ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) “ਮੁਖੌਟਿਆਂ ਪਿੱਛੇ ਲੁਕੇ ਚਾਲਬਾਜ਼ ਲੋਕ ਸਮਾਂ ਆਉਣ ‘ਤੇ ਆਪਣੇ ਆਪ ਹੀ ਨੰਗੇ ਹੋ ਜਾਂਦੇ ਹਨ। ਸਮਾਂ ਬਹੁਤ ਬਲਵਾਨ ਹੈ, ਚੰਗੇ ਮਾੜੇ ਦੀ ਪਹਿਚਾਣ ਸਮਾਂ ਖੁਦ ਹੀ ਕਰਵਾ ਦਿੰਦਾ ਹੈ। ਮਨਜਿੰਦਰ ਸਿੰਘ ਸਿਰਸਾ ਦੀ ‘ਜ਼ਮੀਰ ਬਦਲੀ ਕਾਰਵਾਈ’ ਨੇ ਸਭ ਕੁਝ ਨਿਤਾਰ ਕੇ ਸਾਹਮਣੇ ਰੱਖ ਦਿੱਤਾ ਹੈ। ਸਿੱਖ ਕੌਮ ਨੂੰ ਅਜਿਹੇ ਅਨੇਕਾਂ ਹੀ ਮੁਖੌਟਾਧਾਰੀ ਦਰਪੇਸ਼ ਹਨ। ਸੋ ਸਾਨੂੰ ਚਾਹੀਦਾ ਹੈ ਕਿ ਅਜਿਹੇ ਛਲੇਡਿਆਂ ਤੋਂ ਬਚਿਆ ਜਾਵੇ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸੇਵਾ ਕਰਨ ਲਈ ਕਿਸੇ ਦੀ ਝੋਲੀ ‘ਚ ਡਿੱਗਣਾ ਤੇ ਜੀ ਹਜ਼ੂਰ ਬਣਨਾ ਉਹਨਾਂ ਦੀ ਮਜ਼ਬੂਰੀ ਹੁੰਦੀ ਹੈ ਜਿਹਨਾਂ ਨੂੰ ਮੁਨਾਫਿਆਂ ਦੀ ਝਾਕ ਹੁੰਦੀ ਹੈ। ਸਿੱਖੀ ਦੇ ਮਹਿਲ ਦੀਆਂ ਨੀਹਾਂ ‘ਚ ਅਜਿਹੇ ਲੋਕ ਹੀ ਰੇਹੀ ਵਾਂਗ ਲੱਗ ਕੇ ਕਮਜ਼ੋਰ ਕਰਦੇ ਹਨ। ਅਸੀਂ ਵਕਤੀ ਤੌਰ ‘ਤੇ ਆਪਣਾ ਗੁੱਭ ਗੁਭਾਟ ਕੱਢ ਕੇ ਸ਼ਾਂਤ ਹੋ ਜਾਂਦੇ ਹਾਂ ਤੇ ਫਿਰ ਭੁੱਲ ਜਾਂਦੇ ਹਾਂ। ਚਾਹੀਦਾ ਇਹ ਹੈ ਕਿ ਬੁੱਕਲ ਦੇ ਸੱਪਾਂ ਦੀ ਤਸਵੀਰ ਪੱਕੀ ਮਨ ‘ਚ ਵਸਾ ਕੇ ਅਗਲੇ ਡੰਗ ਤੋਂ ਬਚਣ ਦੀ ਸੋਝੀ ਲਈ ਜਾਵੇ। ਖਹਿਰਾ ਨੇ ਕਿਹਾ ਕਿ ਅਜੋਕੇ ਨਾਜ਼ੁਕ ਦੌਰ ਵਿੱਚ ਵਧੇਰੇ ਚੇਤੰਨ ਹੋ ਕੇ ਰਹਿਣ ਦੀ ਲੋੜ ਹੈ।
ਸਿੱਖ ਕੌਮ ਨੂੰ ਮੁਖੌਟਾਧਾਰੀ ਛਲੇਡਿਆਂ ਤੋਂ ਸੁਚੇਤ ਰਹਿਣ ਦੀ ਲੋੜ- ਹਰਜੀਤ ਸਿੰਘ ਖਹਿਰਾ
This entry was posted in ਅੰਤਰਰਾਸ਼ਟਰੀ.