ਨਵੀਂ ਦਿੱਲੀ – ਦਿੱਲੀ ਨਗਰ ਨਿਗਮ ਦੇ ਸਕੂਲਾਂ ਵਿਚ 60 ਸਾਲ ਤੋਂ ਵੱਧ ਉਮਰ ਦੀਆਂ ਪਿਛਲੇ 30 ਸਾਲ ਤੋਂ ਪੰਜਾਬੀ ਪੜ੍ਹਾ ਰਹਿਆਂ 95 ਮਾਸਟਰਨੀਆਂ ਦੀ ਆਰਜ਼ੀ ਟੀਚਰਾਂ ਵਜੋਂ ਮੁੜ ਬਹਾਲੀ ਹੋ ਗਈ ਹੈ। ਪੰਜਾਬੀ ਅਕਾਦਮੀ ਤਹਿਤ ਕਾਰਜ਼ ਕਰ ਰਹੀਆਂ ਉਕਤ ਟੀਚਰਾਂ ਨੂੰ ਅਕਾਦਮੀ ਨੇ ਵਾਧੂ ਉਮਰ ਦਾ ਹਵਾਲਾ ਦੇਕੇ ਪਿਛਲੇ ਦਿਨੀਂ ਫਾਰਗ ਕਰ ਦਿੱਤਾ ਸੀ। ਜਿਸ ਕਰਕੇ ਪਿਛਲੇ 6 ਮਹੀਨਿਆਂ ਤੋਂ ਅਕਾਦਮੀ ਖਿਲਾਫ ਇਹ ਟੀਚਰਾਂ ਮੁਜ਼ਾਹਰਾ ਕਰਦੀਆਂ ਫਿਰਦੀਆਂ ਸਨ। ਇਸ ਸੰਘਰਸ਼ ਦੌਰਾਨ ਜਾਗੋ ਪਾਰਟੀ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਨ ਲਈ ਆਪਣੀ ਆਗੂ ਬੀਬੀ ਹਰਜੀਤ ਕੌਰ ਦੀ ਅਗਵਾਈ ਹੇਠ ਆਈਆਂ ਮਾਸਟਰਨੀਆਂ ਨੇ ਨੌਕਰੀ ਬਹਾਲੀ ਲਈ ਟੀਮ ਜਾਗੋ ਵੱਲੋਂ ਕੀਤੇ ਗਏ ਯਤਨਾਂ ਕਰਕੇ ਜਾਗੋ ਆਗੂਆਂ ਨੂੰ ਦਿਲੋਂ ਆਸੀਸਾਂ ਦਿਤੀਆਂ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ, ਸੀਨੀਅਰ ਆਗੂ ਡਾਕਟਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖਾਲਸਾ, ਮਹਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੂੰ ਸ਼ਾਲ ਤੇ ਫੂਲਾਂ ਦਾ ਗੁਲਦਸਤਾ ਦੇਕੇ ਮਾਸਟਰਨੀਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਦਸਿਆ ਕਿ ਜਦੋਂ ਮੇਰੇ ਸਾਹਮਣੇ ਇਨ੍ਹਾਂ ਮਾਸਟਰਨੀਆਂ ਨਾਲ ਹੋਏ ਧੱਕੇ ਦੀ ਜਾਣਕਾਰੀ ਆਈ ਤਾਂ ਮੈਂ ਪਰਮਿੰਦਰ ਨੂੰ ਇਨ੍ਹਾਂ ਦੇ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਲਈ ਕਿਹਾ ਅਤੇ ਇਕ ਵਾਰ ਮੈਂ ਖੁਦ ਵੀ ਮੁਜ਼ਾਹਰੇ ‘ਚ ਸ਼ਾਮਲ ਹੋਇਆ। ਜਿਸ ਕਰਕੇ ਲੜੀਵਾਰ ਹੋਏ ਮੁਜ਼ਾਹਰਿਆਂ ਕਰਕੇ ਅਕਾਦਮੀ ਅਤੇ ਦਿੱਲੀ ਸਰਕਾਰ ਦਬਾਅ ਹੇਠ ਆਈ। ਉਸ ਤੋਂ ਬਾਅਦ ਰਾਣਾ ਦੀ ਜ਼ਿਮੇਵਾਰੀ ਇਨ੍ਹਾਂ ਨਾਲ ਉਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਨਾਲ ਮਿਲਾਉਣ ਦੀ ਲਾਈ ਅਤੇ ਮੇਅਰ ਨੇ ਉਸ ਉਪਰੰਤ ਨਿਗਮ ਸਕੂਲਾਂ ਵਿਚ 200 ਪੰਜਾਬੀ ਭਾਸ਼ਾ ਦੇ ਟੀਚਰ ਭੇਜਣ ਦੀ ਅਕਾਦਮੀ ਨੂੰ ਮੰਗ ਕੀਤੀ। ਆਖਿਰਕਾਰ ਅਕਾਦਮੀ ਨੂੰ ਇਨ੍ਹਾਂ ਦੀ ਵਾਪਸੀ ਕਰਨ ਲਈ ਪੱਤਰ ਜਾਰੀ ਕਰਨੇਂ ਪਏ। ਜੀਕੇ ਨੇ ਇਸ਼ਾਰਾ ਕੀਤਾ ਕੀ ਨਿਗੁਣੀ ਤਨਖਾਹ ਉਤੇ ਅਕਾਦਮੀ ਵਿਚ ਕਾਰਜ ਕਰ ਰਹੀਆਂ ਇਨ੍ਹਾਂ ਮਾਸਟਰਨੀਆਂ ਨੂੰ ਸਨਮਾਨ ਯੋਗ ਤਨਖਾਹ ਦਿਵਾਉਣ ਦੀ ਅਗਲੀ ਲੜਾਈ ਵੀ ਜਾਗੋ ਪਾਰਟੀ ਲੜੇਗੀ।