ਦਿੱਲੀ -: ਬੀਤੇ ਦਿਨੀ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਸਤੀਫਾ ਦੇਣ ਦੇ ਨਾਲ ਹੀ ਬੀ.ਜੇ.ਪੀ. ‘ਚ ਸ਼ਾਮਿਲ ਤੋਂ ਬਾਅਦ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਪੇਚੀਦਾ ਹਾਲਾਤ ਬਣੇ ਹੋਏ ਹਨ। ਇਸ ਸਬੰਧ ‘ਚ ਆਪਣੀ ਪ੍ਰਤਿਕਿਰਆ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਗੁਰੂਦੁਆਰਾ ਨਿਯਮਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਸ. ਸਿਰਸਾ ਦਾ ਅਸਤੀਫਾ ਮੰਜੂਰ ਕਰਨ ਲਈ ਕਮੇਟੀ ਦੇ ਜਨਰਲ ਸਕੱਤਰ ਵਲੋਂ ਜਨਰਲ ਹਾਉਸ ਦੀ ਮੀਟਿੰਗ ਬੁਲਾਣੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵੇਂ ਕਾਰਜਕਾਰੀ ਬੋਰਡ ਬਣਨ ਤੱਕ ਸ. ਸਿਰਸਾ ਕਾਰਜਕਾਰੀ ਪ੍ਰਧਾਨ ਵਜੌਂ ਕੰਮ ਕਰਦੇ ਹਨ ਤਾਂ ਉਹ ਵੀ ਗੈਰ-ਕਾਨੂੰਨੀ ਹੋਵੇਗਾ ਕਿਉਂਕਿ ਇਕ ਸਿਆਸੀ ਪਾਰਟੀ ਦੇ ਨੇਤਾ ਵਜੋਂ ਉਹ ਧਾਰਮਿਕ ਸੰਸਥਾਂ ਦਾ ਕੰਮ ਕਿਵੇਂ ਦੇਖ ਸਕਦੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀ ਸ. ਸਿਰਸਾ ਵਲੋਂ ਦਿੱਲੀ ਹਾਈ ਕੋਰਟ ‘ਚ ਇਕ ਅਰਜੀ ਦਾਖਿਲ ਕੀਤੀ ਗਈ ਹੈ ਜਿਸ ‘ਤੇ ਆਗਾਮੀ 9 ਦਿਸੰਬਰ ਨੂੰ ਸੁਣਵਾਈ ਹੋਣ ਦੀ ਆਸ ਹੈ, ਜਿਸ ‘ਚ ਅਦਾਲਤ ‘ਚ ਗੁਹਾਰ ਲਗਾਈ ਗਈ ਹੈ ਕਿ ਸ. ਸਿਰਸਾ ਵਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੀ ਦਿੱਲੀ ਗੁਰਦੁਆਰਾ ਕਮੇਟੀ ‘ਚ ਮੈਂਬਰੀ ਦੀ ਦਾਵੇਦਾਰੀ ਦੇ ਮਾਮਲੇ ਨੂੰ ਲੰਬਿਤ ਰਖਦਿਆਂ ਦਿੱਲੀ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦਾ ਗਠਨ ਕਰਨ ਦੀ ਇਜਾਜਤ ਦਿੱਤੀ ਜਾਵੇ। ਇਸ ਸਬੰਧ ‘ਚ ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜਦਕਿ ਦਿੱਲੀ ਗੁਰੂਦੁਆਰਾ ਕਮੇਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸ. ਸਿਰਸਾ ਨੂੰ ਆਪਣੀ ਮੈਂਬਰੀ ਦੀ ਦਾਵੇਦਾਰੀ ਨੂੰ ਤਿਆਗ ਕੇ ਇਹ ਪਟੀਸ਼ਨ ਵਾਪਿਸ ਲੈ ਲੈਣੀ ਚਾਹੀਦੀ ਸੀ।
ਸ. ਇੰਦਰ ਮੋਹਨ ਸਿੰਘ ਨੇ ਹੈਰਾਨਕੁੰਨ ਹੁੰਦਿੰਆ ਕਿਹਾ ਕਿ ਬੀ.ਜੇ.ਪੀ. ‘ਚ ਸ਼ਾਮਿਲ ਹੋਣ ਤੋਂ ਉਪਰੰਤ ਹੁਣ ਤੱਕ ਸ. ਸਿਰਸਾ ਨੇ ਨਾਂ ਤਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ‘ਤੇ ਨਾਂ ਹੀ ਉਨ੍ਹਾਂ ਨੂੰ ਬਾਦਲ ਧੜ੍ਹੇ ਵਲੌਂ ਪਾਰਟੀ ਚੋਂ ਕੱਢਿਆ ਗਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ‘ਤੇ ਦਿੱਲੀ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹਰਮੀਤ ਸਿੰਘ ਕਾਲਕਾ ਨੂੰ ਆਪਣਾ ਪੱਖ ਜਨਤਕ ਕਰਨ ਲਈ ਕਿਹਾ ਹੈ ਕਿ ਇਕ ਬੰਦਾ ਇਕੋ ਸਮੇਂ ਦੋ ਪਾਰਟੀਆਂ ਦਾ ਨੇਤਾ ਕਿਵੇਂ ਹੋ ਸਕਦਾ ਹੈ ‘ਤੇ ਕੀ ਇਕ ਸਿਆਸੀ ਪਾਰਟੀ ਬੀ.ਜੇ.ਪੀ. ਦਾ ਨੇਤਾ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਮਾਮਲਿਆਂ ‘ਚ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰ ਸਕਦਾ ਹੈ ? ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਕਾਨੂੰਨ ਮੁਤਾਬਿਕ ਸ. ਸਿਰਸਾ ਦਾ ਅਸਤੀਫਾ ਮੰਜੂਰ ਕਰਨ ਲਈ ਫੋਰੀ ਤੋਰ ‘ਤੇ ਦਿੱਲੀ ਗੁਰੂਦੁਆਰਾ ਕਮੇਟੀ ਦਾ ਜਨਰਲ ਇਜਲਾਸ ਸਦਣਾ ਚਾਹੀਦਾ ਹੈ ਜਿਸ ‘ਚ ਕੇਵਲ ਸਾਲ 2017 ‘ਚ ਚੁਣੇ ‘ਤੇ ਨਾਮਜਦ ਮੈਂਬਰ ਹੀ ਸ਼ਿਰਕਤ ਕਰ ਸਕਦੇ ਹਨ ਕਿਉਂਕਿ ਬੀਤੇ ਅਗਸਤ 2021 ‘ਚ ਹੋਈਆਂ ਦਿੱਲੀ ਗੁਰੁਦੁਆਰਾ ਚੋਣਾਂ ਤੋਂ ਉਪਰੰਤ ਹੁਣ ਤੱਕ ਨਵੇ ਜਨਰਲ ਹਾਉਸ ਦਾ ਗਠਨ ਨਹੀ ਹੋਇਆ ਹੈ। ਇਸ ਤੋਂ ਇਲਾਵਾ ਸ. ਸਿਰਸਾ ਪਿਛਲੇ ਜਨਰਲ ਹਾਉਸ ਦੇ ਮੈਂਬਰ ਵਜੋਂ ਹੀ ਕਮੇਟੀ ਦੇ ਪ੍ਰਧਾਨ ਬਣੇ ਸਨ, ਜਦਕਿ ਉਹ ਮੋਜੂਦਾ ਚੋਣਾਂ ਹਾਰ ਚੁੱਕੇ ਹਨ।