ਫ਼ਤਿਹਗੜ੍ਹ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਂਪੁਰ ਨੇੜੇ ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾਣ ਵਾਲੀ ਪੰਜਾਬ ਫ਼ਿਲਮ ਸਿਟੀ ਦਾ ਨੀਂਹ ਪੱਥਰ ਰੱਖਿਆਂ । ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗੁਰਕੀਰਤ ਸਿੰਘ ਕੋਟਲੀ ਉਦਯੋਗ ਅਤੇ ਵਣਜ ਮੰਤਰੀ, ਰਣਦੀਪ ਸਿੰਘ ਨਾਭਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਬੱਸੀ ਪਠਾਣਾ ਦੇ ਐਮ ਐਲ ਏ ਜੀ ਪੀ ਸਿੰਘ ,ਮੋਹਾਲੀ ਦੇ ਮੇਅਰ ਜੀਤੀ ਸਿੱਧੂ ਸਮੇਤ ਅਧਿਕਾਰੀਆਂ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਫ਼ਿਲਮੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਬਾਲੀਵੁੱਡ ਸਟਾਰ ਉਪਾਸਨਾ ਸਿੰਘ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਪੰਮੀ ਬਾਈ,ਮਾਸਟਰ ਸਲੀਮ ਸਮੇਤ ਹੋਰ ਫ਼ਿਲਮ ਜਗਤ ਦੀਆਂ ਕਈ ਹਸਤੀਆਂ ਹਾਜ਼ਰ ਸਨ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬਟਵਾਰੇ ਤੋਂ ਪਹਿਲਾਂ ਸਮੁੱਚਾ ਫ਼ਿਲਮ ਉਦਯੋਗ ਪੁਰਾਣੇ ਪੰਜਾਬ ਦੇ ਲਾਹੌਰ ਵਿਚ ਚਲਦਾ ਸੀ। ਜੋ ਕਿ ਬਟਵਾਰੇ ਤੋਂ ਬਾਅਦ ਮੁੰਬਈ ਚਲਾ ਗਿਆ। ਅੱਜ ਵੀ ਜ਼ਿਆਦਾਤਰ ਫ਼ਿਲਮਾਂ ਵਿਚ ਪੰਜਾਬੀ ਸਭਿਆਚਾਰ, ਪੰਜਾਬੀ ਸੰਗੀਤ ਅਤੇ ਪੰਜਾਬੀ ਪਰਿਵਾਰਾਂ ਨੂੰ ਹੀ ਵਿਖਾਇਆ ਜਾਂਦਾ ਹੈ। ਪਰ ਇਹ ਸਾਡੇ ਲਈ ਮਾੜਾ ਰਿਹਾ ਕਿ ਫ਼ਿਲਮ ਉਦਯੋਗ ਨੂੰ ਪੰਜਾਬ ਵੱਲ ਨਹੀਂ ਖਿੱਚਿਆਂ ਜਾ ਸਕਿਆਂ। ਹੁਣ ਪੰਜਾਬ ਸਰਕਾਰ ਵੱਲੋਂ ਫ਼ਿਲਮ ਉਦਯੋਗ ਲਈ ਬਿਹਤਰੀਨ ਪਲੇਟਫ਼ਾਰਮ ਤਿਆਰ ਕਰਨ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ਿਲਮ ਸਿਟੀ ਦੇ ਆਉਣ ਨਾਲ ਪੰਜਾਬ ਵਿਚ ਫ਼ਿਲਮਾਂ ਦੇ ਉਦਯੋਗ ਨੂੰ ਵੱਡਾ ਹੁੰਗਾਰਾ ਮਿਲੇਗਾ।ਜਿਸ ਨਾਲ ਇਸ ਖ਼ਿੱਤੇ ਵਿਚ ਸਿੱਧੇ ਅਤੇ ਅਸਿੱਧੇ ਤੌਰ ਤੇ ਰੁਜ਼ਗਾਰ ਦੇ ਵੱਡੇ ਪੱਧਰ ਤੇ ਰਸਤੇ ਖੁੱਲ੍ਹਣਗੇ। ਇਸ ਦੇ ਇਲਾਵਾ ਸੂਬੇ ਨੂੰ ਵਿੱਤੀ ਫ਼ਾਇਦਾ ਵੀ ਹੋਵੇਗਾ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਜ਼ਰ ਹਸਤੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਸ਼ੂਟਿੰਗ ਦੌਰਾਨ ਕਲਾਕਾਰਾਂ ਦੀ ਸੁੱਰਖਿਆਂ ਦਾ ਪੂਰਾ ਧਿਆਨ ਰੱਖਿਆਂ ਜਾਵੇਗਾ। ਪੰਜਾਬ ਫ਼ਿਲਮ ਸਿਟੀ ਦੇ ਪ੍ਰਮੋਟਰ ਅਪਜਿੰਦਰ ਸਿੰਘ ਚੀਮਾ ਅਤੇ ਇਕਲਾਬ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਕਿਵੇਂ ਵਧਿਆ ਹੈ। ਇਹ ਹੁਣ ਪਹਿਲਾਂ ਨਾਲੋਂ ਵੀ ਮਹੱਤਵਪੂਰਨ ਹੈ ਕਿ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦਾ ਚੰਡੀਗੜ ਦੇ ਨੇੜੇ ਆਪਣਾ ਸਥਾਈ ਆਧਾਰ ਹੋਵੇ, ਜਿਸ ਨੂੰ ਉਦਯੋਗ ਅਪਣਾ “ਘਰ“ ਕਹਿ ਸਕੇ। ਇਸੇ ਉਦੇਸ਼ ਨਾਲ ਹੀ ਪੰਜਾਬ ਫਿਲਮ ਸਿਟੀ ਦੇ ਪ੍ਰੋਜੈਕਟ ਦੀ ਕਲਪਨਾ ਕੀਤੀ ਗਈ ਹੈ।
ਪੰਜਾਬ ਫਿਲਮ ਸਿਟੀ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਦੇ ਨਿਰਮਾਤਾਵਾਂ ਨੂੰ ਵਿਆਪਕ ਬੁਨਿਆਦੀ ਢਾਂਚਾ ਤਿਆਰ ਕਰਕੇ ਨਵੇਂ ਮੌਕੇ ਖੇਤਰ ਪ੍ਰਦਾਨ ਕਰਵਾਏਗੀ। ਪੰਜਾਬ ਫਿਲਮ ਸਿਟੀ ਸਭ ਤੋਂ ਪਹਿਲਾਂ ਪੇਸ਼ੇਵਰ ਤੌਰ ‘ਤੇ ਪੂਰੀ ਤਰਾਂ ਨਾਲ ਪ੍ਰਬੰਧਿਤ ਫਿਲਮ ਸਿਟੀ ਜਿਸਦੇ ਵਿੱਚ ਸੂਟਿੰਗ ਫਲੈਰ, ਬੈਕ ਲਾਟ, ਸ਼ੂਟਿੰਗ ਰੇਂਜ, ਥੀਮਡ ਅਤੇ ਜਨਰਲ ਸੈੱਟ ਹੋਣਗੇ ਇਸਦੇ ਨਾਲ ਨਾਲ ਸਾਜੋ-ਸਾਮਾਨ, ਟੈਕਨੀਸ਼ੀਅਨ ਅਤੇ ਸ਼ੂਟਿੰਗ ਭੂ ਦੀ ਸੁਵਿਧਾਵਾਂ ਪ੍ਰਦਾਨ ਕਰੇਗੀ।
ਉਪਰੋਕਤ ਤੋਂ ਇਲਾਵਾ, ਪੰਜਾਬ ਫਿਲਮ ਸਿਟੀ ਰਿਹਾਇਸ, ਬੋਰਡਿੰਗ ਅਤੇ ਸਹਾਇਕ ਸੇਵਾਵਾਂ ਦੀ ਵੀ ਸਹੂਲਤ ਦੇਵੇਗੀ।
ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਵਧੀਕ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸੇਨੂੰ ਦੁੱਗਲ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਵੱਖ ਵੱਖ ਪ੍ਰੋਡਕਸ਼ਨ ਹਾਊਸ ਦੇ ਮਾਲਕਾਂ, ਪ੍ਰੋਡੂਉਸਰਾਂ ਅਤੇ ਡਾਇਰੈਕਟਰਾਂ ਨੇ ਪੰਜਾਬ ਫ਼ਿਲਮ ਸਿਟੀ ਵਿਚ ਛੇਤੀ ਹੀ ਸ਼ੂਟਿੰਗ ਹੋਣ ਦੀ ਕਾਮਨਾ ਕੀਤੀ।