ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਜਦੋਂ ਦਸੰਬਰ ਮਹੀਨੇ ਦਾ ਸ਼ਹੀਦੀ ਹਫਤਾ ਆਉਂਦਾ ਹੈ ਤਾਂ ਹਰ ਕਿਸੇ ਦੀ ਅੱਖ ਖੂਨ ਦੇ ਅੱਥਰੂ ਰੋਂਦੀ ਨਜ਼ਰ ਆਉਂਦੀ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਯਾਦ ਕੀਤੀਆਂ ਜਾਂਦੀਆਂ ਹਨ। ਇਸੇ ਸੰਦਰਭ ਵਿੱਚ ਹੀ ਗੁਰੂ ਨਾਨਕ ਸਿੱਖ ਗੁਰਦੁਆਰਾ ਓਟੈਗੋ ਸਟਰੀਟ ਗਲਾਸਗੋ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਏ ਗਏ। ਸਰਕਾਰ ਵੱਲੋਂ ਜਾਰੀ ਕੀਤੀਆਂ ਕੋਵਿਡ ਹਦਾਇਤਾ ਦੀ ਪਾਲਣਾ ਕਰਦਿਆਂ ਹੋਏ ਇਸ ਸਮਾਗਮ ਦੌਰਾਨ ਗੁਰੂ ਘਰ ਦੇ ਕੀਰਤਨੀਏ ਭਾਈ ਅਰਵਿੰਦਰ ਸਿੰਘ ਤੇ ਤੇਜਵੰਤ ਦੇ ਜੱਥੇ ਵੱਲੋਂ, ਭਾਈ ਹਰਦੀਪ ਸਿੰਘ ਸੋਢੀ, ਕਰਮਜੀਤ ਸਿੰਘ ਮੀਨੀਆਂ, ਦਿਲਬਾਗ ਸਿੰਘ ਚਾਨਾ ਵੱਲੋਂ ਆਪੋ ਆਪਣੇ ਸ਼ਬਦਾਂ ਦਾ ਗਾਇਨ ਕਰਕੇ ਸ਼ਹੀਦੀ ਦਿਹਾੜੇ ‘ਤੇ ਹਾਜ਼ਰੀ ਭਰੀ ਗਈ। ਇਸ ਸਮੇਂ ਪ੍ਰਧਾਨ ਭੁਪਿੰਦਰ ਸਿੰਘ ਬਰਮੀਂ, ਸੋਹਣ ਸਿੰਘ ਸੋਂਦ, ਜਸਵੀਰ ਸਿੰਘ ਜੱਸੀ ਬਮਰਾਹ, ਮਨਦੀਪ ਖੁਰਮੀ ਹਿੰਮਤਪੁਰਾ, ਸਰਦਾਰਾ ਸਿੰਘ ਜੰਡੂ, ਹਿੰਦੂ ਮੰਦਿਰ ਗਲਾਸਗੋ ਦੇ ਅਚਾਰੀਆ ਮੇਧਨੀਪਤੀ ਮਿਸ਼ਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਨੂੰ ਸਜਦਾ ਕੀਤਾ। ਸਮਾਗਮ ਦੌਰਾਨ ਲੰਗਰ ਸੇਵਾ ਗੁਰੂ ਘਰ ਦੇ ਮੁੱਖ ਸੇਵਾਦਾਰ ਜਸਵੀਰ ਸਿੰਘ ਜੱਸੀ ਬਮਰਾਹ ਤੇ ਸ੍ਰੀਮਤੀ ਰਜਨੀ ਬਮਰਾਹ ਵੱਲੋਂ ਆਪਣੀ ਝੋਲੀ ਪੁਆਈ ਗਈ ਸੀ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫਰਜ਼ ਸਰਦਾਰਾ ਸਿੰਘ ਜੰਡੂ ਜੀ ਵੱਲੋਂ ਨਿਭਾਏ ਗਏ।
ਸਕਾਟਲੈਂਡ : ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਸ਼ਹੀਦੀ ਹਫਤੇ ਸਬੰਧੀ ਵਿਸ਼ਾਲ ਸਮਾਗਮ ਕਰਵਾਏ
This entry was posted in ਅੰਤਰਰਾਸ਼ਟਰੀ.