ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਹੋਰ ਸੂਬਿਆਂ ਵਿਚ ਜੋ ਸਿੱਖ ਆਗੂ ਆਪਣੇ ਸਿਆਸੀ ਦਾਅ-ਪੇਚਾ ਰਾਹੀ ਜਾਂ ਸਮੇ-ਸਮੇ ਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਆਪਣੇ ਸਿਆਸੀ, ਮਾਲੀ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਵਿਚ ਸਰਗਰਮ ਰਹੇ ਹਨ, ਇਸ ਨੀਤੀ ਅਧੀਨ ਉਹ ਆਪੋ-ਆਪਣੇ ਕਾਰੋਬਾਰਾਂ, ਜ਼ਮੀਨਾਂ-ਜ਼ਾਇਦਾਦਾਂ ਨੂੰ ਵੀ ਵਧਾਉਦੇ ਰਹੇ ਹਨ। ਇਸ ਤੋ ਇਲਾਵਾ ਸਿੱਖ ਕੌਮ ਦੇ ਉੱਚੇ-ਸੁੱਚੇ ਸਿਧਾਤਾਂ, ਨਿਯਮਾਂ, ਅਸੂਲਾਂ ਅਤੇ ਮਰਿਯਾਦਾਵਾਂ ਨੂੰ ਤਿਲਾਜਲੀ ਦੇ ਕੇ ਸੈਂਟਰ ਵਿਚ ਰਾਜ ਕਰਨ ਵਾਲੀਆ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਦੀ ਗੁਲਾਮੀਅਤ ਕਰਕੇ ਸਿਆਸੀ ਫਾਇਦੇ ਲੈਦੇ ਰਹੇ ਹਨ । ਜਿਸਦੀ ਬਦੌਲਤ ਅਜਿਹੇ ਆਗੂਆ ਦੀ ਸਿੱਖ ਕੌਮ ਅਤੇ ਪੰਜਾਬ ਸੂਬੇ ਵਿਚ ਸਾਖ ਅਤੇ ਸਤਿਕਾਰ ਖਤਮ ਹੋਣ ਕਿਨਾਰੇ ਪਹੁੰਚ ਚੁੱਕਿਆ ਹੈ । ਉਹ ਸਭ ਬਜੁਰਗ ਤੇ ਹੋਰ ਸਿੱਖ ਆਗੂ ਹੁਣ ਫਿਰਕੂ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਹੁਕਮਰਾਨ ਜਮਾਤ ਬੀਜੇਪੀ ਨਾਲ ਆਪਣੀਆ ਸਿਆਸੀ ਪੀਘਾ ਪਾਕੇ ਫਿਰ ਨਵੀ ਖੇਡ ਰਾਹੀ ਆਪੋ-ਆਪਣੇ ਖ਼ਤਮ ਹੋ ਚੁੱਕੇ ਸਿਆਸੀ ਕੱਦਾ ਨੂੰ ਪ੍ਰਾਪਤ ਕਰਨ ਦੀ ਤਾਕ ਵਿਚ ਹਨ । ਪਰ ਅਜਿਹਾ ਕਰਦੇ ਹੋਏ ਇਹ ਆਗੂ ਬਿਲਕੁਲ ਭੁੱਲ ਜਾਂਦੇ ਹਨ ਕਿ ਜਿਸ ਬੀਜੇਪੀ-ਆਰ.ਐਸ.ਐਸ. ਵਰਗੀਆ ਜਮਾਤਾਂ ਨੇ ਸਿੱਖ ਧਰਮ, ਸਿੱਖ ਕੌਮ, ਪੰਜਾਬ ਸੂਬੇ, ਪੰਜਾਬੀਆ, ਪੰਜਾਬੀ ਬੋਲੀ, ਪੰਜਾਬੀ ਵਿਰਸਾ-ਵਿਰਾਸਤ, ਪੰਜਾਬ ਦੇ ਪਾਣੀਆ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਡੈਮ, ਪੰਜਾਬੀ ਬੋਲਦੇ ਇਲਾਕਿਆ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਗੁਆਉਣ ਵਿਚ ਸਵਾਰਥੀ ਭੂਮਿਕਾ ਨਿਭਾਈ ਹੈ ਅਤੇ ਉਹ ਪੰਜਾਬੀਆ ਤੇ ਸਿੱਖ ਕੌਮ ਦੀ ਨਜ਼ਰ ਵਿਚ ਮਨਫੀ ਹੋ ਚੁੱਕੇ ਹਨ ਹੁਣ ਉਹ ਅਜਿਹੀਆ ਦਾਗੀ ਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲਣ ਵਾਲੀ, ਪੰਜਾਬੀ ਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੀਆ ਬੀਜੇਪੀ-ਆਰ.ਐਸ.ਐਸ. ਵਰਗੀਆ ਜਮਾਤਾਂ ਦੀਆਂ ਸਿਆਸੀ ਫੌੜ੍ਹੀਆ ਦਾ ਸਹਾਰਾ ਲੈਕੇ ਆਪਣੇ-ਆਪ ਨੂੰ ਸਿਆਸੀ ਤੌਰ ਤੇ ਕਤਈ ਵੀ ਜੀਵਤ ਨਹੀਂ ਰੱਖ ਸਕਣਗੇ । ਦੂਸਰਾ ਪੰਜਾਬੀਆ ਤੇ ਸਿੱਖ ਕੌਮ ਨੇ ਇਹ ਠਾਣ ਲਿਆ ਹੈ ਕਿ ਅਜਿਹੀ ਧੋਖੇ ਕਰਨ ਵਾਲੀ ਸਿੱਖ ਲੀਡਰਸ਼ਿਪ ਨੂੰ ਹੁਣ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਜੁਰਗ ਸਿੱਖ ਲੀਡਰਸ਼ਿਪ ਅਤੇ ਹੋਰ ਗੈਰ ਇਖਲਾਕੀ ਕੰਮਾਂ ਵਿਚ ਸਾਮਿਲ ਲੀਡਰਸ਼ਿਪ ਸ. ਪ੍ਰਕਾਸ਼ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਕੈਪਟਨ ਅਮਰਿੰਦਰ ਸਿੰਘ ਆਦਿ ਵਰਗੇ ਆਗੂਆਂ ਵੱਲੋ ਮੌਕਾਪ੍ਰਸਤੀ ਦੀ ਸਵਾਰਥੀ ਸੋਚ ਅਧੀਨ ਪੰਜਾਬੀਆ ਅਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਵਾਲੀ ਪਾਰਟੀ ਬੀਜੇਪੀ ਵਿਚ ਸਾਮਿਲ ਹੋਣ ਦੀ ਦੁੱਖਦਾਇਕ ਪ੍ਰਕਿਰਿਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ, ਪੰਜਾਬੀਆ ਅਤੇ ਸਿੱਖ ਕੌਮ ਵੱਲੋ ਆਪਣੇ ਮਨਾਂ-ਆਤਮਾਵਾ ਵਿਚੋ ਅਜਿਹੀ ਦਾਗੀ ਲੀਡਰਸ਼ਿਪ ਨੂੰ ਸਦਾ ਲਈ ਕੱਢ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਪੰਜਾਬੀਆ ਤੇ ਸਿੱਖ ਕੌਮ ਨੂੰ ਇਹ ਯਾਦ ਦਿਵਾਉਦੇ ਹੋਏ ਕਿਹਾ ਕਿ 22 ਅਪ੍ਰੈਲ 1992 ਵਿਚ ਜਦੋ ਸੈਂਟਰ ਦੇ ਹੁਕਮਰਾਨਾਂ ਅਤੇ ਬੀਜੇਪੀ-ਆਰ.ਐਸ.ਐਸ. ਵਰਗੀਆ ਫਿਰਕੂ ਜਮਾਤਾਂ ਦੀ ਸਾਂਝੀ ਮਿਲੀਭੁਗਤ ਨਾਲ ਪੰਜਾਬ ਸੂਬੇ, ਪੰਜਾਬੀਆ ਅਤੇ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਹੱਕ-ਹਕੂਕਾ ਨੂੰ ਕੁੱਚਲਿਆ ਜਾ ਰਿਹਾ ਸੀ ਅਤੇ ਸਿੱਖ ਕੌਮ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਲਈ ਉਤਾਵਲੀ ਸੀ ਤਾਂ ਉਸ ਸਮੇ ਸਮੁੱਚੀ ਸਿੱਖ ਲੀਡਰਸ਼ਿਪ ਜਿਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟੋਹੜਾ, ਸੁਖਬੀਰ ਸਿੰਘ ਦਿੱਲੀ, ਹਰਚਰਨ ਸਿੰਘ, ਇੰਦਰਪਾਲ ਸਿੰਘ ਖ਼ਾਲਸਾ, ਰਜਿੰਦਰ ਸਿੰਘ ਮੌਗਾ ਅਤੇ ਦਾਸ ਆਦਿ ਸਭਨਾਂ ਨੇ ਉਪਰੋਕਤ ”ਖ਼ਾਲਿਸਤਾਨ” (ਆਜਾਦ ਬਾਦਸਾਹੀ ਸਿੱਖ ਰਾਜ) ਦੀ ਪ੍ਰਾਪਤੀ ਲਈ ਉਸ ਸਮੇ ਦੇ ਯੂ.ਐਨ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਲੀ ਪਹੁੰਚਣ ਉਤੇ ਸਾਂਝੇ ਤੌਰ ਤੇ ਦਸਤਖਤ ਕਰਕੇ ਯਾਦ ਪੱਤਰ ਦਿੱਤਾ ਸੀ। ਅਜਿਹੀ ਲੀਡਰਸ਼ਿਪ ਬਾਅਦ ਵਿਚ ਇਸ ਕੌਮੀ ਮਿਸਨ ਦੀ ਪ੍ਰਾਪਤੀ ਤੋ ਮੂੰਹ ਮੋੜ ਚੁੱਕੀ ਸੀ । ਉਪਰੰਤ 01 ਮਈ 1994 ਨੂੰ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਸ ਸਮੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੌ. ਮਨਜੀਤ ਸਿੰਘ ਦੀ ਹਾਜਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਪੇਸ਼ ਹੋ ਕੇ ”ਅੰਮ੍ਰਿਤਸਰ ਐਲਾਨਨਾਮੇ” ਨੂੰ ਪ੍ਰਵਾਨ ਕਰਦੇ ਹੋਏ ਇਸਦੀ ਪ੍ਰਾਪਤੀ ਲਈ ਬਚਨ ਕੀਤਾ ਗਿਆ ਸੀ । ਇਸ ਲੀਡਰਸ਼ਿਪ ਵਿਚ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ, ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਕਰਨਲ ਜਸਮੇਰ ਸਿੰਘ ਬਾਲਾ, ਮਨਜੀਤ ਸਿੰਘ, ਜਗਦੇਵ ਸਿੰਘ ਤਲਵੰਡੀ ਅਤੇ ਦਾਸ (ਸਿਮਰਨਜੀਤ ਸਿੰਘ ਮਾਨ) ਵੱਲੋ ਸਾਂਝੇ ਤੌਰ ਤੇ ਦਸਤਖਤ ਕਰਦੇ ਹੋਏ ਪ੍ਰਣ ਕੀਤਾ ਗਿਆ ਸੀ । ਜਿਸ ਤੋ ਇਹ ਸਮੁੱਚੀ ਬਜੁਰਗ ਲੀਡਰਸ਼ਿਪ ਭੱਜ ਚੁੱਕੀ ਹੈ ਅਤੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕੀਤੇ ਗਏ ਪ੍ਰਣ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਦ੍ਰਿੜਤਾ ਪੂਰਵਕ ਅੱਜ ਵੀ ਸੰਘਰਸ਼ ਕਰ ਰਹੇ ਹਾਂ ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਬਜੁਰਗ ਲੀਡਰਸ਼ਿਪ ਜਿਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਲੰਮਾ ਸਮਾਂ ਸਿਆਸੀ ਦਾਅ-ਪੇਚਾਂ ਦੀ ਦੁਰਵਰਤੋ ਕਰਕੇ ਅਤੇ ਪੰਥ ਵਿਰੋਧੀ ਤਾਕਤਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਰਾਜ ਭਾਗ ਹੰਢਾਇਆ ਹੈ, ਅਜਿਹੀ ਲੀਡਰਸ਼ਿਪ ਨੇ ਸਿਆਸੀ ਤਾਕਤ ਦੀ ਪ੍ਰਾਪਤੀ ਲਈ ਆਪਣੇ-ਆਪ ਨੂੰ ਇਥੋ ਤੱਕ ਡੇਗ ਲਿਆ ਹੈ ਕਿ ਸਿੱਖੀ ਸੋਚ ਤੇ ਸਿਧਾਤਾਂ ਦਾ ਉਲੰਘਣ ਕਰਕੇ ਇਹ ਆਗੂ ਮੱਥੇ ਤਿਲਕ ਲਗਾਕੇ, ਮੁਕਟ ਬੰਨ੍ਹਕੇ, ਹਵਨ ਪੂਜਾ ਕਰਨ, ਸਿਵਲਿੰਗ ਦੀ ਪੂਜਾ ਕਰਨ, ਡੇਰੇਦਾਰ ਬਾਬਿਆ ਦੇ ਚਰਨਾਂ ਵਿਚ ਮੱਥੇ ਟੇਕ ਕੇ ਸਿੱਖ ਕੌਮ ਦੀ ਹੇਠੀ ਕਰਵਾਉਣ ਵਿਚ ਵੀ ਬਿਲਕੁਲ ਸਰਮ ਮਹਿਸੂਸ ਨਹੀਂ ਕਰਦੇ ਜਿਨ੍ਹਾਂ ਦੀਆਂ ਪ੍ਰਤੱਖ ਸੱਚਾਈ ਨੂੰ ਬਿਆਨ ਕਰਦੇ ਫੋਟੋਗ੍ਰਾਫ ਆਪ ਜੀ ਦੀ ਜਾਣਕਾਰੀ ਹਿੱਤ ਇਸ ਪ੍ਰੈਸ ਰੀਲੀਜ ਨਾਲ ਦੇ ਰਹੇ ਹਾਂ । ਜਦੋ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆ ਤੇ ਸਿੱਖ ਕੌਮ ਦੇ ਹੋਏ ਕਤਲੇਆਮ ਲਈ ਅਜਿਹੀ ਲੀਡਰਸ਼ਿਪ ਹੀ ਜ਼ਿੰਮੇਵਾਰ ਹੈ ਤਾਂ ਪੰਜਾਬ ਸੂਬੇ ਦੇ ਨਿਵਾਸੀਆ ਅਤੇ ਸਿੱਖ ਕੌਮ ਨੂੰ ਤਨਦੇਹੀ ਨਾਲ ਅਜਿਹੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਫਿਰਕੂ ਤਾਕਤਾਂ ਦੇ ਗੁਲਾਮ ਬਣੇ ਅਤੇ ਸਿੱਖੀ ਸਿਧਾਤਾਂ ਨੂੰ ਪੂਰਨ ਰੂਪ ਵਿਚ ਤਿਲਾਜਲੀ ਦੇ ਕੇ ਸਿੱਖ ਕੌਮ ਦਾ ਕਤਲੇਆਮ ਕਰਵਾਉਣ ਵਾਲੇ ਅਤੇ ਪੰਜਾਬ ਸੂਬੇ ਦੇ ਕੀਮਤੀ ਸਾਧਨਾਂ ਨੂੰ ਹੁਕਮਰਾਨਾਂ ਨੂੰ ਵੇਚਣ ਵਾਲਿਆ ਅਤੇ ਕੌਮ ਨਾਲ ਧੋਖੇ ਕਰਨ ਵਾਲੀ ਅਜਿਹੀ ਲੀਡਰਸ਼ਿਪ ਨੂੰ ਹੁਣ ਆਉਣ ਵਾਲੀਆ 2022 ਦੀਆਂ ਅਸੈਬਲੀ ਚੋਣਾਂ ਵਿਚ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਇਨ੍ਹਾਂ ਨੂੰ ਸ਼ਰਮਨਾਕ ਹਾਰ ਦੇਕੇ ਆਪਣੇ ਘਰਾਂ ਦਾ ਰਸਤਾ ਦਿਖਾਇਆ ਜਾਵੇ ਅਤੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਅਗਵਾਈ ਵਿਚ ਨਿਰੰਤਰ ਪੰਜਾਬ ਸੂਬੇ, ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਦ੍ਰਿੜਤਾ ਨਾਲ ਰੱਖਿਆ ਕਰਨ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜਾਵਾਂ ਦੇਣ, 328 ਲਾਪਤਾ ਕੀਤੇ ਗਏ ਪਾਵਨ ਸਰੂਪਾਂ ਦੇ ਦੋਸ਼ੀਆ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜਾ ਕਰਨ ਅਤੇ ਕਿਸਾਨੀ ਮਸਲਿਆ ਦੇ ਹੱਲ ਲਈ ਨਿਰੰਤਰ ਜੂਝਦੀ ਆ ਰਹੀ ਹੈ ਉਸ ਵੱਲੋ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਆਉਣ ਵਾਲੇ ਸਮੇ ਵਿਚ ਹਰ ਤਰ੍ਹਾਂ ਮਦਦ ਕਰਕੇ ਇਥੇ ਸਹੀ ਮਾਇਨਿਆ ਵਿਚ ਹਲੀਮੀ ਰਾਜ ਕਾਇਮ ਕਰਨ ਵਿਚ ਯੋਗਦਾਨ ਪਾਇਆ ਜਾਵੇ ।