗੀਆ ਜਮਾਤਾਂ ਕਦੀ ਕਿਸਾਨਾਂ ਨੂੰ ਗੱਡੀਆਂ ਥੱਲੇ ਲਤਾੜਕੇ, ਕਦੀ ਬਹਿਬਲ ਕਲਾਂ ਵਿਖੇ ਅਮਨਮਈ ਢੰਗ ਨਾਲ ਰੋਸ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ, ਕਦੀ ਦਿੱਲੀ ਵਰਗੇ ਵੱਡੇ ਸ਼ਹਿਰ ਵਿਚ ਜਸਕਰਨ ਸਿੰਘ ਨਾਮ ਦੇ ਸਿੱਖ ਨੂੰ ਕੁੱਟਮਾਰ ਅਤੇ ਗੋਲੀ ਚਲਾਕੇ ਮਾਰ ਦੇਣ, ਕਦੀ ਸਿਲਾਂਗ ਜਾਂ ਗੁਜਰਾਤ ਵਿਚ ਸਿੱਖਾਂ ਨੂੰ ਜ਼ਬਰੀ ਉਜਾੜਨ, ਕਦੀ 1984 ਵਰਗੇ ਸਿੱਖ ਕਤਲੇਆਮ ਤੇ ਨਸ਼ਲਕੁਸੀ ਕਰਨ ਦੀਆਂ ਹਿਟਲਰੀ ਤਾਨਾਸਾਹੀ ਕਾਰਵਾਈਆ ਕਰਦੇ ਆ ਰਹੇ ਹਨ । ਜੋ ਕਿ ਇਥੋ ਦੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀਆ ਸਿੱਖ ਕੌਮ ਵਿਰੁੱਧ ਨਫ਼ਰਤ ਫੈਲਾਉਣ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਜਿਨ੍ਹਾਂ ਨੂੰ ਸਿੱਖ ਕੌਮ ਤੇ ਕਿਸਾਨ ਕਤਈ ਬਰਦਾਸਤ ਨਹੀਂ ਕਰਨਗੇ । ਸ. ਮਾਨ ਨੇ ਭੜਕਾਊ ਬਿਆਨਬਾਜੀ ਕਰਨ ਵਾਲੇ ਅਰਵਿੰਦ ਸ਼ਰਮਾਂ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਨ ਵਾਲੇ ਅਨਿਲ ਅਰੋੜਾ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਜਿਥੇ ਬਣਦੀਆ ਸਜਾਵਾਂ ਦੇਣ ਦੀ ਮੰਗ ਕੀਤੀ, ਉਥੇ ਸਿੱਖ ਕੌਮ ਤੇ ਕਿਸਾਨਾਂ ਨੂੰ ਇਨਸਾਫ਼ ਦੇਣ ਵਿਚ ਕੀਤੀ ਜਾ ਰਹੀ ਦੇਰੀ ਦੇ ਨਿਕਲਣ ਵਾਲੇ ਮਾਰੂ ਨਤੀਜਿਆ ਤੋ ਹੁਕਮਰਾਨਾਂ ਨੂੰ ਖ਼ਬਰਦਾਰ ਵੀ ਕੀਤਾ ।