ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪੁਲਿਸ ਦੇ ਭੇਸ ਵਿੱਚ ਲੁਟੇਰਿਆਂ ਦੇ ਗਿਰੋਹ ਸਰਗਰਮ ਦੱਸੇ ਜਾ ਰਹੇ ਹਨ। ਲੁੱਟੇ ਜਾਂ ਠੱਗੇ ਜਾ ਚੁੱਕੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਅਧਾਰ ‘ਤੇ “ਅਸਲੀ ਪੁਲਿਸ” ਨੇ ਲੋਕਾਂ ਨੂੰ ਇਹਨਾਂ ਲੁਟੇਰਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਹਨਾਂ ਲੁਟੇਰਿਆਂ ਵੱਲੋਂ ਜਿਆਦਾਤਰ ਬਜ਼ੁਰਗ ਔਰਤਾਂ ਤੇ ਮਰਦਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਫੋਨ ਕਾਲ ਰਾਹੀਂ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਆਪਣੀ ਨਕਦੀ, ਬੈਂਕ ਕਾਰਡ ਅਤੇ ਪਾਸਵਰਡ ਦਰਵਾਜੇ ਅੱਗੇ ਖੜ੍ਹੇ ਨਕਲੀ ਪੁਲਿਸ ਮੁਲਾਜ਼ਮਾਂ ਨੂੰ ਸੌਂਪਣ ਦੀ ਤਾਕੀਦ ਕੀਤੀ ਜਾਂਦੀ ਹੈ। ਅਜਿਹੀ ਵਾਰਦਾਤ ਵਿੱਚ ਲੁੱਟ ਕਰਵਾ ਚੁੱਕੀ ਇੱਕ 97 ਸਾਲਾਂ ਪੀੜਤ ਔਰਤ ਨੂੰ ਇੱਕ ਔਰਤ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਬਜ਼ੁਰਗ ਮਹਿਲਾ ਦੀ ਬੈਂਕ ਦੀ ਮੁਲਾਜ਼ਮ ਦੱਸਿਆ। ਉਸ ਨੇ ਬਜ਼ੁਰਗ ਮਹਿਲਾ ਨੂੰ ਉਸਦੇ ਖਾਤੇ ਸਬੰਧੀ ਸ਼ੱਕੀ ਗਤੀਵਿਧੀ ਹੋਣ ਬਾਰੇ ਕਹਿ ਕੇ ਆਪਣੇ ਖਾਤੇ ਦੀ ਸੁਰੱਖਿਆ ਲਈ ਘਰ ਅੱਗੇ ਆਏ ਇੱਕ ਪੁਲਿਸ ਅਧਿਕਾਰੀ ਨੂੰ ਬੈਂਕ ਕਾਰਡ ਅਤੇ ਪਾਸਵਰਡ ਸੌਂਪ ਦੇਣ ਲਈ ਕਿਹਾ। ਪਰ ਜਲਦ ਹੀ ਇਹ ਮਾਮਲਾ ਬੈਂਕ ਦੇ ਧਿਆਨ ਵਿੱਚ ਆ ਜਾਣ ਕਰਕੇ, ਲੁਟੇਰੇ ਆਪਣੀ ਕੋਸ਼ਿਸ ਦੇ ਬਾਵਜੂਦ ਵੀ ਖਾਤੇ ਵਿੱਚੋਂ ਨਕਦੀ ਨਾ ਕਢਵਾ ਸਕੇ। ਜਿਕਰਯੋਗ ਹੈ ਕਿ ਨੌਸਰਬਾਜਾਂ ਵੱਲੋਂ ਇਸੇ ਅੰਦਾਜ਼ ਵਿੱਚ ਹੀ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਸਕਾਟਲੈਂਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਤੁਹਾਨੂੰ ਇਸ ਤਰ੍ਹਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਅਧਿਕਾਰਤ ਤੌਰ ‘ਤੇ ਜਾਰੀ ਕੀਤੇ ਗਏ ਪੁਲਿਸ ਦੇ ਫੋਨ ਨੰਬਰ ‘ਤੇ ਕਾਲ ਕਰੋ ਤਾਂ ਕਿ ਅਜਿਹੇ ਲੋਕਾਂ ਨੂੰ ਮੌਕੇ ‘ਤੇ ਹੀ ਦਬੋਚਿਆ ਜਾ ਸਕੇ।
ਸਕਾਟਲੈਂਡ : ਪੁਲਿਸ ਦੇ ਭੇਸ ਵਿੱਚ ਆਉਂਦੇ ਲੁਟੇਰਿਆਂ ਤੋਂ ਸਾਵਧਾਨ ਰਹਿਣ ਲਈ “ਅਸਲੀ ਪੁਲਿਸ” ਨੇ ਕੀਤੀ ਅਪੀਲ
This entry was posted in ਅੰਤਰਰਾਸ਼ਟਰੀ.