ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) - ਮਰਦਮਸ਼ੁਮਾਰੀ (ਜਨਗਣਨਾ) ਦਾ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਇਸ ਦੇ ਆਧਾਰ ‘ਤੇ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਸਕਾਟਲੈਂਡ ਵਿੱਚ ਵੀ ਮਰਦਮਸ਼ੁਮਾਰੀ ਬਹੁਤ ਮਹੱਤਵਪੂਰਨ ਹੈ, ਜੋ ਕਿ ਸਕਾਟਲੈਂਡ ਵਿੱਚ 1941 ਨੂੰ ਛੱਡ ਕੇ, 1801 ਤੋਂ ਹਰ ਦਸ ਸਾਲਾਂ ਬਾਅਦ ਹੁੰਦੀ ਹੈ। ਪਰ ਇਸ ਸਾਲ 2021 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਨੂੰ ਕੋਰੋਨਾ ਵਾਇਰਸ ਕਾਰਨ ਮਾਰਚ 2021 ਤੋਂ ਅਗਲੇ ਸਾਲ ਮਾਰਚ 2022 ਤੱਕ ਅਗਾਂਹ ਕਰ ਦਿੱਤਾ ਸੀ। ਇਸ ਪ੍ਰਕਿਰਿਆ ਵਿੱਚ ਹੋਈ ਦੇਰੀ ਦੇ ਸਬੰਧ ਵਿੱਚ ਸਕਾਟਲੈਂਡ ਦੇ ਆਡੀਟਰ ਜਨਰਲ ਸਟੀਫਨ ਬੋਇਲ ਅਨੁਸਾਰ ਮਹਾਂਮਾਰੀ ਨੇ ਇਸ ਪ੍ਰੋਗਰਾਮ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਹਨਾਂ ਅਨੁਸਾਰ ਇਸ ਦੇਰੀ ਦਾ ਸਕਾਟਲੈਂਡ ਦੇ ਨੈਸ਼ਨਲ ਰਿਕਾਰਡ(NRS) ‘ਤੇ ਮਹੱਤਵਪੂਰਨ ਵਿੱਤੀ ਪ੍ਰਭਾਵ ਪਿਆ ਹੈ, ਜੋ ਕਿ ਜਨਗਣਨਾ ਦੀ ਯੋਜਨਾ ਬਣਾਉਣ ਅਤੇ ਚਲਾਉਣ ਲਈ ਇੱਕ ਜ਼ਿੰਮੇਵਾਰ ਜਨਤਕ ਸੰਸਥਾ ਹੈ। ਮਰਦਮਸ਼ੁਮਾਰੀ ਦੀਆਂ ਅੱਗੇ ਵਧਾਈਆਂ ਤਰੀਕਾਂ ਨਾਲ 117 ਮਿਲੀਅਨ ਪੌਂਡ ਦੇ ਮਹਾਂਮਾਰੀ ਤੋਂ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ, ਹੁਣ ਸਮੁੱਚੀ ਲਾਗਤ ਵਿੱਚ 21.6 ਮਿਲੀਅਨ ਪੌਂਡ (18 ਪ੍ਰਤੀਸ਼ਤ) ਵੱਧ ਖਰਚ ਆਉਣ ਦੀ ਉਮੀਦ ਹੈ। ਸਕਾਟਿਸ਼ ਸਰਕਾਰ ਨੇ ਇਸ ਲਾਗਤ ਦੇ ਵਾਧੇ ਨੂੰ ਪੂਰਾ ਕਰਨ ਲਈ ਫੰਡ ਵੀ ਮੁਹੱਈਆ ਕਰਵਾਏ ਹਨ ਕਿਉਂਕਿ ਜਨਗਣਨਾ ਸਰਕਾਰ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਕਾਟਲੈਂਡ ਆਡਿਟ ਅਨੁਸਾਰ ਇਸ ਪ੍ਰਕਿਰਿਆ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਯੋਗ ਸਟਾਫ ਦੀ ਭਰਤੀ ਕਰਨ ਵਿੱਚ ਮੁਸ਼ਕਲਾਂ ਸ਼ਾਮਲ ਹਨ।
ਸਕਾਟਲੈਂਡ : ਮਰਦਮਸ਼ੁਮਾਰੀ ‘ਚ ਦੇਰੀ ਕਾਰਨ ਸਰਕਾਰ ਸਿਰ ਪਵੇਗਾ 21.6 ਮਿਲੀਅਨ ਪੌਂਡ ਵੱਧ ਖਰਚਾ
This entry was posted in ਅੰਤਰਰਾਸ਼ਟਰੀ.