ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਲੜੀ ਤਹਿਤ ਜਾਣਕਾਰੀ ਦਿੰਦਿਆਂ ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਨੇ ਦੱਸਿਆ ਕਿ ਸਕਾਟਲੈਂਡ ਦੇ ਨਾਈਟ ਕਲੱਬ 27 ਦਸੰਬਰ ਤੋਂ ਤਿੰਨ ਹਫ਼ਤਿਆਂ ਲਈ ਬੰਦ ਹੋਣ ਵਾਲੇ ਹਨ। ਇਹ ਫੈਸਲਾ ਓਮੀਕਰੋਨ ਵੇਰੀਐਂਟ ਦੇ ਕਾਰਨ ਇਸ ਹਫਤੇ ਦੇ ਸ਼ੁਰੂ ਵਿੱਚ ਵੱਡੇ ਸਮਾਗਮਾਂ ਅਤੇ ਪਰਾਹੁਣਚਾਰੀ ਸਥਾਨਾਂ ‘ਤੇ ਤਾਜ਼ਾ ਪਾਬੰਦੀਆਂ ਲਗਾਉਣ ਤੋਂ ਬਾਅਦ ਆਇਆ ਹੈ। ਸਵਿੰਨੇ ਅਨੁਸਾਰ ਨਾਈਟ ਕਲੱਬਾਂ ਨੂੰ ਗਾਹਕਾਂ ਵਿਚਕਾਰ 1 ਮੀਟਰ ਦੂਰੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਦੀ ਜਗ੍ਹਾ ਤਿੰਨ ਹਫ਼ਤਿਆਂ ਲਈ ਬੰਦ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਾਰੋਬਾਰਾਂ ਦੀ ਸਹਾਇਤਾ ਲਈ ਫੰਡ ਉਪਲਬਧ ਕਰਵਾਏ ਜਾਣਗੇ। ਇਸਦੇ ਇਲਾਵਾ ਨਾਈਟ ਕਲੱਬਾਂ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਬਾਰ ਬਣ ਕੇ ਖੁੱਲੇ ਰਹਿਣ ਦਾ ਬਦਲ ਹੋਵੇਗਾ ਪਰ ਸਰੀਰਕ ਦੂਰੀ ਅਤੇ ਟੇਬਲ ਸੇਵਾ ਨੂੰ ਲਾਗੂ ਕਰਨ ਦੀ ਜ਼ਰੂਰਤ ਹੋਵੇਗੀ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਲੋਕਾਂ ਨੂੰ ਆਪਣੀਆਂ ਕ੍ਰਿਸਮਿਸ ਯੋਜਨਾਵਾਂ ਨੂੰ ਰੱਦ ਕਰਨ ਲਈ ਨਹੀਂ ਕਿਹਾ ਗਿਆ ਹੈ, ਪਰ ਜਿੰਨਾ ਸੰਭਵ ਹੋ ਸਕੇ ਘਰ ਵਿੱਚ ਰਹਿਣ ਅਤੇ ਕਿਸੇ ਵੀ ਇਕੱਠ ਨੂੰ ਤਿੰਨ ਘਰਾਂ ਤੱਕ ਸੀਮਤ ਕਰਨ ਲਈ ਕਿਹਾ ਗਿਆ ਹੈ।