ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਉੱਤਰਾਖੰਡ ਦੇ ਸ਼ਹਿਰ ਬਾਜਪੁਰ ਦੇ ਗਿਆਨਦੀਪ ਗਲੋਬਲ ਸਕੂਲ ਵਿਖੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜਾਦਿਆਂ ਦੀ ਨਕਲ ਦਾ ਮਾਮਲਾ ਪ੍ਰਕਾਸ਼ ਵਿੱਚ ਆਉਂਦਿਆਂ ਹੀ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਸੰਗਤ ਦੀ ਹਾਜਰੀ ਵਿੱਚ ਸਕੂਲ ਦੇ ਸਾਬਤ ਸੂਰਤ, ਬਜੁਰਗ ਪ੍ਰਬੰਧਕ ਵੱਲੋਂ ਹੱਥ ਜੋੜ ਕੇ ਮੁਆਫੀ ਮੰਗਦਿਆਂ ਇਸ ਨੂੰ ਆਪਣੀ ਪਹਿਲੀ ਤੇ ਆਖਰੀ ਗਲਤੀ ਦੱਸਿਆ ਹੈ। ਨਸ਼ਰ ਹੋਈ ਇੱਕ ਵੀਡੀਓ ਅਨੁਸਾਰ ਉਕਤ ਬਜੁਰਗ ਪ੍ਰਬੰਧਕ ਸਿੱਖ ਸੰਗਤਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਮਾਫੀ ਮੰਗਦਿਆਂ ਇਸ ਨੂੰ ਆਪਣਾ ਬੱਜਰ ਗੁਨਾਹ ਕਬੂਲ ਕਰ ਰਿਹਾ ਹੈ। ਨਾਲ ਹੀ ਉਸ ਵੱਲੋਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇਕਰ ਸੰਗਤ ਉਸ ਦੇ ਇਸ ਮੁਆਫੀਨਾਮੇ ਤੋ ਸੰਤੁਸਟ ਨਹੀਂ ਤਾਂ ਉਹ ਸੰਗਤ ਵੱਲੋਂ ਦਿੱਤੀ ਜਾਣ ਵਾਲੀ ਹਰ ਸਜਾ ਭੁਗਤਨ ਲਈ ਤਿਆਰ ਹੈ। ਇਸ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਆਮ ਇਨਸਾਨ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੇ ਪੈਰਾਂ ਦੀ ਧੂੜ ਦੇ ਸਮਾਨ ਵੀ ਨਹੀਂ ਹੋ ਸਕਦੇ। ਉਹਨਾਂ ਦੀ ਨਕਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹਨਾਂ ਅਪੀਲ ਕੀਤੀ ਕਿ ਸਿੱਖ ਭਾਵਨਾਵਾਂ ਨਾਲ ਜੁੜੇ ਅਜਿਹੇ ਮਾਮਲਿਆਂ ਪ੍ਰਤੀ ਹਰ ਕਿਸੇ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਬਾਬਾ ਬੁੱਢਾ ਦਲ ਗਲਾਸਗੋ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ ਤੇ ਨਾਲ ਹੀ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਘਟਨਾ ਨੇੜ ਭਵਿੱਖ ਵਿੱਚ ਨਹੀਂ ਵਾਪਰੇਗੀ।
ਸਕਾਟਲੈਂਡ : ਬਾਬਾ ਬੁੱਢਾ ਦਲ ਗਲਾਸਗੋ ਵੱਲੋਂ ਉੱਤਰਾਖੰਡ ਵਿਖੇ ਨਾਟਕ ਦੌਰਾਨ ਸਾਹਿਬਜਾਦਿਆਂ ਦੀ ਨਕਲ ਦੀ ਨਿਖੇਧੀ
This entry was posted in ਅੰਤਰਰਾਸ਼ਟਰੀ.