ਫ਼ਤਹਿਗੜ੍ਹ ਸਾਹਿਬ – “ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲ ਵਰਗੀਆਂ ਸਿਆਸੀ ਪਾਰਟੀਆਂ ਨੇ ਆਪਣੀਆ-ਆਪਣੀਆ ਹਕੂਮਤਾਂ ਸਮੇ ਪੰਜਾਬ ਸੂਬੇ ਦੇ ਖਜਾਨੇ ਨੂੰ ਖੂਬ ਲੁੱਟਿਆ ਅਤੇ ਗੈਰ ਕਾਨੂੰਨੀ ਅਮਲ ਕਰਦੇ ਰਹੇ ਹਨ । ਅੱਜ ਜਦੋ ਬਾਦਲ ਦਲ ਗੈਰ ਸਿਧਾਤਿਕ ਤੇ ਗੈਰ ਸਮਾਜਿਕ ਕਾਰਵਾਈਆ ਦੀ ਬਦੌਲਤ ਪੰਜਾਬੀਆ ਤੇ ਸਿੱਖ ਕੌਮ ਦੀ ਨਜ਼ਰ ਵਿਚ ਮਨਫ਼ੀ ਹੋਣ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ, ਤਾਂ ਰਿਟਾਇਰਡ ਪੁਲਿਸ ਅਫ਼ਸਰ ਐਸ.ਐਸ. ਵਿਰਕ ਅਤੇ ਹੋਰਨਾਂ ਆਗੂਆਂ ਵੱਲੋ ਮੌਕਾਪ੍ਰਸਤੀ ਦੀ ਸੋਚ ਅਧੀਨ ”ਚੜ੍ਹਦੇ ਸੂਰਜ ਨੂੰ ਸਲਾਮ ਕਰਨ” ਵਾਲੀ ਕਹਾਵਤ ਨੂੰ ਪੂਰਨ ਕਰਦੇ ਹੋਏ ਆਪਣੇ ਸਿਆਸੀ ਅਤੇ ਮਾਲੀ ਫਾਇਦਿਆ ਲਈ ਉਸ ਫਿਰਕੂ ਪਾਰਟੀ ਵਿਚ ਸਾਮਿਲ ਹੋ ਰਹੇ ਹਨ ਅਜਿਹੇ ਮੌਕਾਪ੍ਰਸਤੀ ਦੀ ਸੋਚ ਅਧੀਨ ਹੋ ਰਹੀਆ ਕਾਰਵਾਈਆ ਪੰਜਾਬ ਸੂਬੇ, ਪੰਜਾਬੀਆ ਅਤੇ ਸਿੱਖ ਕੌਮ ਦੀ ਕਿਸੇ ਵੀ ਖੇਤਰ ਵਿਚ ਕਿਸੇ ਤਰ੍ਹਾਂ ਦੀ ਬਿਹਤਰੀ ਨਹੀਂ ਕਰ ਸਕਣਗੇ । ਬਲਕਿ ਗੈਰ ਕਾਨੂੰਨੀ ਅਤੇ ਅਣਮਨੁੱਖੀ ਢੰਗਾਂ ਦੀ ਵਰਤੋ ਕਰਕੇ ਪੰਜਾਬ ਸੂਬੇ ਦੇ ਨਿਵਾਸੀਆ ਉਤੇ ਜ਼ਬਰ ਜੁਲਮ ਵੀ ਕਰਦੇ ਰਹੇ ਹਨ ਅਤੇ ਪੰਜਾਬ ਦੀ ਮਾਲੀ ਹਾਲਤ ਨੂੰ ਜਾਣਬੁੱਝਕੇ ਨੁਕਸਾਨ ਪਹੁੰਚਾਉਦੇ ਰਹੇ ਹਨ । ਤਾਂ ਕਿ ਪੰਜਾਬ ਦੇ ਨਿਵਾਸੀ ਆਪਣੀ ਅਣਖ਼ ਗੈਰਤ ਨੂੰ ਕਾਇਮ ਰੱਖਦੇ ਹੋਏ ਕਿਸੇ ਸਮੇ ਸਿਆਸੀ ਤੌਰ ਤੇ ਇਨ੍ਹਾਂ ਫਿਰਕੂਆਂ ਨੂੰ ਮਾਤ ਨਾ ਦੇ ਦੇਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਰੋਧੀ ਫਿਰਕੂ ਬੀਜੇਪੀ ਜਮਾਤ ਵਿਚ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਫਾਇਦਿਆ ਲਈ ਬੀਜੇਪੀ ਪਾਰਟੀ ਵਿਚ ਸਾਮਿਲ ਹੋਣ ਵਾਲੀ ਅਫ਼ਸਰਸਾਹੀ ਅਤੇ ਆਗੂਆਂ ਉਤੇ ਕਰਾਰੀ ਚੋਟ ਕਰਦੇ ਅਤੇ ਇਸ ਮੁਤੱਸਵੀ ਪਾਰਟੀ ਤੋ ਪੰਜਾਬ ਨਿਵਾਸੀਆ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਾਰਥਿਕ ਉਮੀਦ ਨਾ ਰੱਖਣ ਲਈ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਅਤੇ ਅਫ਼ਸਰਸਾਹੀ ਨੇ ਬੀਤੇ ਸਮੇ ਵਿਚ ਗੈਰ ਸਮਾਜਿਕ ਅਤੇ ਗੈਰ ਕਾਨੂੰਨੀ ਕਾਰਵਾਈਆ ਦਾ ਸਹਾਰਾ ਲੈਕੇ ਹੁਕਮਰਾਨਾਂ ਨੂੰ ਖੁਸ਼ ਕਰਦੇ ਰਹੇ ਹਨ ਅਤੇ ਇਵਜਾਨੇ ਵੱਜੋ ਆਪਣੇ ਧਨ-ਦੌਲਤਾਂ ਦੇ ਭੰਡਾਰ, ਜਮੀਨਾਂ-ਜਾਇਦਾਦਾਂ ਬਣਾਉਣ ਵਿਚ ਵਾਧਾ ਕਰਦੇ ਰਹੇ ਹਨ, ਅੱਜ ਉਹ ਇਸ ਫਿਰਕੂ ਅਤੇ ਮਨੁੱਖਤਾ ਵਿਰੋਧੀ ਬੀਜੇਪੀ ਜਮਾਤ ਵਿਚ ਸਾਮਿਲ ਹੋ ਕੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਨਹੀਂ ਕਰ ਸਕਣਗੇ । ਬਲਕਿ ਉਨ੍ਹਾਂ ਦੀ ਕਾਲੀ ਦਾਗੀ ਹੋਈ ਚਾਂਦਰ ਉਤੇ ਹੋਰ ਕਾਲਖ ਹੀ ਨਜ਼ਰ ਆਵੇਗੀ । ਉਨ੍ਹਾਂ ਕਿਹਾ ਕਿ ਸਮਾਜ ਤੇ ਲੋਕ ਪੱਖੀ ਸਖਸ਼ੀਅਤਾਂ ਅਜਿਹੇ ਸਮਿਆ ਵਿਚ ਇਸ ਲਈ ਅਗਵਾਈ ਕਰ ਸਕਦੀਆ ਹਨ ਕਿ ਉਨ੍ਹਾਂ ਕੋਲ ਧਨ-ਦੌਲਤਾਂ, ਜਮੀਨਾਂ-ਜਾਇਦਾਦਾਂ ਦੇ ਭੰਡਾਰ ਦੀ ਬਜਾਇ ਉੱਚੇ-ਸੁੱਚੇ ਇਖਲਾਕ ਅਤੇ ਲੋਕ ਸੇਵਾ ਨੂੰ ਸਮਰਪਨ ਭਾਵਨਾ ਹੁੰਦੀ ਹੈ ਅਜਿਹੀਆ ਸਖਸ਼ੀਅਤਾਂ ਹੀ ਕਿਸੇ ਸਮਾਜ, ਕੌਮ, ਮੁਲਕ ਜਾਂ ਸੂਬੇ ਨੂੰ ਸਹੀ ਦਿਸ਼ਾ ਵੱਲ ਅਗਵਾਈ ਦੇ ਸਕਦੀਆ ਹਨ । ਜੋ ਲੋਕ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾਦਾਸ ਬਣਕੇ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੇ ਰਹਿਣ, ਉਨ੍ਹਾਂ ਤੋ ਕਿਸੇ ਤਰ੍ਹਾਂ ਦੀ ਵੀ ਕੋਈ ਅੱਛੀ ਆਸ ਨਹੀਂ ਰੱਖੀ ਜਾ ਸਕਦੀ । ਫਿਰ ਇੰਡੀਆ ਵਿਚ “ਪਾੜੋ ਤੇ ਰਾਜ ਕਰੋ”, ਵੱਖ-ਵੱਖ ਕੌਮਾਂ-ਧਰਮਾਂ ਵਿਚ ਨਫ਼ਰਤ ਪੈਦਾ ਕਰਕੇ, ਹਿੰਦੂਤਵ ਪੱਤਾ ਖੇਡਕੇ ਕਤਲੇਆਮ ਕਰਵਾਉਣ ਵਾਲੀ ਬੀਜੇਪੀ ਤੇ ਕਾਂਗਰਸ ਵਰਗੀਆ ਪਾਰਟੀਆ ਵਿਚ ਸਾਮਿਲ ਹੋਣ ਨਾਲ ਇਥੋ ਦੀ ਹਕੂਮਤ ਵਿਚ ਆਈਆ ਵੱਡੀਆ ਖਾਮੀਆ ਨੂੰ ਦੂਰ ਨਹੀਂ ਕੀਤਾ ਜਾ ਸਕਦਾ । ਬਲਕਿ ਸਿਧਾਤਾਂ, ਨਿਯਮਾਂ, ਅਸੂਲਾਂ ਅਤੇ ਸੱਚ ਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਜਾਂ ਪਾਰਟੀ ਨੂੰ ਤਾਕਤ ਦੇ ਕੇ ਹੀ ਇਥੋਂ ਦੇ ਨਿਵਾਸੀ ਦੋਸ਼ਪੂਰਨ ਪ੍ਰਬੰਧ ਤੋ ਖੁਲਾਸੀ ਪ੍ਰਾਪਤ ਕਰ ਸਕਦੇ ਹਨ । ਇਸ ਲਈ ਜੋ ਲੋਕ ਲਾਲਚ ਵੱਸ ਹੋ ਕੇ ਪਾਰਟੀਆਂ ਤਬਦੀਲੀਆ ਕਰਦੇ ਹਨ ਅਤੇ ਜਿਨ੍ਹਾਂ ਦੇ ਪਿੱਛਲੇ ਪਾਰਟੀਆ ਵਿਚ ਰਹਿਣ ਵਾਲੇ ਕ੍ਰਮ ਹੀ ਲੋਕ ਵਿਰੋਧੀ ਅਤੇ ਸਮਾਜ ਵਿਰੋਧੀ ਹੋਣ, ਉਹ ਦੂਸਰੀਆ ਪਾਰਟੀਆ ਵਿਚ ਜਾ ਕੇ ਵੀ ਕੋਈ ਅੱਛਾ ਨਤੀਜਾ ਨਹੀਂ ਕੱਢ ਸਕਦੇ । ਇਸ ਲਈ ਪੰਜਾਬ ਨਿਵਾਸੀਆ ਨੂੰ ਵੱਡੀਆ ਬੀਜੇਪੀ-ਕਾਂਗਰਸ ਪਾਰਟੀਆ ਵੱਲੋ ਜੋੜ-ਤੋੜ ਦੀ ਖੇਡੀ ਜਾ ਰਹੀ ਸਮਾਜ ਵਿਰੋਧੀ ਸਿਆਸਤ ਤੋ ਸੁਚੇਤ ਰਹਿੰਦੇ ਹੋਏ ਇਸ ਗੁੰਮਰਾਹਕੁੰਨ ਪ੍ਰਚਾਰ ਵਿਚ ਨਾ ਤਾਂ ਉਲਝਣਾ ਚਾਹੀਦਾ ਹੈ ਅਤੇ ਨਾ ਹੀ ਇਸ ਸਿਆਸੀ ਡਰਾਮੇ ਤੋ ਕਿਸੇ ਤਰ੍ਹਾਂ ਪ੍ਰਭਾਵਿਤ ਹੋਣਾ ਚਾਹੀਦਾ ਹੈ । ਬਲਕਿ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਆਉਣ ਵਾਲੇ ਸਮੇ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲ, ਬੀਜੇਪੀ ਦੀ ਬੀ-ਟੀਮ ਆਮ ਆਦਮੀ ਪਾਰਟੀ ਨੂੰ ਸਿਆਸਤ ਦੇ ਮੈਦਾਨ ਵਿਚੋ ਖਦੇੜਕੇ ਉੱਚੇ-ਸੁੱਚੇ ਇਖਲਾਕ ਵਾਲੀਆ ਸਖਸ਼ੀਅਤਾਂ ਨੂੰ 2022 ਦੀਆਂ ਚੋਣਾਂ ਵਿਚ ਅੱਗੇ ਲਿਆਉਣਾ ਚਾਹੀਦਾ ਹੈ ।