ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਸਟਰਲਿੰਗ ਨੂੰ ਰਹਿਣ ਲਈ ਸਕਾਟਲੈਂਡ ਭਰ ਵਿੱਚੋਂ ਸਭ ਤੋਂ ਬਿਹਤਰ ਮੰਨਿਆ ਗਿਆ ਹੈ। ਰਾਈਟਮੂਵ ਦੁਆਰਾ ਕੀਤੇ ਗਏ ਇੱਕ ਸਰਵੇ ਨੇ ਕੇਂਦਰੀ ਬੈਲਟ ਦੇ ਇਸ ਕਸਬੇ ਨੂੰ ਸਰਹੱਦ ਦੇ ਉੱਤਰ ਵਿੱਚ ਪਹਿਲੇ ਨੰਬਰ ‘ਤੇ ਰੱਖਿਆ ਹੈ, ਜਦਕਿ ਚੌਥੇ ਸਥਾਨ ‘ਤੇ ਐਡਿਨਬਰਾ, ਗਲਾਸਗੋ ਨੂੰ ਸੱਤਵੇਂ ਅਤੇ ਏਬਰਡੀਨ ਨੂੰ ਦਸਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਇਹ ਹੈਪੀ ਹੋਮ ਇੰਡੈਕਸ ਸਰਵੇ ਪਿਛਲੇ ਦਹਾਕੇ ਤੋਂ ਹਰ ਸਾਲ ਰਾਈਟਮੂਵ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਪੂਰੇ ਯੂਕੇ ਵਿੱਚ 21,000 ਲੋਕਾਂ ਦੇ ਇੱਕ ਪੋਲ ਨੇ ਸਕਾਟਲੈਂਡ ਵਿੱਚੋਂ ਸਟਰਲਿੰਗ ਨੂੰ ਰਹਿਣ ਲਈ ਇੱਕ ਖੁਸ਼ਹਾਲ ਸ਼ਹਿਰ ਵਜੋਂ ਚੁਣਿਆ ਹੈ। ਇਸ ਸਰਵੇ ਅਨੁਸਾਰ ਖੁਸ਼ਹਾਲੀ ਦੇ ਪੈਮਾਨਿਆਂ ਵਿੱਚ ਦੋਸਤੀ ਅਤੇ ਭਾਈਚਾਰਕ ਭਾਵਨਾ ਵੀ ਸ਼ਾਮਲ ਹੈ। ਇਸਦੇ ਇਲਾਵਾ ਕੁਦਰਤ ਅਤੇ ਹਰਿਆਲੀਆਂ ਥਾਵਾਂ, ਸਕੂਲ, ਰੈਸਟੋਰੈਂਟ, ਦੁਕਾਨਾਂ ਅਤੇ ਖੇਡ ਸਹੂਲਤਾਂ ਸਮੇਤ ਹੁਨਰ ਅਤੇ ਸਹੂਲਤਾਂ ਨੂੰ ਵੀ ਧਿਆਨ ‘ਚ ਰੱਖਿਆ ਜਾਂਦਾ ਹੈ। ਇਸ ਸਾਲ ਦੇ ਸਰਵੇ ਵਿੱਚ ਨੌਰਥੰਬਰਲੈਂਡ ਵਿੱਚ ਹੈਕਸਹੈਮ ਨੂੰ ਬ੍ਰਿਟੇਨ ਦੇ ਸਭ ਤੋਂ ਖੁਸ਼ਹਾਲ ਸਥਾਨ ਵਜੋਂ ਸੂਚਿਤ ਕੀਤਾ ਗਿਆ ਹੈ, ਜਦਕਿ ਕਾਰਨਵਾਲ ਵਿੱਚ ਸੇਂਟ ਆਈਵਸ, ਜੋ ਪਿਛਲੇ ਸਾਲ ਇਸ ਸੂਚੀ ਵਿੱਚ ਸਿਖਰ ‘ਤੇ ਸੀ, ਇਸ ਸਾਲ ਦੀ ਰੈਂਕਿੰਗ ਵਿੱਚ ਅੱਠਵੇਂ ਸਥਾਨ ‘ਤੇ ਹੈ। ਰਾਈਟਮੂਵ ਦੇ ਅਧਿਐਨ ਨੇ ਇਹ ਵੀ ਪਾਇਆ ਕਿ ਤੱਟਵਰਤੀ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਸਭ ਤੋਂ ਖੁਸ਼ਹਾਲ ਸਮੂਹਾਂ ਵਿੱਚ ਹਨ।
ਸਕਾਟਲੈਡ : ਸਟਰਲਿੰਗ ਨੂੰ ਰਹਿਣ ਲਈ ਸਭ ਤੋਂ ਖੁਸ਼ਹਾਲ ਸਥਾਨ ਦਾ ਮਿਲਿਆ ਖਿਤਾਬ
This entry was posted in ਅੰਤਰਰਾਸ਼ਟਰੀ.