ਗੁਰ ਨਾਨਕ ਜਦ ਪਰਗਟਿਆ,
ਦੁਨੀਆਂ ‘ਤੇ ਚਾਨਣ ਹੋਇਆ।
ਤ੍ਰਿਪਤਾ ਮਾਂ ਨੂੰ ਦੇਣ ਵਧਾਈਆਂ,
ਅਰਸ਼ੋਂ ਪਰੀਆਂ ਆਈਆਂ।
ਫਿਰ ਚੰਨ -ਸਿਤਾਰੇ ਮੱਥਾ ਟੇਕਣ,
ਸੂਰਜ ਰਿਸ਼ਮਾਂ ਪਾਈਆਂ।
ਮਹਿਤਾ ਕਾਲੂ ਸ਼ੁਕਰ ਮਨਾਇਆ;
ਦਰਸ਼ਨ ਕਰਨ ਖਲੋਇਆ,
ਗੁਰ ਨਾਨਕ ਜਦ ਪਰਗਟਿਆ,
ਦੁਨੀਆਂ ‘ਤੇ ਚਾਨਣ ਹੋਇਆ।
ਸਭ ਦੇਵੀ- ਦੇਵਤਿਆਂ ਨੇ ਮਿਲ ਕੇ,
ਰੱਬ ਦਾ ਸ਼ੁਕਰ ਮਨਾਇਆ।
ਕੱਤਕ ਦੀ ਪੂਰਨਮਾਸ਼ੀ ਨੂੰ ਫਿਰ,
ਸਭ ਨੇ ਸੀਸ ਝੁਕਾਇਆ।
ਖ਼ੁਸ਼ੀਆਂ ਵਿਚ ਹੀ ਭੈਣ ਨਾਨਕੀ;
ਤੇਲ ਬੂਹੇ ਤੇ ਚੋਇਆ,
ਗੁਰ ਨਾਨਕ ਜਦ ਪਰਗਟਿਆ,
ਦੁਨੀਆਂ ‘ਤੇ ਚਾਨਣ ਹੋਇਆ।
ਉਹ ਸੱਚਾ–ਸੌਦਾ ਕਰਨ ਗਏ ਤਾਂ,
ਭੁੱਖਿਆਂ ਤਾਈਂ ਰੱਜਾਇਆ।
ਸੱਭ ਤੇਰਾ-ਤੇਰਾ, ਹੀ ਤੋਲਣ ਵਾਲਾ,
ਘਾਟਾ ਨਜ਼ਰ ਨਾ ਆਇਆ।
ਨਾਨਕ ਜਾਣੀ – ਜਾਣ ਗੁਰਾਂ ਨੇ;
ਕੁਝ ਨਾ ਆਪ ਲਕੋਇਆ,
ਗੁਰ ਨਾਨਕ ਜਦ ਪਰਗਟਿਆ,
ਦੁਨੀਆਂ ‘ਤੇ ਚਾਨਣ ਹੋਇਆ।
‘ਸੁਹਲ’ ਸਿੱਖੀ ਦਾ, ਬੂਟਾ ਜੱਗ ਤੇ,
ਗੁਰੁ ਨਾਨਕ ਨੇ ਲਾਇਆ।
ਊਚ – ਨੀਚ ਦਾ, ਭੇਤ ਮਿਟਾ ਕੇ,
ਸਭ ਨੂੰ ਗਲੇ ਲਗਾਇਆ।
ਉਨ੍ਹਾਂ ਹੱਥੀਂ ਕੀਤੀ ਕਿਰਤ ਕਮਾਈ:
ਕਰਤਾਰ ਪੁਰੇ ਹੱਲ ਜੋਇਆ,
ਗੁਰ ਨਾਨਕ ਜਦ ਪਰਗਟਿਆ,
ਦੁਨੀਆਂ ‘ਤੇ ਚਾਨਣ ਹੋਇਆ।