ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱੱਚ ਆਏ ਦਿਨ ਛੁਰੇਬਾਜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੰਡਨ ਪੁਲਿਸ ਅਨੁਸਾਰ ਇਸ ਸਾਲ ਲੰਡਨ ਵਿੱਚ 28 ਲੋਕਾਂ ਦਾ ਕਤਲ ਹੋਇਆ ਹੈ ਅਤੇ ਇਹਨਾਂ ਜਾਨਲੇਵਾ ਹਮਲਿਆਂ ਦਾ 28ਵਾਂ ਸ਼ਿਕਾਰ 16 ਸਾਲਾਂ ਅਸ਼ਮੀਤ ਸਿੰਘ ਨਾਮ ਦਾ ਪੰਜਾਬੀ ਸਿੱਖ ਨੌਜਵਾਨ ਬਣਿਆ ਹੈ। ਅਸ਼ਮੀਤ ਸਿੰਘ ਦਾ ਰੈਲੇ ਰੋਡ ‘ਤੇ ਬੁੱਧਵਾਰ ਰਾਤ ਨੂੰ ਇੱਕ ਇੱੱਕ ਗੂਚੀ ਦੇ ਬੈਗ ਬਦਲੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਸ਼ਮੀਤ ਦੇ ਦੋਸਤਾਂ ਦਾ ਮੰਨਣਾ ਹੈ ਕਿ ਉਸਨੂੰ ਗੁਚੀ ਬੈਗ (ਜੋ ਕਿ ਅਸਲੀ ਵੀ ਨਹੀਂ ਸੀ) ਬਦਲੇ ਚਾਕੂ ਮਾਰਿਆ ਗਿਆ ਸੀ ਜੋ ਉਹ ਹਮੇਸ਼ਾ ਆਪਣੇ ਨਾਲ ਰੱਖਦਾ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਬੁੱਧਵਾਰ ਰਾਤ ਤਕਰੀਬਨ 9.07 ਵਜੇ ਰੈਲੇ ਰੋਡ, ਸਾਊਥਾਲ ‘ਤੇ ਚਾਕੂ ਮਾਰਨ ਦੀ ਘਟਨਾ ਵਾਪਰਨ ‘ਤੇ ਬੁਲਾਇਆ ਗਿਆ। ਇਸ ਦੌਰਾਨ ਸਿਹਤ ਸੇਵਾਵਾਂ ਵੱਲੋਂ ਚਾਕੂ ਨਾਲ ਜਖਮੀ ਹੋਏ ਅਸ਼ਮੀਤ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਗਈ, ਪਰ ਇਸ ਨੌਜਵਾਨ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ। ਇਸ ਸਬੰਧ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।