ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਉਸ ਵੇਲੇ ਕਿਸਾਨ ਦਾ ਦਿਲ ਪੁੱਛਿਆ ਜਾਣਦਾ ਹੈ ਜਦੋਂ ਪੱਕੀ ਫਸਲ ‘ਤੇ ਗੜੇਮਾਰੀ ਹੋ ਜਾਵੇ। ਵਿਦੇਸ਼ਾਂ ‘ਚ ਕ੍ਰਿਸਮਸ ਦੇ ਦਿਨ ਕਿਸਾਨ ਦੀ ਪੱਕੀ ਫਸਲ ਵਾਂਗ ਹੀ ਹੁੰਦੇ ਹਨ, ਜਦੋਂ ਕਾਰੋਬਾਰੀ ਲੋਕਾਂ ਨੇ ਕਮਾਈ ਕਰਨੀ ਹੁੰਦੀ ਹੈ। ਪਰ ਸਕਾਟਲੈਂਡ ਵਿੱਚ ਓਮੀਕਰੋਨ ਵੈਰੀਂਐਂਟ ਪੱਕੀ ਫਸਲ ‘ਤੇ ਗੜੇਮਾਰੀ ਦਾ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਕ੍ਰਿਸਮਸ ਦੇ ਇਕੱਠਾ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਨਵੇਂ ਨਵੇਂ ਐਲਾਨ ਕੀਤੇ ਗਏ ਹਨ ਤੇ ਕੀਤੇ ਜਾ ਸਕਦੇ ਹਨ। ਸਰਕਾਰ ਵੱਲੋਂ 100 ਮਿਲੀਅਨ ਪੌਂਡ ਦੇ ਸਹਾਇਤਾ ਫੰਡਾਂ ਦਾ ਐਲਾਨ ਕਰਕੇ ਯੂਕੇ ਸਰਕਾਰ ਤੋਂ ਹੋਰ ਵੀ ਵਿੱਤੀ ਪੈਕੇਜ ਮੰਗਿਆ ਗਿਆ ਹੈ। ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਨਾਂ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਹੋਰ ਵਧੇਰੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਟਲੈਂਡ ਦੇ ਲੋਕਾਂ ਨੂੰ ਪਹਿਲਾਂ ਹੀ ਕ੍ਰਿਸਮਸ ਪਾਰਟੀਆਂ ‘ਚ ਵਧੇਰੇ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਜਾ ਚੁੱਕੀ ਹੈ। 3 ਪਰਿਵਾਰਾਂ ਤੋਂ ਵਧੇਰੇ ਦੇ ਇਕੱਠੇ ਨਾਂ ਹੋਣ ਬਾਰੇ ਵੀ ਕਿਹਾ ਗਿਆ ਹੈ ਤੇ ਕੰਮਾਂ ‘ਤੇ ਹੋਣ ਵਾਲੀਆਂ ਪਾਰਟੀਆਂ ਵੀ ਮੁਅੱਤਲ ਕਰਨ ਲਈ ਕਿਹਾ ਗਿਆ ਹੈ। ਤਿਉਹਾਰਾਂ ਦੇ ਦਿਨਾਂ ‘ਚ ਕਮਾਈ ਕਰਨ ਦੇ ਇੱਛਕ ਕਾਰੋਬਾਰੀ ਲੋਕਾਂ ਦੇ ਇਹ ਪਾਬੰਦੀਆਂ ਹਜ਼ਮ ਨਹੀਂ ਆ ਰਹੀਆਂ। ਉਹਨਾਂ ਵੱਲੋਂ ਇਸ ਸਥਿਤੀ ਨੂੰ ਹਨੇਰੀ ਸੁਰੰਗ ਦੇ ਅਖੀਰ ਵਿੱਚ ਵੀ ਕੋਈ ਚਾਨਣ ਨਾ ਹੋਣਾ ਖਿਆਲ ਕੀਤਾ ਜਾ ਰਿਹਾ ਹੈ। ਸਕਾਟਿਸ਼ ਵਿੱਤ ਸਕੱਤਰ ਕੇਟ ਫੋਰਬਜ ਨੇ ਯੂਕੇ ਸਰਕਾਰ ਨੂੰ ਕਿਹਾ ਹੈ ਕਿ ਸਕਾਟਲੈਂਡ ਦੇ ਕਾਰੋਬਾਰਾਂ ਨੂੰ ਡੁੱਬਣੋਂ ਬਚਾਉਣ ਲਈ ਤੁਰੰਤ 500 ਮਿਲੀਅਨ ਪੌਂਡ ਦਾ ਵਿੱਤੀ ਸਹਾਇਤਾ ਫੰਡ ਜਾਰੀ ਕੀਤਾ ਜਾਵੇ। ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਬੌਰਿਸ ਜੌਹਨਸਨ ਨੂੰ ਇਸ ਆਰਥਿਕ ਝਟਕੇ ‘ਚੋਂ ਕਾਰੋਬਾਰਾਂ ਨੂੰ ਬਾਹਰ ਕੱਢਣ ਲਈ ਸਹਾਇਤਾ ਦੀ ਮੰਗ ਕੀਤੀ ਹੈ।
ਸਕਾਟਲੈਂਡ : ਕ੍ਰਿਸਮਸ ਮੌਕੇ ਕਾਰੋਬਾਰਾਂ ‘ਤੇ ਓਮੀਕਰੋਨ ਦੀ ਗੜੇਮਾਰੀ, ਯੂਕੇ ਸਰਕਾਰ ਤੋਂ ਮੰਗਿਆ ਵਿੱਤੀ ਪੈਕੇਜ
This entry was posted in ਅੰਤਰਰਾਸ਼ਟਰੀ.