ਫ਼ਤਹਿਗੜ੍ਹ ਸਾਹਿਬ – “ਕੋਵਿਡ ਬਿਮਾਰੀ ਨਵੰਬਰ ਦੇ ਅੰਤ ਤੱਕ ਪੰਜਾਬ ਵਿਚ 300% ਵੱਧ ਜਾਵੇਗੀ । ਜੋ ਕਿ ਪੰਜਾਬ ਨਿਵਾਸੀਆ ਲਈ ਗਹਿਰੀ ਚਿੰਤਾ ਵਾਲੀ ਗੱਲ ਹੈ । ਕਿਉਂਕਿ ਇਸ ਕੋਵਿਡ ਨਾਲ ਬੀਤੇ ਸਮੇ ਵਿਚ ਇੰਡੀਆਂ ਅਤੇ ਕੌਮਾਂਤਰੀ ਪੱਧਰ ਤੇ ਹੋਰ ਮੁਲਕਾਂ ਵਿਚ ਭਾਰੀ ਗਿਣਤੀ ਵਿਚ ਇਨਸਾਨੀ ਮੌਤਾਂ ਹੋ ਚੁੱਕੀਆ ਹਨ । ਇਸ ਕੋਵਿਡ ਬਿਮਾਰੀ ਦੇ ਵੱਧਣ ਦੀ ਗੱਲ ਦੀ ਜਾਣਕਾਰੀ ਕੈਮਬਰਿਜ ਜੱਜ ਬਿਜਨੈਸ ਸਕੂਲ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਕੋਨੋਮਿਕ ਦੇ ਮਾਹਿਰਾਂ ਵੱਲੋ ਇਕ ਸੋਸਲ ਰਿਸਰਚ ਦੁਆਰਾ ਸਾਹਮਣੇ ਆਈ ਹੈ । ਜੋ ਕਿ ਇੰਗਲਿਸ ਦੇ ”ਇਕੋਨੋਮਿਕ ਟਾਈਮਜ਼” ਮਿਤੀ 15 ਨਵੰਬਰ 2021 ਦੇ ਅੰਕ ਵਿਚ ਪ੍ਰਕਾਸ਼ਿਤ ਹੋਈ ਹੈ । ਇਸ ਬਿਮਾਰੀ ਦੇ ਤੇਜ਼ੀ ਨਾਲ ਵੱਧਣ ਦੇ ਮਾਰੂ ਨਤੀਜਿਆ ਤੋ ਜਿਥੇ ਸਮੁੱਚੇ ਪੰਜਾਬ ਦੇ ਨਿਵਾਸੀਆ ਨੂੰ ਹਰ ਪੱਖੋ ਸੁਚੇਤ ਰਹਿਕੇ ਵਿਚਰਣਾ ਪਵੇਗਾ, ਉਥੇ ਸਿਹਤ ਵਿਭਾਗ ਪੰਜਾਬ ਆਪਣੀ ਸਰਕਾਰੀ, ਇਨਸਾਨੀਅਤ ਪੱਖੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਦੇ ਸਮੁੱਚੇ ਸਰਕਾਰੀ ਹਸਪਤਾਲਾਂ, ਡਿਸਪੈਸਰੀਆਂ, ਸਿਹਤ ਕੇਦਰਾਂ ਵਿਚ ਵੈਟੀਲੇਟਰ, ਵੈਕਸੀਨ ਅਤੇ ਹੋਰ ਕੋਵਿਡ ਰੋਕੂ ਸਮੱਗਰੀ ਅਤੇ ਉਚੇਚੇ ਤੌਰ ਤੇ ਤੁਜਰਬੇਕਾਰ ਸਟਾਫ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨਿਭਾਏ ਤਾਂ ਕਿ ਇਹ ਕੋਵਿਡ ਦੀ ਬਿਮਾਰੀ ਜਿਸਦੀ ਤੇਜ਼ੀ ਨਾਲ ਵੱਧਣ ਦੀ ਗੱਲ ਸਾਹਮਣੇ ਆਈ ਹੈ, ਉਹ ਪੰਜਾਬੀਆਂ ਦਾ ਹੋਰ ਨੁਕਸਾਨ ਨਾ ਕਰ ਸਕੇ ।”
ਇਹ ਜਾਣਕਾਰੀ ਅੱਜ ਇਥੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ, ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਾਰਟੀ ਉਮੀਦਵਾਰ ਸ. ਇਮਾਨ ਸਿੰਘ ਮਾਨ ਅਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਵੱਲੋ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਗੰਭੀਰ ਮਸਲੇ ਉਤੇ ਦਵਾਈਆ, ਵੈਕਸੀਨ, ਵੈਟੀਲੇਟਰ ਤੇ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਆਪਣੀ ਇਨਸਾਨੀਅਤ ਪੱਖੀ ਅਤੇ ਪੰਜਾਬ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨਿਰੀਖਣ ਕਰਦੇ ਹੋਏ ਇਕ ਪ੍ਰੈਸ ਮਿਲਣੀ ਦੌਰਾਨ ਦਿੱਤੀ । ਉਨ੍ਹਾਂ ਕਿਹਾ ਕਿਉਂਕਿ ਅਸੀਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨਾਲ ਸੰਬੰਧਤ ਹਾਂ ਪਰ ਪੰਜਾਬ ਦੇ ਸਮੁੱਚੇ ਵਰਗਾਂ ਦੇ ਨਿਵਾਸੀਆ ਦੀਆਂ ਕੀਮਤੀ ਜਾਨਾਂ ਨੂੰ ਸੁਰੱਖਿਅਤ ਕਰਨ, ਇਨਸਾਨੀਅਤ ਪ੍ਰਤੀ ਜ਼ਿੰਮੇਵਾਰੀਆ ਨੂੰ ਪੂਰਨ ਕਰਨਾ ਅਤੇ ਸੁਚੇਤ ਕਰਨਾ ਸਾਡੀ ਇਖਲਾਕੀ ਤੇ ਇਨਸਾਨੀਅਤ ਵਾਲੀ ਜ਼ਿੰਮੇਵਾਰੀ ਵੀ ਬਣਦੀ ਹੈ । ਸ. ਮਾਨ ਤੇ ਸ. ਟਿਵਾਣਾ ਨੇ ਸਾਂਝੇ ਤੌਰ ਤੇ ਸਮੁੱਚੇ ਪੰਜਾਬ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ, ਡੇਗੂ ਅਤੇ ਇਸ ਨਾਲ ਸੰਬੰਧਤ ਇਨਫੈਕਸਨ ਬਿਮਾਰੀਆ ਤੋ ਆਪਣੇ-ਆਪ ਨੂੰ ਦੂਰ ਰੱਖਣ ਲਈ ਜਿਥੇ ਅਤਿ ਸੁਚੇਤਾ ਦੀ ਜਰੂਰਤ ਹੈ, ਉਥੇ ਇਸ ਬਿਮਾਰੀ ਸੰਬੰਧੀ ਕਿਸੇ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ਉਤੇ ਫੌਰੀ ਸੰਬੰਧਤ ਹਸਪਤਾਲ, ਡਿਸਪੈਸਰੀ, ਸਿਹਤ ਕੇਦਰ ਅਤੇ ਡਾਕਟਰਾਂ ਨਾਲ ਸੰਪਰਕ ਕਰਨਾ ਵੀ ਬਣਦਾ ਹੈ । ਕਿਉਂਕਿ ਸਮੁੱਚੇ ਸੰਸਾਰ ਵਿਚ ਕੋਵਿਡ ਬਿਮਾਰੀ ਦੇ ਫੈਲਣ ਸਮੇ ਜਦੋ ਇਸ ਬਿਮਾਰੀ ਨਾਲ ਪੀੜ੍ਹਤ ਜਾਂ ਮੌਤ ਦੇ ਮੂੰਹ ਵਿਚ ਜਾ ਚੁੱਕੇ ਇਨਸਾਨ ਦੇ ਰਿਸਤੇਦਾਰ, ਸੰਬੰਧੀ ਵੀ ਸੰਸਕਾਰ ਸਮੇ ਵੀ ਦੂਰ ਰਹਿੰਦੇ ਸਨ, ਉਸ ਸਮੇ ਵਿਦੇਸ਼ਾਂ ਵਿਚ ਤੇ ਇੰਡੀਆ ਵਿਚ ਵੱਸਣ ਵਾਲੀ ਸਿੱਖ ਕੌਮ ਨੇ ਆਪਣੇ ਵਿਰਸੇ ਅਤੇ ਵਿਰਾਸਤ ਤੋ ਮਿਲੀ ਅਗਵਾਈ ਅਨੁਸਾਰ ਕੇਵਲ ਵੱਡੇ ਪੱਧਰ ਤੇ ਵੈਕਸੀਨ, ਆਕਸੀਜਨ-ਗੈਸ, ਵੈਟੀਲੇਟਰ, ਕੋਵਿਡ ਬਚਾਓ ਕਿੱਟਾ, ਲੰਗਰ, ਕੱਪੜੇ, ਬੈਡ ਆਦਿ ਦੀ ਸੇਵਾ ਰਾਹੀ ਆਪਣੇ ਫਰਜਾਂ ਨੂੰ ਬਿਨ੍ਹਾਂ ਕਿਸੇ ਸਵਾਰਥ ਦੇ ਪੂਰਨ ਵੀ ਕੀਤਾ ਅਤੇ ਆਪਣੇ ਸੱਚੇ-ਸੁੱਚੇ ਸਿੱਖ ਧਰਮ ਦੇ ਮਨੁੱਖਤਾ ਪੱਖੀ ਸੰਦੇਸ ਨੂੰ ਸਮੁੱਚੇ ਮੁਲਕਾਂ ਵਿਚ ਭੇਜਣ ਵਿਚ ਵੀ ਯੋਗਦਾਨ ਪਾਇਆ । ਅਸੀਂ ਵੀ ਉਸੇ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਅਜਿਹੇ ਸਮੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਦੇ ਇਨਸਾਨੀਅਤ ਦੀ ਸੇਵਾ ਕਰਨ, ਲੋੜਵੰਦਾਂ, ਪੀੜਤਾਂ, ਬੇਸਹਾਰਿਆ, ਮਜਲੂਮਾਂ ਦੇ ਸੰਗ ਖੜਨ ਵਿਚ ਫਖ਼ਰ ਮਹਿਸੂਸ ਕਰਦੇ ਹਾਂ । ਸਿਆਸੀ ਕਾਰਵਾਈਆ ਤੋ ਇਲਾਵਾ ਇਸ ਦਿਸ਼ਾ ਵੱਲ ਜੋ ਸਾਡੀਆ ਜ਼ਿੰਮੇਵਾਰੀਆ ਬਣਦੀਆ ਹਨ, ਉਨ੍ਹਾਂ ਤੋ ਅਸੀ ਕਦੀ ਵੀ ਨਾ ਪਹਿਲਾ ਪਿੱਛੇ ਹੱਟੇ ਹਾਂ ਨਾ ਅੱਜ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਕਰਾਂਗੇ । ਆਗੂਆਂ ਨੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਤੇ ਸਿਹਤ ਵਿਭਾਗ ਦੇ ਸੰਬੰਧਤ ਵਜੀਰ ਤੇ ਅਧਿਕਾਰੀਆ ਨੂੰ ਕੈਮਬਰਿਜ ਜੱਜ ਬਿਜਨੈਸ ਸਕੂਲ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਕੋਨੋਮਿਕ ਵੱਲੋ ਕੀਤੀ ਰਿਸਰਚ ਉਤੇ ਪਹਿਲੋ ਹੀ ਇਸਦੇ ਮੁਕਾਬਲੇ ਲਈ ਤਿਆਰ-ਬਰ-ਤਿਆਰ ਰਹਿਣ ਦੀ ਜਿਥੇ ਅਪੀਲ ਕੀਤੀ, ਉਥੇ ਸਮੁੱਚੇ ਪੰਜਾਬੀਆ ਨੂੰ ਵੀ ਅਜਿਹੇ ਸਮੇ ਆਪਸੀ ਪਿਆਰ-ਮਿਲਵਰਤਨ ਅਤੇ ਸਦਭਾਵਨਾ ਦੇ ਇਨਸਾਨੀਅਤ ਪੱਖੀ ਗੁਣਾਂ ਰਾਹੀ ਅਜਿਹੀਆ ਆਫਤਾ ਨੂੰ ਖਤਮ ਕਰਨ ਲਈ ਸੱਦਾ ਵੀ ਦਿੱਤਾ ।