ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿਣ ਵਾਲੇ ਭਾਈ ਹਰਦੀਪ ਸਿੰਘ ਨਿੱਝਰ ਜੋ ਕਿ ਸਰੀ ਡੇਲਟਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਹਨ, ਵਿਰੁੱਧ ਹਿੰਦੁਸਤਾਨ ’ਚ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ । ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਭਾਈ ਨਿੱਝਰ ਵਿਰੁੱਧ ਨਵੀਂ ਦਿੱਲੀ ਦੀ ਐਨਆਈਏ ਸਪੈਸ਼ਲ ਕੋਰਟ ’ਚ ਇੰਡੀਅਨ ਪੈਨਲ ਕੋਡ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਿਕਰਯੋਗ ਹੈ ਭਾਈ ਹਰਦੀਪ ਸਿੰਘ ਨਿੱਝਰ ਮੂਲ ਰੂਪ ’ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਵਾਸੀ ਹੈ ਅਤੇ ਮੌਜੂਦਾ ਸਮੇਂ ਉਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿ ਰਿਹਾ ਹੈ। ਹਿੰਦੁਸਤਾਨ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੁਝ ਦਿਨ ਪਹਿਲਾਂ ਕੈਨੇਡਾ, ਅਮਰੀਕਾ ਸਣੇ ਕਈ ਮੁਲਕਾਂ ਵਿੱਚ ਜਾਂਚ ਲਈ ਗਈ ਸੀ, ਜਿਸ ਬਾਰੇ ਉਨ੍ਹਾਂ ਵਲੋਂ ਕੀਤੀ ਗਈ ਓਥੇ ਅਧਿਕਾਰੀਆਂ ਨਾਲ ਗੱਲਬਾਤ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ ।
ਉਸ ਤੋਂ ਬਾਅਦ ਉਨ੍ਹਾਂ ਵਲੋਂ ਵਾਪਿਸ ਹਿੰਦੁਸਤਾਨ ਆ ਕੇ ਭਾਈ ਨਿੱਜਰ ਵਿਰੁੱਧ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ। ਇਸ ਮਾਮਲੇ ਤੇ ਭਾਈ ਹਰਦੀਪ ਸਿੰਘ ਨਿੱਝਰ ਦਾ ਕਹਿਣਾ ਹੈ ਕਿ ਉਹ ਕੈਨੇਡਾ ’ਚ ਸਿਰਫ਼ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਜੋ ਕਿ ਹਿੰਦੁਸਤਾਨੀ ਏਜੰਸੀਆਂ ਨੂੰ ਚੰਗਾ ਨਹੀਂ ਲੱਗ ਰਿਹਾ ਹੈ ।