ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਗੁਰਦੁਆਰਾ ਕਮੇਟੀ ਵਿਚ ਸ਼ਨੀਵਾਰ ਨੂੰ ਵਿਰੋਧੀ ਪਾਰਟੀ ਦੇ ਮੈਂਬਰਾਂ ਵਲੋਂ ਅਚਾਨਕ ਪਹੁੰਚ ਕੇ ਨਕਦੀ ਦੀ ਮਿਲਾਣ ਕਰਣ ਦਾ ਮਾਮਲਾ ਫਿਰ ਗਰਮਾਇਆ ਹੋਇਆ ਹੈ । ਜਿਕਰਯੋਗ ਹੈ ਕਿ ਵਿਰੋਧੀ ਧਿਰ ਵਲੋਂ ਕਮੇਟੀ ਵਿਚ 63 ਲੱਖ ਰੁਪਏ ਘੱਟ ਮਿਲਣ ਦਾ ਦਾਅਵਾ ਕੀਤਾ ਗਿਆ ਸੀ ਤੇ ਉਨ੍ਹਾਂ ਨੇ ਇਸ ਰਕਮ ਨੂੰ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਵਿਚ ਵਰਤਣ ਦੀ ਸ਼ੰਕਾ ਜ਼ਾਹਿਰ ਕੀਤੀ ਸੀ । ਸਾਰਾ ਦਿਨ ਕਮੇਟੀ ਅੰਦਰ ਗਰਮਾ ਗਰਮੀ ਦਾ ਮਾਹੌਲ ਰਿਹਾ ਸੀ, ਗੰਦੀਆਂ ਗਾਲ੍ਹਾਂ ਚਲੀਆਂ ਸਨ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਸੀ ।
ਇਸ ਮਾਮਲੇ ਵਿਚ ਸਿਰਸਾ, ਸਰਨਾ ਅਤੇ ਜੀਕੇ ਪਾਰਟੀ ਵਲੋਂ ਇਕ ਕੋਨਫਰੰਸ ਕੀਤੀ ਗਈ ਜਿਸ ਵਿਚ ਸਿਰਸਾ ਵਲੋਂ ਕਮੇਟੀ ਵਿਚ ਸਭ ਕੁਝ ਠੀਕ ਹੈ ਤੇ ਵਿਰੋਧੀ ਜਾਣਬੁਝ ਕੇ ਸਾਡੇ ਕੰਮ ਵਿਚ ਰੁਕਾਵਟਾਂ ਪਾ ਰਹੇ ਹਨ । ਉਨ੍ਹਾਂ ਦਸਿਆ ਕਿ ਜੀਕੇ ਸਮੇਂ 38 ਲੱਖ ਰੁਪਏ ਦੀ ਨਕਦੀ ਜੋ ਕਿ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਦੌਰਾਨ ਬੰਦ ਕੀਤੇ ਗਏ ਨੋਟ ਪਏ ਹੋਏ ਹਨ ਤੇ ਇਸ ਬਾਰੇ ਜੀਕੇ ਵਲੋਂ ਆਰ ਬੀ ਆਈ ਨੂੰ ਜੀਕੇ ਵਲੋਂ ਲਿਖੀ ਹੋਈ ਚਿੱਠੀ ਵੀ ਦਿਖਾਈ । ਉਨ੍ਹਾਂ ਨੇ ਵਿਰੋਧੀਆ ਤੇ ਕਈ ਗੰਭੀਰ ਇਲਜਾਮ ਲਗਾਏ ਅਤੇ ਮਾਮਲੇ ਨਾਲ ਜੁੜੀ ਇਕ ਵੀਡੀਓ ਵੀ ਦਿਖਾਈ ਸੀ । ਕਾਲਕਾ ਵਲੋਂ ਕਿਹਾ ਗਿਆ ਕਿ ਵਿਰੋਧੀ ਧਿਰ ਜਾਣਬੁਝ ਕੇ ਕੌਮ ਦਾ ਸਿਰ ਨੀਵਾਂ ਹੋਵੇ ਵਰਗੀ ਹਰਕਤਾਂ ਕਰ ਰਹੀ ਹੈ । ਕਮੇਟੀ ਵਿਚ ਆਈ ਪੁਲਿਸ ਬਾਰੇ ਸਿਰਸਾ ਨੇ ਕਿਹਾ ਕਿ ਪੁਲਿਸ ਦਾ ਗੁਰੂ ਘਰ ਵਿਚ ਆਣਾ ਗਲਤ ਹੈ ਤੇ ਵਿਰੋਧੀਆਂ ਨੇ ਇਹ ਵੱਡਾ ਗੁਨਾਹ ਕੀਤਾ ਹੈ ।
ਸਰਨਾ ਪਾਰਟੀ ਵਲੋਂ ਕਿਹਾ ਗਿਆ ਕਿ ਕਮੇਟੀ ਦੇ ਖਜ਼ਾਨੇ ਅੰਦਰ 1.32 ਕਰੋੜ ਦੱਸੇ ਗਏ ਸਨ ਜਿਨ੍ਹਾਂ ਵਿੱਚੋਂ 63 ਲੱਖ ਰੁਪਏ ਘੱਟ ਮਿਲੇ ਅਤੇ ਉਨ੍ਹਾਂ ਵਿੱਚੋਂ 38 ਲੱਖ ਰੁਪਏ ਜੋ ਸਰਕਾਰ ਨੋਟਬੰਦੀ ਦੌਰਾਨ ਬੰਦ ਕਰ ਚੁਕੀ ਹੈ ਓਹ ਮਿਲੇ ਹਨ । ਉਨ੍ਹਾਂ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਕਮੇਟੀ ਦੇ ਖਜ਼ਾਨੇ ਦੀ ਵਰਤੋਂ ਪੰਜਾਬ ਅੰਦਰ ਹੋਣ ਵਾਲੀਆਂ ਚੋਣਾਂ ਵਿਚ ਖਰਚਣ ਲਈ ਪੰਜਾਬ ਪਹੁੰਚਾਇਆ ਜਾ ਰਿਹਾ ਹੈ, ਕਮੇਟੀ ਦੇ ਮੈਂਬਰਾਂ ਨੂੰ ਗੱਡੀਆਂ ਲੈ ਕੇ ਦਿਤੀਆਂ ਜਾਂ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇਣ ਵਿਚ ਕਮੇਟੀ ਦਾ ਪੈਸਾ ਖਰਚ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਸਰਕਾਰ ਨੂੰ ਪਾਬੰਦੀਸ਼ੂਦਾ 38 ਲੱਖ ਰੁਪਏ ਦੀ ਤਹਿਕੀਕਾਤ ਕਰਣ ਦੀ ਅਪੀਲ ਕੀਤੀ ਅਤੇ ਕਮੇਟੀ ਤੇ ਮੁੜ ਰਿਸੀਵਰ ਲਗਾਣ ਦੀ ਆਪਣੀ ਮੰਗ ਦੋਹਰਾਈ ਹੈ ਜਿਸ ਲਈ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਅਤੇ ਹੋਰ ਵਿਭਾਗਾਂ ਨੂੰ ਚਿੱਠੀ ਵੀ ਲਿਖੀ ਹੈ ।
ਮਨਜੀਤ ਸਿੰਘ ਜੀਕੇ ਨੇ ਵੀ ਸਿਰਸਾ ਤੇ ਵਰਦੀਆਂ ਕਿਹਾ ਕਿ ਤੁਸੀ ਆਪਣੀ ਗਿਰਿਬਾਨ ਅੰਦਰ ਝਾਂਕੋ ਕਿ ਤੁਹਾਡੇ ਤੇ ਤਿੰਨ ਐਫ ਆਈ ਆਰ ਹੋਈਆਂ ਹਨ ਤੁਹਾਡੇ ਖਿਲਾਫ ਐਲ ਓ ਸੀ ਜ਼ਾਰੀ ਹੋਈ ਹੈ ਤੇ ਤੁਹਾਡਾ ਪਾਸਪੋਰਟ ਵੀ ਸਰਕਾਰ ਨੇ ਬੌਂਡ ਕਰ ਲਿੱਤਾ ਹੈ ਤੁਹਾਡੇ ਪਿਤਾ ਜੀ ਘਪਲੇਬਾਜ਼ੀ ਦੇ ਕੇਸ ਵਿਚ ਜੇਲ੍ਹ ਕੱਟ ਚੁੱਕੇ ਹਨ ਤੇ ਤੁਸਾਂ ਪੰਜਾਬੀ ਬਾਗ਼ ਅੰਦਰ ਇਕ ਵਿਧਵਾ ਬੀਬੀ ਦੀ ਕੋਠੀ ਤੇ ਕਬਜ਼ਾ ਕਰਣ ਦਾ ਨਾਲ ਹੋਈ ਵੀ ਪ੍ਰੋਪਰਟੀਆਂ ਤੇ ਜਬਰਨ ਕਬਜ਼ੇ ਕੀਤੇ ਹੋਏ ਹਨ ਕਿਉਂਕਿ ਇਹ ਕੰਮ ਤੁਹਾਨੂੰ ਵਿਰਾਸਤ ਵਿਚ ਮਿਲਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਜਦੋ ਨੋਟਬੰਦੀ ਹੋਈ ਓਸ ਸਮੇਂ ਅਸੀ ਇਨ੍ਹਾਂ ਨੂੰ ਬਦਲਵਾਣ ਦੀ ਗੱਲਬਾਤ ਕਰ ਰਹੇ ਸੀ ਤੇ ਕੁਝ ਸਮੇਂ ਬਾਅਦ ਹੀ ਅਸੀ ਪ੍ਰਧਾਨਗੀ ਛੱਡ ਦਿੱਤੀ ਸੀ ਮਗਰੋਂ ਤੁਸੀਂ ਪ੍ਰਧਾਨ ਬਣੇ ਸੀ ਤੇ ਕੇਂਦਰ ਦੀ ਭਾਜਪਾ ਸਰਕਾਰ ਵਿਚ ਤੁਸੀਂ ਐਮ ਐਲ ਏ ਸੀ ਅਤੇ ਮੌਜੂਦਾ ਸਕੱਤਰ ਹਰਮੀਤ ਸਿੰਘ ਕਾਲਕਾ ਕੌਂਸਲਰ ਸੀ ਤੁਹਾਡੇ ਨਾਲ ਹਰਸਿਮਰਤ ਵਜਾਰਤ ਅੰਦਰ ਕੇਦਰੀ ਮੰਤਰੀ ਸੀ ਕਿਉ ਨਹੀਂ ਓਸ ਸਮੇਂ ਤੁਸੀਂ ਇਸ ਪੈਸੇ ਲਈ ਬਣਦੀ ਕਾਰਵਾਈ ਕੀਤੀ । ਉਨ੍ਹਾਂ ਦਸਿਆ ਕਿ ਕਮੇਟੀ ਅੰਦਰ ਪੁਲਿਸ ਤੁਹਾਡੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਫੋਨ ਕਰਕੇ ਬੁਲਵਾਈ ਸੀ ਨਾ ਕਿ ਅਸੀ । ਜੀਕੇ ਨੇ ਵੀ ਕਮੇਟੀ ਦੇ ਪੈਸੇ ਦੀ ਵਰਤੋਂ ਪੰਜਾਬ ਅੰਦਰ ਹੋਣ ਵਾਲੀਆਂ ਚੋਣਾਂ ਵਿਚ ਵਰਤਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਜਿਸ ਲਈ ਉਨ੍ਹਾਂ ਨੇ ਵੀ ਕਮੇਟੀ ਅੰਦਰ ਹੋ ਰਹੀ ਹੇਰਾਫੇਰੀਆਂ ਦੀ ਜਾਂਚ ਕਰਵਾਣ ਦੀ ਮੰਗ ਕੀਤੀ ਹੈ । ਉਨ੍ਹਾਂ ਵਲੋਂ ਹੋਰ ਵੀ ਖੁਲਾਸੇ ਕੀਤੇ ਗਏ ਤੇ ਨਾਲ ਹੀ ਕਿਹਾ ਸਿਰਸਾ ਡਾਂਗਾਂ ਮਾਰਣ ਦੀ ਗੱਲ ਕਰਦਾ ਹੈ ਸਾਨੂੰ ਦੱਸੇ ਅਸੀ ਆਵਾਂਗੇ ਓਥੇ ਤੇ ਓਹ ਚਲਾਏ ਡਾਂਗਾਂ ।