ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲੀਵੁਡ ਦੀ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਜਾਵੇਗਾ ਤੇ ਉਸਨੁੰ ਸਲਾਖਾਂ ਪਿੱਛੇ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਕੰਗਣਾ ਰਣੌਤ ਵੱਲੋਂ ਸਿੱਖ ਭਾਈਚਾਰੇ ਖਿਲਾਫ ਸੋੋਸ਼ਲ ਮੀਡੀਆ ‘ਤੇ ਪਾਈਆਂ ਨਫਰਤ ਭਰੀਆਂ ਪੋਸਟਾਂ ‘ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਕੰਗਣਾ ਰਣੌਤ ਲਗਾਤਾਰ ਸਿੱਖ ਭਾਈਚਾਰੇ ਦੇ ਖਿਲਾਫ ਪੋਸਟਾਂ ਪਾ ਰਹੀ ਹੈ ਤੇ ਹੁਣ ਉਸਨੇ ਇੰਦਰਾ ਗਾਂਧੀ ਦੀ ਵਡਿਆਈ ਕਰਦਿਆਂ ਸਿੱਖਾਂ ਨੂੰ ਮੱਛਰ ਆਖਿਆ ਹੈ। ਉਹਨਾਂ ਕਿਹਾ ਕਿ ਕੰਗਣਾ ਨੇ ਜੇਕਰ ਸਿੱਖਾਂ ਦਾ ਇਤਿਹਾਸ ਜਾਨਣਾ ਹੈ ਤਾਂ ਫਿਰ ਉਹ ਜ਼ਕਰੀਆ ਖਾਨ, ਅਹਿਮਦ ਸ਼ਾਹ ਅਬਦਾਲੀ ਤੇ ਜਨਰਲ ਡਾਇਰ ਦੇ ਪਰਿਵਾਰਾਂ ਨੁੰ ਜਾ ਕੇ ਪੁੱਛੇ ਉਸਨੁੰ ਆਪਣੇ ਆਪ ਸਿੱਖਾਂ ਬਾਰੇ ਗਿਆਨ ਪ੍ਰਾਪਤ ਹੋ ਜਾਵੇਗਾ।
ਸਰਦਾਰ ਸਿਰਸਾ ਨੇ ਕੰਗਣਾ ਰਣੌਤ ਦੇ ਮਾਪਿਆਂ ਨੂੰ ਵੀ ਆਖਿਆ ਕਿ ਉਹ ਆਪਣੀ ਧੀ ਨੂੰ ਸੰਭਾਲ ਲੈਣ ਤੇ ਕਿਤੇ ਉਸਦੇ ਕੁਚਲਣ ਵਰਗੇ ਸ਼ਬਦਾਂ ਦੀ ਵਰਤੋਂ ਵਾਲੇ ਬਿਆਨ ‘ਤੇ ਕੁਝ ਹੋਰ ਹੀ ਨਾ ਹੋ ਜਾਵੇ।
ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੰਗਣਾ ਰਣੌਤ ਮਾਨਸਿਕ ਤੌਰ ‘ਤੇ ਬਿਮਾਰ ਹੈ ਤੇ ਉਸਨੂੰ ਸੁਰੱਖਿਆ ਦੀ ਨਹੀਂ ਬਲਕਿ ਹਸਪਤਾਲ ਦੀ ਲੋੜ ਹੈ ਜਿਥੇ ਉਸਦਾ ਇਲਾਜ ਹੋ ਸਕੇ। ਉਹਨਾਂ ਕਿਹਾ ਕਿ ਉਸਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਖੇਤੀ ਕਾਨੁੰਨ ਵਾਪਸ ਲੈਣ ਦੇ ਫੈਸਲੇ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਿੱਖਾਂ ਨੂੰ ਖਾਲਿਸਤਾਨੀ ਤੇ ਅਤਿਵਾਦੀ ਦੱਸਿਆ ਹੈ। ਉਹਨਾਂ ਕਿਹਾ ਕਿ ਆਪਣੀ ਪੋਸਟ ਵਿਚ ਕੰਗਣਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਡਿਆਈ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਉਸਨੇ ਸਿੱਖਾਂ ਨੂੰ ਪੈਰਾਂ ਹੇਠ ਕੁਚਲਿਆ ਤੇ ਮੱਛਰ ਸਮਝਿਆ।
ਸਰਦਾਰ ਸਿਰਸਾ ਨੇ ਕਿਹਾ ਕਿ ਕੰਗਣਾ ਦਾ ਇਹ ਬੇਹੱਦ ਘਟੀਆ ਬਿਆਨ ਹੈ ਜੋ ਉਸਦੀ ਬਿਮਾਰ ਮਾਨਸਿਕਤਾ ਦਰਸਾਉਂਦਾ ਹੈ।
ਉਹਨਾਂ ਕਿਹਾ ਕਿ ਅਸੀਂ ਭਾਵੇਂ ਪਹਿਲਾਂ ਵੀ ਇਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸਦੀ ਪੈਰਵੀ ਸਹੀ ਨਹੀਂ ਹੋ ਸਕੀ ਸੀ ਪਰ ਹੁਣ ਅਸੀਂ ਇਸਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾਵਾਂਗੇ ਤੇ ਜੇਲ੍ਹ ਵੀ ਛੱਡ ਕੇ ਆਵਾਂਗੇ।