ਫ਼ਤਹਿਗੜ੍ਹ ਸਾਹਿਬ – “ਹਰਮਨ ਪਿਆਰੀ, ਪੰਜਾਬੀ ਵਿਰਸੇ-ਵਿਰਾਸਤ `ਤੇ ਅਧਾਰਿਤ ਅਰਥ ਭਰਪੂਰ ਸਾਫ਼-ਸੁਥਰੀ ਗਾਇਕਾਂ ਗੁਰਮੀਤ ਕੌਰ ਬਾਵਾ ਦੇ ਅਚਾਨਕ ਇਸ ਫਾਨੀ ਦੁਨੀਆਂ ਤੋਂ ਅਲਵਿਦਾ ਕਹਿ ਜਾਣ ਉਤੇ ਸਮੁੱਚੇ ਪੰਜਾਬੀਆਂ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ, ਪੰਜਾਬ, ਪੰਜਾਬੀਅਤ ਅਤੇ ਆਪਣੇ ਵਿਰਸੇ-ਵਿਰਾਸਤ ਨਾਲ ਆਪਣੇ ਇਖਲਾਕ ਨਾਲ ਪਿਆਰ ਹੈ, ਉਨ੍ਹਾਂ ਨੂੰ ਇਕ ਅਸਹਿ ਅਤੇ ਅਕਹਿ ਕਦੀ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ । ਉਨ੍ਹਾਂ ਦੀ ਸੁਰੀਲੀ ਮਿੱਠੀ ਆਵਾਜ਼ ਵਿਚ ਜਿਥੇ ਇਕ ਅਲੋਕਿਕ ਖਿੱਚ ਸੀ, ਉਥੇ ਉਨ੍ਹਾਂ ਨੇ ਆਪਣੇ ਸ਼ਬਦਾਂ ਰਾਹੀ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀ ਬੋਲੀ ਤੇ ਭਾਸ਼ਾ ਦੀ ਇਕ ਸਦਾ ਯਾਦ ਰੱਖਣਯੋਗ ਸੇਵਾ ਆਪਣੇ ਬੋਲਾਂ ਰਾਹੀ ਕੀਤੀ ਹੈ ਅਤੇ ਸਾਨੂੰ ਆਪਣੀ ਇਸ ਗਾਇਕੀ ਰਾਹੀ ਸੰਗੀਨ ਨਾਲ ਜੋੜਨ ਦੇ ਨਾਲ-ਨਾਲ ਵੱਡੀਆ ਖੁਸ਼ੀਆਂ ਵੀ ਪ੍ਰਦਾਨ ਕਰਦੇ ਰਹੇ ਹਨ । ਅਜਿਹੀਆ ਨੇਕ ਪਵਿੱਤਰ ਰੂਹਾਂ ਦੀ ਹਰ ਪਰਿਵਾਰ, ਸਮਾਜ, ਕੌਮ, ਧਰਮ ਨੂੰ ਵੱਡੀ ਲੋੜ ਹੁੰਦੀ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਅੱਜ ਹਰ ਪੰਜਾਬੀ, ਹਰ ਸਿੱਖ ਦੀ ਅੱਖ ਨਮ ਨਾਲ ਭਰੀਆ ਹੋਈਆ ਹਨ । ਬੇਸ਼ੱਕ ਅੱਜ ਉਹ ਸਾਡੇ ਵਿਚ ਸਰੀਰਕ ਤੌਰ ਤੇ ਨਹੀਂ ਰਹੇ । ਪਰ ਉਨ੍ਹਾਂ ਦੀ ਅਰਥ ਭਰਪੂਰ ਸ਼ਬਦਾਵਲੀ ਅਤੇ ਆਵਾਜ਼ ਸਮੁੱਚੇ ਪੰਜਾਬੀਆ ਤੇ ਸਿੱਖ ਕੌਮ ਨੂੰ ਹਮੇਸ਼ਾਂ ਪ੍ਰੇਰਣਾ ਦਿੰਦੀ ਰਹੇਗੀ ।”
ਇਸ ਸ਼ਬਦ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਹਰਮਨ ਪਿਆਰੀ ਅਮਲੀ ਰੂਪ ਵਿਚ ਪੰਜਾਬ, ਪੰਜਾਬੀਆ ਦੀ ਸੇਵਾ ਕਰਨ ਵਾਲੀ ਗਾਇਕਾਂ ਗੁਰਮੀਤ ਕੌਰ ਬਾਵਾ ਦੇ ਇਸ ਦੁਨੀਆ ਤੋ ਚਲੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ, ਉਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਮੈਬਰਾਂ ਅਤੇ ਪੰਜਾਬੀਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਅਤੇ ਪੰਜਾਬੀ ਬੋਲੀ ਅੱਜ ਸਮੁੱਚੇ ਸੰਸਾਰ ਵਿਚ ਸਮੁੱਚੀਆਂ ਕੌਮਾਂ, ਧਰਮਾਂ ਵਿਚ ਪ੍ਰਫੁੱਲਿਤ ਹੋ ਚੁੱਕੀ ਹੈ । ਇਹ ਅਜਿਹੀਆ ਗੁਰਮੀਤ ਕੌਰ ਬਾਵਾ ਵਰਗੀਆ ਸੂਬੇ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੀਆ ਸਖਸ਼ੀਅਤਾਂ ਦੀ ਬਦੌਲਤ ਹੀ ਹੈ ਕਿ ਅੱਜ ਹਰ ਮੁਲਕ ਦੇ ਹੁਕਮਰਾਨ ਅਤੇ ਉਥੋ ਦੇ ਨਿਵਾਸੀ ਪੰਜਾਬ ਸੂਬੇ, ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੀ ਅਮੀਰ ਵਿਰਸੇ-ਵਿਰਾਸਤ ਤੇ ਫ਼ਖਰ ਕਰਦੇ ਹਨ ਅਤੇ ਪੰਜਾਬੀਆਂ ਨੂੰ ਵੱਡੇ ਸਤਿਕਾਰ-ਮਾਣ ਨਾਲ ਪੇਸ਼ ਆਉਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕਰਦਾ ਹੈ, ਉਥੇ ਇਹ ਵੀ ਅਰਜੋਈ ਕਰਦਾ ਹੈ ਕਿ ਸਾਡੇ ਤੋ ਵਿਛੜੀ ਸੱਚੀ-ਸੁੱਚੀ ਰੂਹ ਬੀਬੀ ਗੁਰਮੀਤ ਕੌਰ ਬਾਵਾ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਸਾਨੂੰ ਸਭਨਾਂ ਨੂੰ ਭਾਣੇ ਵਿਚ ਰਹਿਣ ਦੀ ਤਾਕਤ ਦੀ ਬਖਸ਼ਿਸ਼ ਵੀ ਕਰਨ ।