ਨਵੀਂ ਦਿੱਲੀ – ਰਾਜਧਾਨੀ ਦਿੱਲੀ ਅਤੇ ਉਸ ਦੇ ਨਾਲ ਲਗਦੇ ਐਨਸੀਆਰ ਦੇ ਖੇਤਰਾਂ ਵਿੱਚ ਪ੍ਰਦੂਸ਼ਣ ਰਿਕਾਰਡ ਪੱਧਰ ਤੇ ਪਹੁੰਚ ਗਿਆ ਹੈ। ਇਸ ਮੁੱਦੇ ਤੇ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਪੁਛਿਆ ਕਿ ਆਖਿਰ ਦਿੱਲੀ ਵਿੱਚ ਅਜਿਹੀ ਸਥਿਤੀ ਕਿਉਂ ਬਣੀ? ਅਦਾਲਤ ਨੇ ਇਸ ਦੇ ਲਈ ਕੇਵਲ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਏ ਜਾਣਾ ਸਹੀ ਨਾ ਮੰਨਦੇ ਹੋਏ ਕਿਹਾ ਕਿ ਇੱਕ ਗਰੀਬ ਕਿਸਾਨ ਮਹਿੰਗੀ ਮਸ਼ੀਨ ਕਿਵੇਂ ਖ੍ਰੀਦੇਗਾ? ਜੱਜਾਂ ਦੀ ਬੈਂਚ ਨੇ ਇਹ ਵੀ ਕਿਹਾ ਕਿ ਦਿੱਲੀ ਦੀ ਹਵਾ ਸਾਹ ਲੈਣ ਦੇ ਯੋਗ ਨਹੀਂ ਹੈ, ਹੁਣ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਘਰ ਵਿੱਚ ਵੀ ਮਾਸਕ ਲਗਾਉਣਾ ਪਵੇਗਾ। ਕੋਰਟ ਨੇ ਇਹ ਵੀ ਕਿਹਾ ਕਿ ਏਕਿਉਆਈ ਦੇ ਲੈਵਲ ਨੂੰ 500 ਤੋਂ ਹੇਠਾਂ ਲਗਾਉਣ ਲਈ ਕੀ ਕੀਤਾ ਜਾ ਸਕਦਾ ਹੈ? ਸਰਵਉਚ ਅਦਾਲਤ ਨੇ ਇਹ ਵੀ ਸੁਝਾਅ ਦਿੱਤਾ ਕਿ ਸਰਕਾਰ ਲਾਕਡਾਊਨ ਵਰਗੀਆਂ ਪਾਬੰਦੀਆਂ ਤੇ ਵੀ ਵਿਚਾਰ ਕਰ ਸਕਦੀ ਹੈ।
ਚੀਫ਼ ਜਸਟਿਸ ਨੇ ਸਰਕਾਰ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਪ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਾਰੇ ਪ੍ਰਦੂਸ਼ਣ ਦੇ ਲਈ ਕਿਸਾਨ ਹੀ ਜਿੰਮੇਵਾਰ ਹਨ। ਉਨ੍ਹਾਂ ਨੇ ਇਹ ਵੀ ਕਿਹਾ, ‘ਸਾਡਾ ਸਰਕਾਰ ਨਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਵਾਲ ਇਹ ਹੈ ਕਿ ਇਸ ਸਮੱਸਿਆ ਨਾਲ ਕਿਸ ਤਰ੍ਹਾਂ ਨਜਿਿਠਆ ਜਾਵੇ। ਕੋਈ ਤਤਕਾਲ ਕਦਮ, ਕੁਝ ਛੋਟੀ ਮਿਆਦ ਦੀਆਂ ਯੋਜਨਾਵਾਂ, ਇਸ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਵੇ?
ਪ੍ਰਦੂਸ਼ਣ ਦੇ ਮਾਮਲੇ ਤੇ ਸਰਵਉਚ ਅਦਾਲਤ ਨੇ ਕਿਹਾ, ‘ਪ੍ਰਦੂਸ਼ਣ ਵਿੱਚ ਕੁਝ ਹਿੱਸਾ ਪਰਾਲੀ ਸਾੜਨ ਦਾ ਹੋ ਸਕਦਾ ਹੈ, ਪਰ ਬਾਕੀ ਦਿੱਲੀ ਵਿੱਚ ਜੋ ਪ੍ਰਦੂਸ਼ਣ ਹੈ ਉਹ ਪਟਾਖਿਆਂ,ਉਦਯੋਗਾਂ ਅਤੇ ਧੂੜ-ਧੂੰਏ ਦੇ ਕਾਰਣ ਵੀ ਹੈ।ਇਸ ਨੂੰ ਜਲਦੀ ਕੰਟਰੋਲ ਕਰਨ ਦੇ ਲਈ ਕਦਮਾਂ ਬਾਰੇ ਦੱਸਿਆ ਜਾਵੇ। ਜਰੂਰਤ ਪੈਣ ਤੇ ਦੋ ਦਿਨ ਦਾ ਲਾਕਡਾਊਨ ਜਾ ਕੁਝ ਹੋਰ ਯਤਨ ਵੀ ਕੀਤੇ ਜਾਣ। ਅਜਿਹੀ ਸਥਿਤੀ ਵਿੱਚ ਆਖਿਰ ਲੋਕ ਕਿਸ ਤਰ੍ਹਾਂ ਜਿਊਂਦੇ ਰਹਿਣਗੇ?
ਜਸਟਿਸ ਚੰਦਰਚੂੜ ਨੇ ਕਿਹਾ, “ਕੋਰੋਨਾ ਮਹਾਂਮਾਰੀ ਦੇ ਬਾਅਦ ਸਕੂਲ ਵੀ ਖੋਲ੍ਹ ਦਿੱਤੇ ਗਏ ਹਨ। ਅਸਾਂ ਆਪਣੇ ਬੱਚਿਆਂ ਨੂੰ ਅਜਿਹੀ ਸਥਿਤੀ ਵਿੱਚ ਖੁਲ੍ਹਾ ਛੱਡਿਆ ਹੋਇਆ ਹੈ। ਡਾਕਟਰ ਗੁਲੇਰਿਆ ਕਹਿੰਦੇ ਹਨ ਕਿ ਕਿ ਜਿੱਥੇ ਪ੍ਰਦੂਸ਼ਣ ਹੈ, ਉਥੇ ਇਹ ਮਹਾਂਮਾਰੀ ਹੈ।”