ਦਿੱਲੀ –: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਨੇੜ੍ਹਲੇ ਭਵਿਖ ‘ਚ ਹੋਣ ਵਾਲੀਆਂ ਕਾਰਜਕਾਰੀ ਬੋਰਡ ਦੀਂ ਚੋਣਾਂ ‘ਚ ਨਵੇਂ ਸਮੀਕਰਨ ਬਣਨ ਦੀ ਆਸ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਕਮੇਟੀ ‘ਤੇ ਕਾਬਜ ਹੋਣ ਲਈ ਬੀ.ਜੇ.ਪੀ. ਦੀ ਘੁਸਪੈਠ ਕਰਨ ਦੀ ਕਨਸੋਹਾਂ ਦੇ ਚਲਦੇ ਬਾਦਲ ਧੜ੍ਹੇ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਬਾਦਲ ਧੜ੍ਹੇ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਕੁੱਝ ਜੇਤੂ ਮੈਂਬਰਾਂ ਵਲੋਂ ਬੀ.ਜੇ.ਪੀ. ‘ਚ ਸ਼ਾਮਿਲ ਹੋਣ ਦੀ ਸੂਰਤ ‘ਚ ਨਾਂ ਤਾ ਬਾਦਲ ਧੜ੍ਹਾ ‘ਤੇ ਨਾਂ ਹੀ ਬੀ.ਜੇ.ਪੀ. ‘ਚ ਸ਼ਾਮਿਲ ਹੋਏ ਮੈਂਬਰ ਆਪਣੇ ਬਲਬੂਤੇ ‘ਤੇ ਨਵੇਂ ਕਾਰਜਕਾਰੀ ਬੋਰਡ ‘ਤੇ ਕਾਬਿਜ ਹੋ ਸਕਦੇ ਹਨ। ਹਾਲਾਂਕਿ ਸਰਨਾ ਪਾਰਟੀ, ਜਾਗੋ ਪਾਰਟੀ ‘ਤੇ ਬਾਦਲ ਧੜ੍ਹੇ ਦੇ ਬਾਕੀ ਬਚੇ ਮੈਂਬਰ ਆਪਸੀ ਸਹਿਯੋਗ ਨਾਲ ਕਮੇਟੀ ਦਾ ਗਠਨ ਕਰ ਸਕਦੇ ਹਨ ਪਰੰਤੂ ਬਾਦਲ ਧੜ੍ਹੇ ਦੇ ਕੱਟੜ੍ਹ ਵਿਰੋਧੀ ਸਰਨਾ ਭਰਾਵਾਂ ਵਲੋਂ ਬਾਦਲ ਅਕਾਲੀ ਦਲ ਦੇ ਮੈਂਬਰਾਂ ਦਾ ਸਮਰਥਨ ਲੈਣ ਦੀ ਸੰਭਾਵਨਾ ਬਹੁਤ ਘੱਟ ਨਜਰ ਆਉਂਦੀ ਹੈ। ਉਨ੍ਹਾਂ ਦਸਿਆ ਕਿ ਮੋਜੂਦਾ ਹਾਲਾਤਾਂ ‘ਚ ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ ‘ਤੇ ਬਾਦਲ ਧੱੜ੍ਹੇ ਦੇ ਬਾਕੀ ਬਚੇ ਮੈਂਬਰ ਕਮੇਟੀ ਦੇ ਗਠਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਗੈਰ ਸਰਨਾ ਧੜ੍ਹਾ ਜਾਂ ਬੀ.ਜੇ.ਪੀ. ਧੜ੍ਹਾ ਕਮੇਟੀ ‘ਤੇ ਕਾਬਿਜ ਨਹੀ ਹੋ ਸਕਦਾ ਹੈ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਜੇਕਰ ਬੀ.ਜੇ.ਪੀ. ਸਿੱਧੇ ਤੋਰ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਧਾਰਮਿਕ ਮਾਮਲਿਆਂ ‘ਚ ਦਖਲਅੰਦਾਜੀ ਕਰਕੇ ਕਮੇਟੀ ਬਣਾਉਨ ‘ਚ ਸਫਲ ਹੁੰਦੀ ਹੈ ਤਾਂ ਇਹ ਦਿੱਲੀ ਗੁਰੂਦੁਆਰਾ ਐਕਟ ਦੀ ਘੋਰ ਉਲੰਘਣਾ ਹੋਵੇਗੀ ਕਿਉਂਕਿ ਗੁਰਦੁਆਰਾ ਨਿਯਮ ਇਸ ਧਾਰਮਿਕ ਸੰਸਥਾਂ ‘ਚ ਕਿਸੇ ਸਿਆਸੀ ਪਾਰਟੀ ਵਲੋਂ ਦਖਲਅੰਦਾਜੀ ਕਰਨ ਦੀ ਇਜਾਜਤ ਨਹੀ ਦਿੰਦੇ ਹਨ।
ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਿਕ ਬਾਕੀ ਰਹਿੰਦੀ ਨਾਮਜਦਗੀ ਪ੍ਰਕਿਆ ਪੂਰੀ ਕਰਨ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਜਨਵਰੀ 2022 ਦੇ ਪਹਿਲੇ ਹਫਤੇ ‘ਚ ਕੋ-ਆਪਸ਼ਨ ਦੀ ਮੀਟਿੰਗ ਕਰਵਾਏ ਜਾਣ ਦੀ ਸੰਭਾਵਨਾ ਹੈ, ਜਿਸ ‘ਚ ਨੁਮਾਇੰਦੇ ਵਜੌਂ ਭੇਜੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿਘ ਧਾਮੀ ਦੀ ਨਾਮਜਦਗੀ ਤੋਂ ਇਲਾਵਾ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਇਕ ਹੋਰ ਪ੍ਰਧਾਨ ਨੂੰ ਲਾਟਰੀ ਰਾਹੀ ਨਾਮਜੱਦ ਕੀਤਾ ਜਾਣਾ ਹੈ। ਉਨ੍ਹਾਂ ਦਸਿਆ ਕਿ ਨਾਮਜਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਉਪਰੰਤ ਚੋਣ ਡਾਇਰੈਕਟਰ ਵਲੋਂ ਜਨਵਰੀ ਦੇ ਦੂਜੇ ਹਫਤੇ ‘ਚ ਸਾਰੇ ਚੁਣੇ ‘ਤੇ ਨਾਮਜੱਦ ਕੀਤੇ ਮੈਂਬਰਾਂ ਦੀ ਮੀਟਿੰਗ ਸੱਦੀ ਜਾ ਸਕਦੀ ਹੈ, ਜਿਸ ‘ਚ ਮੈਂਬਰਾਂ ਨੂੰ ਸੰਹੁ ਚੁਕਵਾਉਣ ਤੋਂ ਬਾਅਦ ਨਵੇਂ ਕਾਰਜਕਾਰੀ ਬੋਰਡ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।