ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕੋਫ਼ੋਰਜ, ਕੈਪਜੈਮਿਨੀ, ਮੂਡੀਜ਼ ਅਤੇ ਏਓਨ ਵਰਗੀਆਂ ਨਾਮੀ ਕੰਪਨੀਆਂ ਨਾਲ ਅਕਾਦਮਿਕ ਕਰਾਰ ਸਥਾਪਿਤ ਕੀਤਾ ਗਿਆ ਹੈ। ਪੰਜਾਬ ਸਮੇਤ ਭਾਰਤ ਦੇ ਉੱਤਰੀ ਰਾਜਾਂ ਦੇ ਸਮਾਜਿਕ-ਆਰਥਿਕ ਵਿਕਾਸ ਅਤੇ ਸਥਿਰਤਾ ਨੂੰ ਉੱਚਾ ਚੁੱਕਣ ਸਬੰਧੀ ਵਚਨਬੱਧਤਾ ਦੀ ਪੂਰਤੀ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕੈਂਪਸ ਵਿਖੇ ਦਿੱਗਜ਼ ਆਈ.ਟੀ ਕੰਪਨੀ ਕੋਫ਼ੋਰਜ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਖੇਤਰਾਂ ’ਚ ਵਿਦਿਆਰਥੀਆਂ ਨੂੰ ਉਚ ਦਰਜੇ ਦੀ ਸਿਖਲਾਈ ਦੇਣ ਦੇ ਉਦੇਸ਼ ਨਾਲ ਨਾਮੀ ਕੰਪਨੀ ਕੈਪਜੈਮਿਨੀ ਦੇ ਸਹਿਯੋਗ ਨਾਲ ਵਿਸ਼ੇਸ਼ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬੈਕਿੰਗ-ਵਿੱਤੀ ਸੇਵਾਵਾਂ ਅਤੇ ਐਚ.ਆਰ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਕੁਸ਼ਲ ਪੇਸ਼ੇਵਰ ਵਜੋਂ ਤਿਆਰ ਕਰਨ ਲਈ ਮੂਡੀਜ਼ ਐਨਾਲਿਟਿਕਸ ਅਤੇ ਇੰਸ਼ੋਰੈਂਸ ਕੰਪਨੀ ਏਓਨ ਕੰਸਲਟਿੰਗ ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਬੈਕਿੰਗ ਐਂਡ ਫਾਈਨਾਂਸ਼ੀਅਲ ਇੰਜੀਨੀਅਰਿੰਗ ਅਤੇ ਹਿਊਮਨ ਰਿਸੋਰਸ ਮੈਨੇਜਮੈਂਟ ਤਹਿਤ ਐਮ.ਬੀ.ਏ ਕਰ ਰਹੇ ਵਿਦਿਆਰਥੀਆਂ ਨੂੰ ਉਕਤ ਖੇਤਰ ’ਚ ਇੰਡਸਟਰੀ ਦੇ ਮਾਹਿਰਾਂ ਦੇ ਮਾਰਗ ਦਰਸ਼ਨ ’ਚ ਵਿਵਹਾਰਿਕ ਗਿਆਨ ਪ੍ਰਦਾਨ ਕਰਕੇ ਹੁਨਰਮੰਦ ਪੇਸ਼ੇਵਰਾਂ ਦੇ ਰੂਪ ’ਚ ਤਿਆਰ ਕਰਨਾ ਹੈ। ਇਸ ਤੋਂ ਇਲਾਵਾ ਵਿਸ਼ਵਵਿਆਪੀ ਪੱਧਰ ’ਤੇ ਕੰਪਨੀਆਂ ਦੁਆਰਾ ਮਾਨਤਾ ਪ੍ਰਾਪਤ ਸਰਟੀਫ਼ਿਕੇਟ ਪ੍ਰਦਾਨ ਕਰਕੇ ਨੌਕਰੀਆਂ ਲਈ ਤਿਆਰ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਤਹਿਤ ਕੈਂਪਸ ਪਰੀਸਰ ’ਚ ਸਥਾਪਿਤ ਕੀਤੇ ਅਤਿ-ਆਧੁਨਿਕ ਏ.ਆਈ ਸੈਂਟਰ ’ਚ ਵਿਦਿਆਰਥੀਆਂ ਵੱਲੋਂ ਸਿਹਤ, ਖੇਤੀਬਾੜੀ, ਪਾਣੀ ਅਤੇ ਵੇਸਟ ਮੈਨੇਜਮੈਂਟ ਖੇਤਰਾਂ ’ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਧਾਰਿਤ ਨਵੀਂਆਂ ਤਕਨੀਕਾਂ ਸਬੰਧੀ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਡਾ. ਬਾਵਾ ਨੇ ਦੱਸਿਆ ਕਿ ਏ.ਆਈ ਸੈਂਟਰ ਸਮੁੱਚੇ ਉੱਤਰ ਭਾਰਤ ਦੇ ਵਿਦਿਆਰਥੀਆਂ ਨੂੰ ਵਧੇਰੇ ਲੋੜੀਂਦੇ ਐਕਸਪੋਜਰ ਅਤੇ ਪ੍ਰਮਾਣੀਕਰਣ ਦੇ ਮੌਕਿਆਂ ਨੂੰ ਯਕੀਨੀ ਬਣਾਉਂਦੇ ਹੋਏ ਖੇਤੀ ਅਤੇ ਉਦਯੋਗਿਕ ਸਮੱਸਿਆਵਾਂ ਦੇ ਢੁੱਕਵੇਂ ਢੰਗ ਨਾਲ ਹੱਲ ਪ੍ਰਦਾਨ ਕਰਵਾਉਣ ’ਚ ਸਹਾਇਤਾ ਕਰੇਗਾ।ਸਿਹਤ ਖੇਤਰ ’ਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਆਧਾਰਿਤ ਤਕਨੀਕਾਂ ਦੀ ਵਰਤੋਂ ਨਾਲ ਖੋਜ ਅਤੇ ਵਿਕਾਸ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੈਂਟਰ ’ਚ ਏ.ਆਈ ਅਧਾਰਿਤ ਤਕਨੀਕਾਂ ਦੇ ਮਾਧਿਅਮ ਰਾਹੀਂ 5600 ਤੋਂ ਵੱਧ ਵਿਦਿਆਰਥੀ ਇੱਕੋ ਸਮੇਂ ’ਤੇ ਸਿਖਲਾਈ ਹਾਸਲ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਸੈਂਟਰ ਡਾਟਾ ਪ੍ਰੋਸੈਸਿੰਗ ਅਤੇ ਕਨਵਰਸ਼ੇਸ਼ਨਲ (ਗੱਲਬਾਤ) ਏ.ਆਈ ਤੋਂ ਵੀਡੀਓ ਵਿਸ਼ਲੇਸ਼ਣ ਤੱਕ ਫਾਸਟ ਟੈ੍ਰਕ ਏ.ਆਈ ਤਾਇਨਾਤੀਆਂ (ਡਿਪਲਾਇਸਮੈਂਟਸ) ਦੀ ਸੰਭਾਲ ਕਰਨ ਦੇ ਯੋਗ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਫ਼ਸਲਾਂ ਸਬੰਧੀ ਰੋਗਾਂ ਨਾਲ ਨਜਿੱਠਣ ਲਈ ਨਵੀਂਆਂ ਤਕਨੀਕਾਂ ਵਿਕਸਤ ਕਰਨ ਸਬੰਧੀ ਪ੍ਰਾਜੈਕਟ ਆਰੰਭੇ ਜਾ ਚੁੱਕੇ ਹਨ ਜਦਕਿ ਓਪਨ ਵੈੱਬ ਵਿੱਚ ਗ਼ਲਤ ਜਾਣਕਾਰੀ ਦਾ ਪਤਾ ਲਗਾਉਣ ਅਤੇ ਸਮਾਰਟ ਹੈਲਥਕੇਅਰ ਵਰਗੇ ਖੇਤਰਾਂ ’ਚ ਸਮਾਜਿਕ ਸਮੱਸਿਆਵਾਂ ਦੇ ਹੱਲਾਂ ਲਈ ਵਿਸਥਾਰਿਤ ਖੋਜਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੈਂਟਰ ਦੇ ਮਾਧਿਅਮ ਰਾਹੀਂ ਆਟੋਨਾਮਸ ਵਾਹਨਾਂ ਦੇ ਵਿਕਾਸ ਸਬੰਧੀ ਵਿਦਿਆਰਥੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।
ਕੈਪਜੈਮਿਨੀ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਡੇਟਾ ਇੰਨਸਾਈਟ ਸੈਂਟਰ ਸਬੰਧੀ ਗੱਲ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਸੈਂਟਰ ਦੇ ਮਾਧਿਅਮ ਰਾਹੀਂ ਸੀਯੂ ਦੇ ਖੋਜਾਰਥੀਆਂ ਦੀ ਸਹਾਇਤਾ ਨਾਲ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਖੇਤਰਾਂ ’ਚ ਨਵੇਂ ਪ੍ਰਾਜੈਕਟਾਂ ਦਾ ਵਿਕਾਸ ਕੀਤਾ ਜਾਵੇਗਾ। ਸਿਖਲਾਈ ਅਤੇ ਅਧਿਆਪਨ ਨੂੰ ਹੋਰ ਗੁਣਵੱਤਾਪੂਰਨ ਬਣਾਉਣ ਦੇ ਉਦੇਸ਼ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਪੀ.ਐਚ ਸਕਾਲਰਜ਼ ਨੂੰ ਕੈਪਜੈਮਿਨੀ ’ਚ ਇੰਟਰਨਸ਼ਿਪ ਅਤੇ ਸਿਖਲਾਈ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ ਜਦਕਿ ਪ੍ਰਾਜੈਕਟਾਂ ਅਤੇ ਪੇਟੈਂਟਾਂ ਦੇ ਵਿਕਾਸ ਲਈ ਸਾਂਝੇ ਉਦਮ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਫਾਈਨਾਂਸ਼ੀਅਲ ਸਰਵਿਸਿਜ਼ ਕੰਪਨੀ ਮੂਡੀਜ਼ ਐਨਾਲਿਟਿਕਸ ਦੇ ਨਾਲ ਕੀਤੀ ਗਈ ਭਾਈਵਾਲੀ ਦੇ ਤਹਿਤ ਯੂਨੀਵਰਸਿਟੀ ਦੇ ਐਮ.ਬੀ.ਏ (ਬੀ.ਐਫ਼.ਈ) ਦੇ ਵਿਦਿਆਰਥੀਆਂ ਨੂੰ ਐਮ.ਐਸ.ਐਮ.ਈ ਕ੍ਰੈਡਿਟ ਪ੍ਰੋਸੈਸਿੰਗ ’ਚ ਸਿਖਲਾਈ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਸਰਟੀਫ਼ਿਕੇਟ ਪ੍ਰਦਾਨ ਕੀਤਾ ਜਾਵੇਗਾ। ਮੂਡੀਜ਼ ਐਨਾਲਿਟਿਕਸ ਫ਼ਾਈਨਾਂਸ਼ੀਅਲ ਇੰਟੈਲੀਜੈਂਸ ਅਤੇ ਐਨਾਲਿਟਿਕਸ ਸਾਧਨ ਪ੍ਰਦਾਨ ਵਾਲੀ ਕੰਪਨੀ ਹੈ ਜੋ ਪੇਸ਼ੇਵਰਾਂ ਨੂੰ ਰਿਸਕ, ਫਾਈਨਾਂਸ਼ੀਅਲ ਮਾਡਲਿੰਗ ਦੇ ਨਾਲ-ਨਾਲ ਕੰਸਲਟਿੰਗ ਟ੍ਰੇਨਿੰਗ ਅਤੇ ਸਾਫ਼ਟਵੇਅਰ ਸੇਵਾਵਾਂ ਦੇ ਬਾਰੇ ਰਣਨੀਤਿਕ ਹੱਲ ਪ੍ਰਦਾਨ ਕਰਦੀ ਹੈ।ਭਾਈਵਾਲੀ ਅਧੀਨ ਵਿਦਿਆਰਥੀਆਂ ਨੂੰ ਸਟਾੱਕ ਐਂਡ ਇਨਵੈਸਟਮੈਂਟ, ਪ੍ਰਾਜੈਕਟ ਮੁਲਾਂਕਣ, ਕ੍ਰੈਡਿਟ ਵਿਸ਼ਲੇਸ਼ਣ ਅਤੇ ਵੈਲਥ ਮੈਨੇਜਮੈਂਟ, ਸਾਫ਼ਟਵੇਅਰ ਟੈਲੀ ਆਦਿ ਖੇਤਰਾਂ ਵਿੱਚ ਭਾਰਤ ਦੇ ਸੱਭ ਤੋਂ ਵੱਡੇ ਬੈਂਕ ਐਸ.ਬੀ.ਆਈ ਦੇ ਤਜ਼ਰਬੇਕਾਰ ਟ੍ਰੇਨਰਾਂ ਦੀ ਅਗਵਾਈ ਹੇਠ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਤੋਂ ਬਾਅਦ ਪੋਸਟ ਟ੍ਰੇਨਿੰਗ ਸਰਟੀਫ਼ਿਕੇਟ ਐਮ.ਬੀ.ਏ-ਬੀ.ਐਫ਼.ਈ ਪ੍ਰੋਗਰਾਮ ਵਿੱਚ ਦਾਖ਼ਲੇ ਦਾ ਇੱਕ ਜ਼ਰੂਰੀ ਹਿੱਸਾ ਹੋਵੇਗਾ, ਜੋ ਵਿਦਿਆਰਥੀਆਂ ਨੂੰ ਬੈਕਿੰਗ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਦੇ ਮੂਲ ਸਿਧਾਂਤਾਂ ’ਚ ਮੁਹਾਰਤ ਪ੍ਰਦਾਨ ਕਰਦੇ ਹੋਏ ਬੈਕਿੰਗ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਕੁਸ਼ਲ ਪੇਸ਼ੇਵਰ ਦੇ ਰੂਪ ’ਚ ਤਿਆਰ ਕਰੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਐਮ.ਬੀ.ਏ ਸਟ੍ਰੈਟਜ਼ਿਕ ਐਚ.ਆਰ ਪ੍ਰੋਗਰਾਮ ਦੇ ਲਾਜ਼ਮੀ ਹਿੱਸੇ ਵਜੋਂ ਵਿਸ਼ਵਵਿਆਪੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਟੀਫ਼ੀਕੇਟ ਲਈ ਏਓਨ ਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ, ਜਿਸ ਵਿੱਚ ਐਚ.ਆਰ ਐਨਾਲਿਟਿਕਸ ਅਤੇ ਹੁਨਰ ਪ੍ਰਾਪਤੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਟੀਫ਼ਿਕੇਟਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਐਚ.ਆਰ ਖੇਤਰ ’ਚ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ’ਚ ਉਭਰਦੀਆਂ ਨੌਕਰੀਆਂ ਲਈ ਹੁਨਰਮੰਦ ਪੇਸ਼ੇਵਰ ਵਜੋਂ ਤਿਆਰ ਕਰਨਾ ਹੈ। ਏਓਨ ਕੰਸਲਟਿੰਗ ਇੱਕ ਬਿ੍ਰਟਿਸ਼ ਐਚ.ਆਰ ਕੰਪਨੀ ਹੈ ਅਤੇ ਭਾਰਤ ਵਿੱਚ ਇੱਕ ਪ੍ਰਮੁੱਖ ਟ੍ਰੇਨਿੰਗ ਕੰਪਨੀ ਵਜੋਂ ਸੇਵਾਵਾਂ ਨਿਭਾ ਰਹੀ ਹੈ। ਇਸ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਸਰਟੀਫ਼ਿਕੇਟ, ਗਰੁੱਪ ਡਿਸ਼ਕਸ਼ਨ, ਪ੍ਰਸ਼ਨੋਤਰੀ ਅਤੇ ਵਿਅਕਤੀਗਤ ਗਤੀਵਿਧੀਆਂ ’ਤੇ ਆਧਾਰਤ ਟੇ੍ਰਨਿੰਗ ਵਿਦਿਆਰਥੀਆਂ ਨੂੰ ਐਚ.ਆਰ ਸੰਕਲਪਾਂ ਦੀ ਡੂੰਘਾਈ ਨਾਲ ਸਮਝ ਪ੍ਰਦਾਨ ਕਰਵਾਕੇ ਉਨ੍ਹਾਂ ਨੂੰ ਪ੍ਰਮੁੱਖ ਐਚ.ਆਰ ਕੰਪਨੀਆਂ ’ਚ ਨੌਕਰੀ ਹਾਸਲ ਕਰਨ ਦੇ ਯੋਗ ਬਣਾਉਂਦੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਵਿਸ਼ਵਪੱਧਰੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਲਈ ਅੰਤਰਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਉਦਯੋਗਿਕ ਅਦਾਰਿਆਂ ਨਾਲ ਗਠਜੋੜ ਸਥਾਪਿਤ ਕੀਤੇ ਹਨ। ਇਸ ਗਠਜੋੜਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਮੰਗਾਂ ਅਤੇ ਜ਼ਰੂਰਤਾਂ ਅਨੁਸਾਰ ਤਿਆਰ ਕਰਕੇ ਸਮੇਂ ਦੇ ਹਾਣੀ ਬਣਾਉਣਾ ਹੈ। ਸ. ਸੰਧੂ ਨੇ ਦੱਸਿਆ ਕਿ ਇੰਡਸਟਰੀ ਗਠਜੋੜਾਂ ਤਹਿਤ ’ਵਰਸਿਟੀ ਵਿਖੇ 30 ਤੋਂ ਵੱਧ ਅਤਿ-ਆਧੁਨਿਕ ਖੋਜ ਕੇਂਦਰ, 14 ਲੈਬਾਰਟਰੀਆਂ, ਹੌਸਪਿਟਾਲਿਟੀ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ 5 ਸਿਖਲਾਈ ਕੇਂਦਰ, 50 ਤੋਂ ਵੱਧ ਵਿਭਾਗੀ ਖੋਜ ਸਮੂਹ ਸਥਾਪਿਤ ਕੀਤੇ ਜਾਣ ਦੇ ਨਾਲ-ਨਾਲ 300 ਤੋਂ ਵੱਧ ਉਦਯੋਗਿਕ ਮਾਹਿਰਾਂ ਦੇ ਮਾਰਗ ਦਰਸ਼ਨ ਅਧੀਨ ਵਿਦਿਆਰਥੀਆਂ ਨੂੰ ਤਜ਼ਰਬੇ ਅਧਾਰਿਤ ਸਿਖਲਾਈ ਪ੍ਰਦਾਨ ਕਰਵਾਈ ਜਾ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਥਾਪਿਤ ਕੀਤਾ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਸੈਂਟਰ।