ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਅੱਜ ਦਿੱਲੀ ਗੁਰੁਦਆਰਾ ਕਮੇਟੀ ਦੀ ਟੀਮ ਨੇ ਵਿਵਾਦਗ੍ਰਸਤ ਕੰਗਣਾ ਰਣੌਤ ਵੱਲੋਂ ਕਿਸਾਨਾਂ ਤੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਦੇ ਮਾਮਲੇ ਵਿਚ ਮੁੰਬਈ ਦੇ ਖਾਰ ਪੁਲਿਸ ਥਾਣੇ ਵਿਚ ਐਫ ਆਈ ਆਰ ਦਰਜ ਕਰਵਾਈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਦਾਰ ਸਿਰਸਾ ਨੇ ਦੱਸਿਆ ਕਿ ਉਹ ਆਪਣੀਆਂ ਵਿਵਾਦਗ੍ਰਸਤ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸਮਾਜ ਵਿਚ ਫਿਰੂਕ ਜ਼ਹਿਰ ਘੋਲਣ ਤੇ ਨਫਰਤ ਫੈਲਾਉਣ ਦਾ ਕੰਮ ਕਰ ਰਹੀ ਹੈ।
ਬਾਅਦ ਵਿਚ ਸਰਦਾਰ ਸਿਰਸਾ ਦੀ ਅਗਵਾਈ ਵਿਚ ਵਫਦ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਸ੍ਰੀ ਦਲੀਪ ਵਸੇ ਪਾਟਿਲ ਨਾਲ ਵੀ ਮੁਲਾਕਾਤ ਤੇ ਉਹਨਾਂ ਨੂੰ ਸਾਰੇ ਮਾਮਲੇ ਤੋੋਂ ਜਾਣੂ ਕਰਵਾਇਆ ਅਤੇ ਰਣੌਤ ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਮੀਟਿੰਗਾਂ ਤੋਂ ਬਾਅਦ ਸਰਦਾਰ ਸਿਰਸਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ ਜਿਸ ਦੌਰਾਲ ਸ੍ਰੀ ਪਾਟਿਲ ਨੇ ਵਫਦ ਨੁੰ ਭਰੋਸਾ ਦੁਆਇਆ ਕਿ ਸੂਬਾ ਪੁਲਿਸ ਕੰਗਣਾ ਦੇ ਖਿਲਾਫ ਕਾਨੂੰਨ ਮੁਤਾਬਕ ਤੇਜ਼ ਰਫਤਾਰ ਕਾਰਵਾਈ ਕਰੇਗੀ ਅਤੇ ਫਿਰਕੂ ਨਫਰਤ ਫੈਲਾਉਣ ਦੇ ਮਾਮਲੇ ਵਿਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਜੁਆਇੰਟ ਕਮਿਸ਼ਨਰ ਆਫ ਪੁਲਿਸ ਵੈਸਟ ਰੀਜਨ ਮੁੰਬਈ ਸ੍ਰੀ ਸੰਦੀਪ ਪੀ ਕਾਰਕਿਨ ਨਾਲ ਹੋਈ ਮੀਟਿੰਗ ਵਿਚ ਵਫਦ ਨੇ ਪੁਲਿਸ ਨੂੰ ਕੰਗਣਾ ਰਣੌਤ ਦੀਆਂ ਹਰਕਤਾਂ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਵਫਦ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੇਕਰ ਉਹ ਮਾਨਸਿਕ ਰੋਗੀ ਹੈ ਤਾਂ ਉਸਦਾ ਹਸਪਤਾਲ ਵਿਚ ਇਲਾਜ ਕਰਵਾਇਆ ਜਾਵੇ ਅਤੇ ਜੇਕਰ ਉਹ ਨਸ਼ੇੜੀ ਹੈ ਤਾਂ ਉਸਨੁੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ ਪਰ ਜੇਕਰ ਉਹ ਜਾਣ ਬੁੱਝ ਕੇ ਅਜਿਹੀਆਂ ਪੋਸਟਾਂ ਪਾ ਕੇ ਸਮਾਜ ਵਿਚ ਨਫਰਤ ਫੈਲਾ ਰਹੀ ਹੈ ਤੇ ਉਸਨੁੰ ਤੁਰੰਤ ਗ੍ਰਿਫਤਾਰ ਕਰ ਕੇ ਜੇਲ੍ਹ ਵਿਚ ਡੱਕਿਆ ਜਾਵੇ।
ਸ੍ਰੀ ਸਿਰਸਾ ਨੇ ਦੱਸਿਆ ਕਿ ਸ੍ਰੀ ਕਾਰਨਿਕ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਕੋਈ ਵੀ ਕਾਨੁੰਨ ਤੋਂ ਉਪਰ ਨਹੀਂ ਹੈ ਤੇ ਜੋ ਕੋਈ ਵੀ ਫਿਰਕੂ ਨਫਰਤ ਫੈਲਾਏਗਾ ਤੇ ਸਮਾਜ ਵਿਚ ਅਮਨ ਸ਼ਾਂਤੀ ਤੇ ਸਦਭਾਵਨਾ ਭੰਗ ਕਰੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਖਾਰ ਪੁਲਿਸ ਥਾਣੇ ਵਿਚ ਵਫਦ ਨੇ ਪੁਲਿਸ ਨੁੰ ਕੰਗਣਾ ਰਣੌਤ ਵੱਲੋਂ ਇੰਸਟਾਗ੍ਰਾਮ ‘ਤੇ ਪਾਈਆ ਪੋਸਟਾਂ ਬਾਰੇ ਦੱਸਿਆ ਤੇ ਦੱਸਿਆ ਕਿ ਉਹ ਜਾਣ ਬੁੱਝ ਕੇ ਅਜਿਹੀਆਂ ਪੋਸਟਾਂ ਪਾ ਰਹੀ ਹੈ ਤੇ ਕਿਸਾਨਾਂ ਨੂੰ ਖਾਲਿਸਤਾਨੀ ਦੱਸ ਰਹੀ ਹੈ ਤੇ ਸਿੱਖਾਂ ਨੂੰ ਵੀ ਖਾਲਿਸਤਾਨੀ ਅਤਿਵਾਦੀ ਦੱਸ ਰਹੀ ਤੇ 1984 ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕਰ ਕੇ ਇੰਦਰਾ ਗਾਂਧੀ ਦੇ ਸੋਹਲੇ ਗਾ ਕੇ ਦਾਅਵੇ ਕਰ ਰਹੀ ਹੈ ਕਿ ਇੰਦਰਾ ਗਾਂਧੀ ਨੇ ਸਿੱਖਾਂ ਨੁੰ ਮੱਛਰਾਂ ਵਾਂਗ ਪੈਰਾਂ ਹੇਠ ਕੁਚਲ ਦਿੱਤਾ। ਵਫਦ ਨੇ ਦੱਸਿਆ ਕਿ ਉਸਦੀਆਂ ਹਰਕਤਾਂ ਕਾਰਨ ਦੁਨੀਆਂ ਭਰ ਵਿਚ ਬੈਠੇ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ।
ਵਫਦ ਨੇ ਪੁਲਿਸ ਨੂੰ ਉਸ ਵੱਲੋਂ ਇੰਸਟਾਗ੍ਰਾਮ ‘ਤੇ ਪਾਈ ਪੋਸਟ ਦੀ ਕਾਪੀ ਵੀ ਸੌਂਪੀ ਤੇ ਮੰਗ ਕੀਤੀ ਕਿ ਉਸਨੁੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਜੇਲ੍ਹ ਭੇਜਿਆ ਜਾਵੇ।