ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਤ ਇਤਿਹਾਸਿਕ ਸਥਾਂਨ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂਘਰ ਦੇ ਸਾਹਮਣੇ ਇਕ ਪਾਕਿਸਤਾਨੀ ਕੱਪੜੇ ਦੀ ਦੁਕਾਨ ਵਾਲੇ ਦੀ ਮਸਹੂਰੀ ਲਈ ਇਕ ਮਾਡਲ ਰਾਹੀ ਫੋਟੋਸੂਟ ਕਰਦੇ ਹੋਏ ਜੋ ਸਾਡੇ ਇਸ ਧਾਰਮਿਕ ਸਥਾਂਨ ਦੀ ਦੁਰਵਰਤੋ ਤੇ ਅਪਮਾਨ ਕੀਤਾ ਗਿਆ ਹੈ, ਉਸ ਸੰਬੰਧ ਵਿਚ ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਹਕੂਮਤ ਨੇ ਸਿੱਖ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ ਫੌਰੀ ਕਾਰਵਾਈ ਕਰਦੇ ਹੋਏ ਸਿੱਖ ਮਜ਼੍ਹਬ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਨਿਭਾਈ ਹੈ । ਸੰਬੰਧਤ ਦੋਸ਼ੀਆਂ ਨੇ ਮੁਆਫ਼ੀ ਵੀ ਮੰਗ ਲਈ ਹੈ । ਜੇਕਰ ਪਾਕਿਸਤਾਨ ਦੀ ਸਰਕਾਰ ਸਿੱਖ ਧਰਮ ਅਤੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣ ਲਈ ਫੌਰੀ ਅਮਲੀ ਕਾਰਵਾਈ ਕਰ ਸਕਦੀ ਹੈ, ਫਿਰ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2015 ਵਿਚ ਸਿਰਸੇਵਾਲੇ ਸਾਧ ਦੀ ਸਰਪ੍ਰਸਤੀ ਹੇਠ ਰਚੀ ਸਾਜਿਸ ਰਾਹੀ ਹੋਈਆ ਬੇਅਦਬੀਆਂ ਲਈ ਅਤੇ ਸਾਤਮਈ ਰੋਸ ਧਰਨੇ ਉਤੇ ਕੋਟਕਪੂਰਾ ਵਿਖੇ ਬੈਠੇ ਸਿੱਖਾਂ ਉਤੇ ਗੋਲੀਆਂ ਚਲਾਕੇ ਉਸ ਸਮੇ ਦੇ ਡੀਜੀਪੀ ਸੁਮੇਧ ਸੈਣੀ ਨੇ ਦੋ ਸਿੱਖ ਨੌਜ਼ਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ ਸੀ । ਪਰ ਅੱਜ ਤੱਕ ਉਪਰੋਕਤ ਦੋਵਾਂ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਇਸ ਗੰਭੀਰ ਮੁੱਦੇ ਉਤੇ ਕੋਈ ਵੀ ਸਿੱਖ ਕੌਮ ਨੂੰ ਸੰਤੁਸਟ ਕਰਨ ਲਈ ਅਮਲ ਨਹੀਂ ਕੀਤਾ ਗਿਆ । ਬਲਕਿ ਆਪਣੇ ਹਿੰਦੂਤਵ ਜੱਜਾਂ ਸ਼ੇਰਾਵਤ, ਸਾਂਗਵਾਨ ਅਤੇ ਬਜਾਜ ਰਾਹੀ ਦੋਸ਼ੀਆਂ ਨੂੰ ਕਾਨੂੰਨ ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਕਤਲ ਕਰਕੇ ਰਾਹਤ ਦੇਣ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਇਥੋ ਤੱਕ ਕਿ ਚੱਲ ਰਹੀਆ ਜਾਚਾਂ ਨੂੰ ਇਨ੍ਹਾਂ ਜੱਜਾਂ ਵੱਲੋ ਰੋਕ ਕੇ ਦੋਸ਼ੀਆਂ ਦੀ ਪੁਸਤ-ਪਨਾਹੀ ਕੀਤੀ ਜਾ ਰਹੀ ਹੈ । ਜਦੋ ਪਾਕਿਸਤਾਨ ਸਰਕਾਰ ਫੌਰੀ ਅਮਲ ਕਰ ਸਕਦੀ ਹੈ, ਫਿਰ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਕਿਉਂ ਨਹੀਂ ਅਮਲ ਕਰਦੀਆ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀਆਂ ਭਾਵਨਾਵਾ ਦੀ ਪਾਕਿਸਤਾਨ ਹਕੂਮਤ ਵੱਲੋ ਕਦਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਹੋਈ ਦੁੱਖਦਾਇਕ ਘਟਨਾ ਵਿਰੁੱਧ ਕਾਰਵਾਈ ਕਰਨ ਦਾ ਸਵਾਗਤ ਕਰਦੇ ਹੋਏ ਅਤੇ ਸੈਂਟਰ-ਪੰਜਾਬ ਦੀਆਂ ਸਰਕਾਰਾਂ ਵੱਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਮੁੱਦੇ ਅਤੇ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਦੇ ਮੁੱਦੇ ਉਤੇ ਕੌਮਾਂਤਰੀ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਜਦੋ ਪੰਜਾਬ ਅਸੈਬਲੀ ਦੀ ਚੋਣ ਆ ਰਹੀ ਹੈ ਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੁੱਧ ਗੈਰ ਕਾਨੂੰਨੀ, ਅਣਮਨੁੱਖੀ ਕਾਰਵਾਈਆ ਕਰਨ ਵਾਲੀਆ ਸਿਆਸੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲੀਆ ਅਤੇ ਆਮ ਆਦਮੀ ਪਾਰਟੀ ਆਦਿ ਨੂੰ ਇਨ੍ਹਾਂ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਠੂਠਾ ਦਿਖਾਉਣਾ ਕੀ ਪੰਜਾਬੀਆਂ ਤੇ ਸਿੱਖ ਕੌਮ ਲਈ ਸਹੀ ਨਹੀਂ ਹੋਵੇਗਾ ? ਜਦੋ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਪੰਜਾਬੀਆਂ ਤੇ ਸਿੱਖ ਕੌਮ ਨਾਲ ਜਿਆਦਤੀਆ ਤੇ ਜ਼ਬਰ ਜੁਲਮ ਕਰ ਰਹੇ ਹਨ, ਤਾਂ ਸਿੱਖ ਕੌਮ ਵੱਲੋ ਅਜਿਹੇ ਹਾਲਾਤਾਂ ਵਿਚ ਇਨ੍ਹਾਂ ਨਾਲ ਰਹਿਣਾ ਜਾਇਜ ਕਿਵੇ ਹੋ ਸਕਦਾ ਹੈ ? ਇਸ ਵਿਚ ਕੀ ਦਲੀਲ ਹੈ ?