ਪੁਲਾੜ ਵਿਗਿਆਨ ਅਤੇ ਉਪਗ੍ਰਹਿ ਨਿਰਮਾਣ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦੀ ਸਥਾਪਨਾ ਕੀਤੀ ਗਈ ਹੈ। 3 ਜਨਵਰੀ, 2022 ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਪੇਸ ਸੈਂਟਰ ਦਾ ਉਦਘਾਟਨ ਕਰਨਗੇ। ’ਵਰਸਿਟੀ ਕੈਂਪਸ ਵਿੱਚ ਸਥਾਪਿਤ ਕਲਪਨਾ ਚਾਵਲਾ ਸਪੇਸ ਸੈਂਟਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਹਿਲੀ ਬਹੁਮੰਤਵੀ ਆਈਓਟੀ-ਅਧਾਰਿਤ ਨੈਨੋ-ਸੈਟੇਲਾਈਟ (ਸੀਯੂਸੈੱਟ) ਦੇ ਵਿਕਾਸ ਅਤੇ ਡਿਜ਼ਾਈਨਿੰਗ ਲਈ ਪਲੇਟਫ਼ਾਰਮ ਪ੍ਰਦਾਨ ਕਰੇਗਾ, ਜਿਸ ਨੂੰ ਇਸਰੋ ਦੁਆਰਾ ਸਾਲ 2022 ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਸੀਯੂ.ਸੈਟ ਦੇ ਲਾਂਚ ਦੇ ਨਾਲ ਪੰਜਾਬ ਪੁਲਾੜ ਵਿੱਚ ਆਪਣਾ ਸੈਟੇਲਾਈਟ ਰੱਖਣ ਵਾਲਾ ਭਾਰਤ ਦਾ ਪਹਿਲਾ ਸਰਹੱਦੀ ਰਾਜ ਬਣ ਜਾਵੇਗਾ, ਜਿਸ ਨੂੰ ਦੁਨੀਆ ਭਰ ਵਿੱਚ 380 ਸਰਗਰਮ ਗ੍ਰਾਊਂਡ ਸਟੇਸ਼ਨਾਂ ਦੁਆਰਾ ਟਰੈਕ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਉਪਗ੍ਰਹਿ ਭਾਰਤ ਦਾ ਪਹਿਲਾ ਆਈ.ਓ.ਟੀ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਧਾਰਿਤ ਸੈਟੇਲਾਈਟ ਹੋਵੇਗਾ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਥਾਪਿਤ ਕਲਪਲਾ ਚਾਵਲਾ ਸਪੇਸ ਸੈਂਟਰ ਨਾ ਸਿਰਫ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੁਲਾੜ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਗਿਆਨ ਅਤੇ ਸਿਖਲਾਈ ਪ੍ਰਦਾਨ ਕਰੇਗਾ ਬਲਕਿ ਬ੍ਰਾਜ਼ੀਲ, ਤੁਰਕੀ, ਮਿਸਰ ਸਮੇਤ 57 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੈਟੇਲਾਈਟ ਡਿਜ਼ਾਈਨ ਦੀ ਸਿਖਲਾਈ ਵੀ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 75ਵੇਂ ਸੈਟੇਲਾਈਟ ਮਿਸ਼ਨ ਤੋਂ ਪ੍ਰੇਰਿਤ ਹੋ ਕੇ, ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਸਟੂਡੈਂਟ ਸੈਟੇਲਾਈਨ ਲਈ 75 ਵਿਦਿਆਰਥੀਆਂ ਦੀ ਚੋਣ ਕੀਤੀ ਹੈ, ਜੋ ਉੱਘੇ ਭਾਰਤੀ ਪੁਲਾੜ ਵਿਗਿਆਨੀਆਂ ਦੀ ਅਗਵਾਈ ਹੇਠ ਸਿਖਲਾਈ ਪ੍ਰਾਪਤ ਕਰਨਗੇ ਅਤੇ ਸੈਟੇਲਾਈਨ ਦਾ ਨਿਰਮਾਣ ਕਰਨਗੇ, ਜਿਨ੍ਹਾਂ ਵਿੱਚ ਪਦਮ ਸ਼੍ਰੀ ਪ੍ਰੋ. ਆਰ.ਐਮ ਵਾਸਾਗਮ, ਪਦਮਸ਼੍ਰੀ ਡਾ. ਮਾਈਨਾਸਵਾਮੀ ਅੰਨਾਦੁਰਾਈ, ਪਦਮ ਸ਼੍ਰੀ ਵਾਈ.ਐਸ ਰਾਜਨ, ਪਦਮ ਭੂਸ਼ਣ ਡਾ. ਬੀ.ਐਨ ਸੁਰੇਸ਼ ਅਤੇ ਪਦਮ ਸ਼੍ਰੀ ਡਾ. ਬੀ. ਦੱਤਗੁਰੂ ਸ਼ਾਮਲ ਹਨ।
2022 ’ਚ ਸੀਯੂਸੈੱਟ ਦੇ ਲਾਂਚ ਹੋਣ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਖੁਦ ਦੇ ਸੈਟੇਲਾਈਟ ਨੂੰ ਵਿਕਸਿਤ ਕਰਨ ਅਤੇ ਡਿਜ਼ਾਇਨ ਕਰਨ ਵਾਲੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਜਾਵੇਗੀ। ਜ਼ਿਕਰਯੋਗ ਹੈ ਕਿ ਵਿਦਿਆਰਥੀ ਸੈਟੇਲਾਈਟ ਡਾਟਾ ਇਕੱਠਾ ਕਰੇਗਾ ਜੋ ਸਰਹੱਦੀ ਘੁਸਪੈਠ ਦਾ ਪਤਾ ਲਗਾਉਣ, ਖੇਤੀਬਾੜੀ, ਮੌਸਮ ਦੀ ਭਵਿੱਖਬਾਣੀ, ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਅਤੇ ਹੋਰਨਾਂ ਦੇ ਖੇਤਰਾਂ ਵਿੱਚ ਸਮੱਸਿਆਵਾਂ ਦੇ ਖੋਜ ਅਤੇ ਅਧਿਐਨ ਕਰਨ ਵਿੱਚ ਸਹਾਇਕ ਹੋਵੇਗਾ। ਇਸ ਪ੍ਰਾਜੈਕਟ ਲਈ ਚੁਣੇ ਜਾਣ ਮਗਰੋਂ ’ਵਰਸਿਟੀ ਆਈ.ਆਈ.ਟੀ ਕਾਨਪੁਰ, ਆਈ.ਆਈ.ਟੀ ਬੰਬੇ ਵਰਗੀਆਂ 13 ਸੰਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗੀ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਨੂੰ ਸਮਰਪਿਤ ‘ਕਲਪਨਾ ਚਾਵਲਾ ਸੈਂਟਰ ਫਾਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨਾਲੋਜੀ“ ਨਾਮ ਦਾ ਆਪਣਾ ਗਰਾਊਂਡ ਕੰਟਰੋਲ ਸਟੇਸ਼ਨ ਸ਼ੁਰੂ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਤ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ 3 ਜਨਵਰੀ ਨੂੰ ਸਵੇਰੇ 11 ਵਜੇ ਕਲਪਨਾ ਚਾਵਲਾ ਪੁਲਾੜ ਕੇਂਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਖੋਜ ਸਹਿਯੋਗ ਅਤੇ ਟੈਕਨਾਲੋਜੀ ਟਰਾਂਸਫਰ ਰਾਹੀਂ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਅਤੇ ਖੋਜ ਸੰਸਥਾਵਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ ਹੈ।