ਦਿੱਲੀ – : ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀਂ ਚੋਣਾਂ ਕਰਵਾਉਣ ਲਈ ਦਿੱਲੀ ਹਾਈ ਕੋਰਟ ਵਲੌਂ ਹਰੀ ਝੰਡੀ ਮਿਲ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਬੀਤੇ ਦਿਨੀ ਮਾਣਯੋਗ ਦਿੱਲੀ ਹਾਈ ਕੋਰਟ ਦੇ ਜਸਟਿਸ ਪ੍ਰਤੀਕ ਜਲਾਨ ਦੀ ਅਦਾਲਤ ‘ਚ ਦਿੱਲੀ ਗੁਰੁਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਯੋਗਤਾ ਨੂੰ ਵੰਗਾਰਣ ਸੰਬਧੀ ਪਟੀਸ਼ਨ ਦਾ ਨਿਬਟਾਰਾ ਕਰਦਿੰਆਂ ਨਵੇਂ ਜਨਰਲ ਹਾਉਸ ਦੇ ਗਠਨ ‘ਤੇ ਲਗੀ ਰੋਕ ਹਟਾ ਲਈ ਹੈ ਕਿਉਂਕਿ ਸ. ਸਿਰਸਾ ਵਲੋਂ ਅਦਾਲਤ ਨੂੰ ਦਸਿਆ ਗਿਆ ਹੈ ਕਿ ਉਹ ਹੁਣ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਲੀ ਗੁਰਦੁਆਰਾ ਕਮੇਟੀ ‘ਚ ਨਾਮਜਦ ਹੋਣ ਦੇ ਚਾਹਵਾਨ ਨਹੀ ਹਨ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਅਦਾਲਤ ਨੇ ਗੁਰੂਦੁਆਰਾ ਚੋਣ ਡਾਇਰੈਕਟਰ ਦੇ ਆਦੇਸ਼ਾਂ ‘ਤੇ ਆਪਣੀ ਕੋਈ ਟਿੱਪਣੀ ਨਹੀ ਦਿੱਤੀ ਹੈ, ਇਸ ਲਈ ਉਨ੍ਹਾਂ ਵਲੋਂ ਬੀਤੇ 21 ਸਿਤੰਬਰ 2021 ਨੂੰ ਸ. ਸਿਰਸਾ ਨੂੰ ਗੁਰਮੁਖੀ ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਨਾਮਜਦਗੀ ਲਈ ਅਯੋਗ ਕਰਾਰ ਦਿੱਤੇ ਜਾਣ ਵਾਲੇ ਆਦੇਸ਼ ਬਰਕਰਾਰ ਰਹਿਣਗੇ।
ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਹੁਣ ਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਛੇਤੀ ਹੀ ਕੋ-ਆਪਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਨਵੇਂ ਚੁਣੇ 46 ਮੈਂਬਰਾਂ ਦੀ ਮੀਟਿੰਗ ਸੱਦੀ ਜਾਵੇਗੀ ਜਿਸ ‘ਚ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਨਵੇਂ ਨੁਮਾਇੰਦੇ ਤੋਂ ਇਲਾਵਾ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ‘ਚੋਂ ਲਾਟਰੀ ਰਾਹੀ ਇਕ ਹੋਰ ਮੈਂਬਰ ਨੂੰ ਨਾਮਜਦ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਕੋ-ਆਪਸ਼ਨ ਪ੍ਰਕਿਰਿਆ ਤੋਂ ਬਾਅਦ ਚੋਣ ਡਾਇਰੈਕਟਰ ਵਲੋਂ ਦਿੱਲੀ ਕਮੇਟੀ ਦੇ ਸਾਰੇ ਚੁਣੇ ‘ਤੇ ਨਾਮਜਦ ਮੈਂਬਰਾਂ ਦੀ ਮੀਟਿੰਗ ਸੱਦ ਕੇ ਸਹੂੰ-ਚੁੱਕ ਸਮਾਗਮ ਤੋਂ ਉਪਰੰਤ ਨਵੇਂ ਕਾਰਜਕਾਰੀ ਬੋਰਡ ਦੀ ਚੋਣ ਕਰਵਾਈ ਜਾਵੇਗੀ। ਸ. ਇੰਦਰ ਮੋਹਨ ਸਿੰਘ ਨੇ ਆਸ ਪ੍ਰਗਟ ਕੀਤੀ ਹੈ ਕਿ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਜਨਰਲ ਹਾਉਸ ਇਸੇ ਮਹੀਨੇ ਦੇ ਅੰਤ ਤਕ ਹੋਂਦ ‘ਚ ਆ ਸਕਦਾ ਹੈ।