ਸਾਕਾ ਸਰਹੰਦ

ਲੜਨਾ ਕੌਮ ਖ਼ਾਤਰ, ਮਰਨਾ ਕੌਮ ਖ਼ਾਤਰ, ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ।
ਉਹ ਕੌਮ ਮਰਜੀਵੜੇ ਕਰੇ ਪੈਦਾ, ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ ।

 ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇ੍ਹਨਾਂ ਵਿੱਚੋਂ ਹੀ ‘ਸਾਕਾ ਸਰਹੰਦ’ ਜਾਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਇੱਕੋ ਇੱਕ ਅਜਿਹਾ ਸਾਕਾ ਹੈ, ਜਿਸ ਵਿੱਚ ਕੇਵਲ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਅਣਖ਼ ਅਤੇ ਗ਼ੇੈਰਤ ਦਾ ਅਜਿਹਾ ਸਬੂਤ ਦਿੱਤਾ ਜਿਸਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ । ਅੱਜ ਵੀ ਇਸ ਸਾਕੇ ਤੋਂ ਰੋਸਨੀ ਲੈ ਕੇ ਗੁਰੁੂ ਨਾਨਕ ਨਾਮ ਲੇਵਾ ਸਿੱਖ ਜਿਥੇ ਵੀ ਵੱਸਦਾ ਹੈ, ਆਪਣੇ ਧਰਮ ਲਈ, ਮਾਨਵਤਾ ਦੇ ਲਈ ਮਰ ਮਿਟਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।
 ਗੱਲ ਉਸ ਸਮੇਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਲਿਆ ਅਤੇ 6-7 ਮਹੀਨੇ ਘੇਰਾ ਜਾਰੀ ਰਿਹਾ। ਫਿਰ ਦੁਸ਼ਮਣਾਂ ਨੇ ਸਤਿਗੁਰੂ ਜੀ ਕੋਲ ਝੂਠੀਆਂ ਕਸਮਾਂ ਖਾਧੀਆਂ ਕਿ ਆਪ ਜੀ ਕਿਲ੍ਹੇ ਨੂੰ ਖਾਲੀ ਕਰ ਦੇਵੋ ਅਸੀਂ ਆਪ ਜੀ ਨੂੰ ਕੁਝ ਨਹੀਂ ਕਹਾਂਗੇ। ਅਤੇ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ  ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਅਤੇ ਅਜੇ ਕੁੱਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਦੇ ਟਿੱਡੀ ਦਲ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਛਿੱਕੇ ਤੇ ਟੰਗਦਿਆਂ ਸਿੱਖਾਂ ਉਪਰ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਵੀ ਚ੍ਹੜੀ ਹੋਈ ਸੀ। ਮੈਦਾਨ-ਏ-ਜੰਗ ਵਿੱਚ ਸਰਸਾ ਦੇ ਕੰਢੇ ਤੋਂ ਜਦੋਂ ਸਾਹਿਬੇ ਕਮਾਲ ਚੋਜੀ ਪ੍ਰੀਤਮ ਗੁਰੂੁ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਥੇ ਇੱਕ ਗੱਲ ਜ਼ਰੂਰ ਨੋਟ ਕਰਨੀ ਕਿ “ਜੇ ਗੁਰੂੁ ਪਾਤਸ਼ਾਹ ਚਾਹੁੰਦੇ ਤਾਂ ਇੱਥੇ ਵੀ ਆਪਣੇ ਪਰਿਵਾਰ ਨੂੰ ਬਚਾ ਕੇ ਨਹੀਂ ਰੱਖ ਸਕਦੇ ਸਨ ?” ਬਿਲਕੁਲ ਰੱਖ ਸਕਦੇ ਸਨ ਪਰ ਸੰਸਾਰ ਨੂੰ ਇੱਕ ਮਿਸਾਲ ਦੇਣੀ ਸੀ ਕਿ ਗੁਰੁੂ ਦਾ ਸਿੱਖ ਭਾਵੇਂ 6 ਅਤੇ 8 ਸਾਲ ਦੀ ਉਮਰ ਦਾ ਹੋਵੇ, ਭਾਵੇਂ ਉਹ ਬੁਢੜੀ ਮਾਤਾ, ਬਿਰਧ ਹੋਵੇ, ਭਾਵੇਂ ਗੁਰੂ ਕੇ ਮਹਿਲ ਹੋਣ ਜਾਂ ਗੁਰੂ ਪਾਤਸ਼ਾਹ ਆਪ ਹੋਣ ਜਾਂ ਫਿਰ ਭਾਵੇਂ ਗਿਣਤੀ ਦੇ ਭੁੱਖੇ-ਭਾਣੇ 40 ਸਿੰਘ ਹੋਣ ਸਿੱਖੀ ਸਿਧਾਂਤ ਵਾਸਤੇ ਜੂਝ ਕੇ ਮਰਨਾ ਪਵੇਗਾ ।
       ਜਦ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਫਿਰ ਕਦੇ ਵੀ ਮੇਲ ਨਾ ਹੋ ਸਕਿਆ। ਤਾਂ ਪਰਿਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਹਾਮਣ (ਜੋ 20-22 ਸਾਲ ਦੇ ਕਰੀਬ ਗੁਰੂ ਘਰ ਦਾ ਨੌਕਰ ਵੀ ਰਹਿ ਚੁੱਕਾ ਸੀ) ਆਪਣੇ ਪਿੰਡ ਲੈ ਗਿਆ ਅਤੇ ਲਾਲਚ ਵੱਸ ਆ ਕੇ ਛੋਟੇ ਸਾਬਿਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿੱਚ ਜਾ ਕੇ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੇ ਦਿੱਤੀ। ਕਿ ਬਾਗ਼ੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਅਤੇ ਲਾਲ ਮੇਰੇ ਘਰ ਵਿੱਚ ਹਨ। ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਅਤੇ ਸੂਹ ਦੇਣ ਬਦਲੇ ਰੱਖਿਆ ਇਨਾਮ ਮੈਨੂੰ ਦੇ ਦੇਵੋ। ਜਿਸ ਦੀ ਬਦੋਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਇਹ 21-22 ਦਸੰਬਰ ਦੀ ਠੰਡੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ ।
 ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ।’ ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਹਿ ਬੁਲਾ ਦਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ ! ਇਹ ਤੁਹਾਡੇ ਗੁਰੁੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੁੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।
 ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ । ਪਹਿਲਾਂ ਕਿਸੇ ਨੂੰ ਬਹੁੱਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ । ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ । ਇਹ ਤਿੰਨੇ ਤਰੀਕੇ ਗੁਰੁੂ ਕੇ ਲਾਲਾਂ ਤੇ ਵੀ ਅਜ਼ਮਾਏ ਗਏ।
   ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ? ਲ਼ਾਲ ਕਹਿਣ ਲੱਗੇ:

“ਵਿੱਚ ਜੰਗਲਾਂ ਜਾਵਾਂਗੇ,
ਸਿੱਖਾਂ ਨੂੰ ਜੋੜ ਲਿਆਵਾਂਗੇ
(ਭਾਵ ਇਕੱਠੇ ਕਰਾਂਗੇ)
ਸ਼ਸਤਰ ਇਕੱਠੇ ਕਰਾਂਗੇ,
ਘੋੜਿਆਂ ਉਪਰ ਚੜ੍ਹਾਂਗੇ,
ਨਾਲ ਤੁਹਾਡੇ ਲੜਾਂਗੇ।”
  
 ਦਰਬਾਰੀ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ। ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜ਼ਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ :
“ਦਸਮੇਸ਼ ਪਿਤਾ ਦੇ ਬੱਚੜੇ ਹਾਂ,
ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,
ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ,
ਅੰਦਰੋਂ ਫੋਲਾਦ ਦੇ ਬਣੇ ਹੋਏ ਹਾਂ ।”

ਤਾਂ ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੁੂ ਕੇ ਲਾਲ ਕਹਿਣ ਲੱਗੇ, “ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦਈਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
(ਸਲੋਕ ਵਾਰਾਂ ਤੇ ਵਧੀਕ ਮ.1, ਪੰਨਾ 1412)

ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰ ਦੇ ਦੰਦੇ ।”
ਤਾਂ ਅਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, ਸੋਚ ਫਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾ।”
ਤਾਂ ਅਗੋਂ ਜਵਾਬ ਸੀ,“ਓਏ ਮੇਰੇ ਬਾਬੇ ਅਰਜਨ ਨੇ, ਇਸਤੇ ਵੀ ਅੰਗ ਤੁਲਵਾ ਕੇ ਦੇਖ ਲਏ ਨੇ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਗ ਉਬਾਲੇ ਜਾਸੋ ।”
ਅਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”
 ਸ਼ਾਹਿਜ਼ਾਦੇ ਕਹਿਣ ਲੱਗੇ, “ਤੂੰ ਜਿੰਨਾਂ ਮਰਜ਼ੀ ਜ਼ੁਲਮ ਕਰ ਲੈ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।”  
 ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਉਸਨੇ ਆਪਣਾ ਤਨ, ਮਨ, ਧਨ  ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ ਗੁਰੁ ਪਾਤਸ਼ਾਹ ਜੀ ਦੇ ਹੁਕਿਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ ॥    
(ਰਾਮਕਲੀ ਮ. 3, ਪੰਨਾ 918)

 ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੁੂ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖ਼ਤ ਤੇ ਤਾਜ਼ ਮਿਲੇਗਾ । ਤਾਂ ਅੱਗੋਂ ਜੁਆਬ ਸੀ,
“ਜੁੱਤੀ ਦੀ ਇੱਕ ਠੋਕਰ ਨਾਲ
ਤਖ਼ਤ ਤੇ ਤਾਜ਼ ਠੁਕਰਾ ਸਕਦੇ ਹਾਂ,
ਨੀਹਾਂ ਵਿੱਚ ਚਿਣਵਾ ਕੇ ਆਪਾ,
ਰੋਮ-ਰੋਮ ਮੁਸਕਰਾ ਸਕਦੇ ਹਾਂ ।”

ਵਜ਼ੀਰ ਖਾਂ ਕਹਿਣ ਲੱਗਾ ਕਿ ਤੁਹਾਨੂੰ ਪਤਾ ਨਹੀਂ ਕਿ ਤਖ਼ਤ ਤਾਜ ਦੀ ਕੀਮਤ ਕਿੰਨੀ ਹੈ। ਤੁਹਾਨੂੰ ਹੂਰਾਂ ਦੇ ਡੋਲੇ ਮਿਲਣਗੇ। ਪਰ ਸਾਹਿਬਜ਼ਾਦਿਆਂ ਦਾ ਇੱਕੋ ਜਵਾਬ ਸੀ ਕਿ ਸਾਨੂੰ ਆਪਣੀ ਸਿੱਖੀ ਤੋਂ ਵੱਧ ਕੁਝ ਵੀ ਪਿਆਰਾ ਨਹੀਂ। ਸਾਡੀ ਸਿੱਖੀ ਤੋਂ ਕੀਮਤੀ ਸ਼ੈਅ ਦੁਨੀਆਂ ਤੇ ਕੋਈ ਹੋਰ ਹੋ ਈ ਨਹੀਂ ਸਕਦੀ। ਅਸੀਂ ਤੇਰੇ ਰਾਜ ਭਾਗ ਨੂੰ ਸਿੱਖੀ ਸਾਹਮਣੇ ਤੁੱਛ ਸਮਝਦੇ ਹਾਂ।
 ਜਦ ਸਫਲਤਾ ਹੱਥ ਨਾ ਲੱਗੀ ਤਾਂ ਅੰਤ ਵਜ਼ੀਰ ਖਾਂ ਨੇ ਕਾਜ਼ੀ ਨਾਲ ਸਲਾਹ ਕਰਕੇ ਫ਼ਤਵਾ ਦੇ ਦਿੱਤਾ ਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ । ਇੱਕ ਵਾਰ ਫਿਰ ਵਜ਼ੀਰ ਖਾਂ ਨੇ ਜੱਲਾਦਾਂ ਦੇ ਜ਼ਰੀਏ ਲਾਲਾਂ ਨੂੰ ਡਰਾ ਕੇ ਸਿੱਖੀ ਤਿਆਗਣ ਲਈ ਕਿਹਾ। ਜੱਲਾਦ ਕਹਿਣ ਲੱਗੇ ਬੱਚਿਉ, ਤੁਸੀਂ ਮਾਸੂਮ ਜਿੰਦਾਂ ਹੋ, ਵਜ਼ੀਰ ਖਾਂ ਦਾ ਆਖਾ ਮੰਨ ਲਉ, ਅਗੇ ਕਹਿਣ ਲੱਗੇ ਅਸੀਂ ਖਾਨਦਾਨੀ ਜੱਲਾਦ ਹਾਂ, ਤੁਹਾਡੇ ਵਰਗੇ ਕਈ ਮਾਰ ਛੱਡੇ ਹਨ। ਧਰਮ ਨੂੰ ਛੱਡ ਦਿਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ । ਸਾਜਿਬਜ਼ਾਦੇ ਜੋਸ਼ ਵਿੱਚ ਆ ਕੇ ਕਹਿਣ ਲੱਗੇ, ਤੁਸੀਂ ਵੀ ਸਾਡੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ, “ਜੇ ਤੁਸੀਂ ਖ਼ਾਨਦਾਨੀ ਜੱਲਾਦ ਹੋ ਨਾ, ਤਾਂ ਫਿਰ ਅਸੀਂ ਵੀ ਖ਼ਾਨਦਾਨੀ ਸ਼ਹੀਦ ਹਾਂ। ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੀ ਜਾਵੋ।” ਅਤੇ  ਕਹਿਣ ਲੱਗੇ ਤੂੰ ਸਾਡੇ ਵੰਸ਼ ਦੀ ਰੀਤ ਨਹੀਂ ਸੁਣੀਂ ਤਾਂ ਸੁਣ ਲੈ :

ਹਮਰੇ ਬੰਸ ਰੀਤਿ ਇਮ ਆਈ।
ਸੀਸ ਦੇਤਿ ਪਰ ਧਰਮ ਨਾ ਜਾਈ ॥

ਆਖਿਰ ਇਹ ਕਹਿੰਦਿਆਂ :

ਹਮ ਜਾਨ ਦੇਕਰ ਔਰੋਂ ਕੀ ਜਾਨ ਬਚਾ ਚਲੇ,
ਸਿੱਖੀ ਕੀ ਨੀਂਵ   ਸਿਰੋਂ ਪੇ ਉਠਾ ਚਲੇ।

ਹੱਸਦਿਆਂ-ਹੱਸਦਿਆਂ ਦੋਵੇਂ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੁੂ  ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਸ਼ਹੀਦੀਆਂ ਪਾ ਗਏ ਪਰ ਜ਼ਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਗੱਲ ਨਹੀਂ ਮੰਨੀ ਅਤੇ ਉਹਨਾਂ ਦਾ ਸੁਪਨਾ ਕਦੇ ਵੀ ਪੂਰਾ ਨਾ ਹੋਣ ਦਿੱਤਾ। ਉਸ ਸਮੇਂ ਦਾ ਹਾਲ ਲਿਖਿਆ ਹੈ ਜੋਗੀ ਅੱਲਾ ਯਾਰ ਖਾਂ ਨੇ:

ਠੋਡੀ ਤਕ ਈਂਟੇਂ ਚੁਨ ਦੀ ਗਈਂ
ਮੂੰਹ ਤਕ ਆ ਗਈਂ,
ਬੀਨੀ (ਨੱਕ) ਕੋ ਢਾਪਤੇ ਹੀ
ਵੁਹ ਆਖੋਂ ਪਰ ਛਾ ਗਈ।
ਹਰ ਚਾਂਦ ਸੀ ਜਬੀਨ (ਮੱਥਾ) ਕੋ
ਘਨ (ਗ੍ਰਹਣ) ਸਾ ਲਗਾ ਗਈ,
ਲਖ੍ਹਤੇ-ਜਿਗਰ (ਜਿਗਰ ਦੇ ਟੋਟੇ) ਗੁਰੂ ਕੇ
ਵਹੁ ਦੋਨੋਂ ਛੁਪਾ ਗਈ।
ਜੋਗੀ ਜੀ ਇਸ ਕੇ ਬਾਦ
ਹੁਈ ਥੋੜੀ ਦੇਰ ਥੀ,
ਬਸਤੀ ਸਰਹੰਦ ਸ਼ਹਿਰ ਕੀ,
ਈਟੋਂ ਕਾ ਢੇਰ ਥੀ।

ਜਦ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ ਪੁੱਜੀ ਤਾਂ ਮਿਰਜਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ:

ਬੇਟੋਂ ਕੇ ਕਤਲ ਹੋਣੇ ਕੀ
ਪਹੁੰਚੀ ਜੂੰ ਹੀ ਖਬਰ।
ਜਾਨਾ ਕਿ ਬਾਪ ਨੇ
ਹੂਏ ਕਤਲ ਵੇ ਪਿਸ਼ਰ।
ਸ਼ੁਕਰ ਅਕਾਲ ਪੁਰਖ ਕਾ
ਕੀਆ ਤਬ ਉਠਾ ਕੇ ਸਰ।
ਔਰ ਅਰਜ਼ ਕੀ ਕਿ
ਬੰਦੇ ਪਰ ਕ੍ਰਿਪਾ ਕੀ ਕਰ ਨਜ਼ਰ।
ਮੁਝਸੇ ਆਜ ਤੇਰੀ ਅਮਾਨਤ ਅਦਾ ਹੁਈ,
ਬੇਟੋਂ ਕੀ ਜਾਂ (ਜਾਨ),
ਧਰਮ ਕੀ ਖਾਤਿਰ ਫ਼ਿਦਾ ਹੁਈ।

ਠੀਕ ਲਿਖਿਆ ਹੈ ਕਿਸੇ ਸਾਇਰ ਨੇ:

ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, 
ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ।
ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ,
ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ।

ਪਰ ਅਤਿ ਅਫਸੋਸ ਕੌਮ ਦੇ ਵਾਰਿਸ ਐ ਨੌਜਵਾਨ ਵੀਰੋ ਅਤੇ ਭੈੇਣੋਂ ਅੱਜ ਸ਼ੀਸ਼ੇ ਅੱਗੇ ਖਲੋ ਕੇ ਆਪਣੀਆਂ ਸ਼ਕਲਾਂ ਦੇਖੋ ਕਿ ਤੁਸੀਂ ਵਾਕੇਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਵੀਰ ਅਤੇ ਭੈਣਾਂ ਅਖਵਾਉਣ ਦੇ ਹੱਕਦਾਰ ਹੋ ? ਅੱਜ ਤੁਸੀਂ ਆਪਣੇ ਕੇਸ-ਦਾੜ੍ਹੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ, ਅਤੇ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ। ਇੰਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗਰੀਬ ਕਿਉਂ ਹੁੰਦੀ ਜਾ ਰਹੀ ਹੈ? ਜਾਗ ਨੌਜਵਾਨ ਜਾਗ ਸਾਡੇ ਸਿਰ ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਰਜ਼ ਹੈ –

“ਹਮਰੈ ਮਸਤਕਿ ਦਾਗੁ ਦਗਾਨਾ,
ਹਮ ਕਰਜ ਗੁਰੁੂ ਬਹੁ ਸਾਢੇ ॥”      
(ਪੰਨਾ-171)

ਆਜਾ ਵਾਪਿਸ ਅਤੇ ਮੁੜ ਸਾਬਤ ਸੂਰਤ ਅਤੇ ਸਿਰ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ਤੇ ਮਾਣ ਕਰ । ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰੀਏ । ਆਉ! ਸ਼ਾਹਿਬਜ਼ਾਦਿਆਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਉਹ ਕੌਮਾਂ ਹਮੇਸ਼ਾਂ ਜਿਊਂਦੀਆਂ ਰਹਿੰਦੀਆਂ ਹਨ ਜਿੰਨਾਂ ਦੇ ਪੈਰੋਕਾਰ ਧਰਮ ਲਈ ਕੁਰਬਾਨੀਆਂ ਕਰ ਜਾਂਦੇ ਹਨ:

ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ,
ਵਰ ਜਿੰਨ੍ਹਾਂ ਦੇ ਘਾਲਣਾ ਘਾਲਦੇ ਨੇ।
ਛੰਨੇ ਦੇ ਫੜ੍ਹ ਕੇ ਪੁੱਤ ਜਿਸਦੇ,
ਆਪਣੀ ਕੌਮ ਨੂੰ ਅੰਮ੍ਰਿਤ ਪਿਲਾਂਵਦੇ ਨੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>