ਅੱਜ ਨਵਾਂ ਕੋਈ ਗੀਤ ਬਣਾਈਏ।
ਰਲ਼ ਕੇ ਨੱਚੀਏ ਰਲ਼ ਕੇ ਗਾਈਏ।
ਗੀਤ ਬਣਾਈਏ ਪਿਆਰਾਂ ਵਾਲਾ,
ਸੁਹਣੇ ਜਿਹੇ ਇਕਰਾਰਾਂ ਵਾਲਾ,
ਸੁੱਚੇ ਜਿਹੇ ਕਿਰਦਾਰਾਂ ਵਾਲਾ,
ਨਫਰਤ ਦੀ ਦੀਵਾਰ ਨੂੰ ਢਾਹੀਏ।
ਅੱਜ…..
ਗੀਤ ਬਣਾਈਏ ਸੁੱਖਾਂ ਵਾਲਾ,
ਹੱਸਦੇ ਵੱਸਦੇ ਮੁੱਖਾਂ ਵਾਲਾ,
ਜਿਉਣ ਜੋਗੀਆਂ ਕੁੱਖਾਂ ਵਾਲਾ,
ਧੀਆਂ ਦਾ ਵੀ ਮਾਣ ਵਧਾਈਏ।
ਅੱਜ……
ਗੱਭਰੂ ਵੀਰ ਜਵਾਨਾਂ ਵਾਲਾ,
ਮਾਣ ਮੱਤੀਆਂ ਰਕਾਨਾਂ ਵਾਲਾ,
ਕਿਰਤੀ ਤੇ ਕਿਰਸਾਨਾਂ ਵਾਲਾ,
ਖੁਸ਼ਹਾਲੀ ਦੀ ਜੋਤ ਜਗਾਈਏ।
ਅੱਜ…..
ਗੀਤ ਬਣਾਈਏ ਖ਼ੈਰਾਂ ਵਾਲਾ,
ਛੱਡ ਵਤੀਰਾ ਗੈਰਾਂ ਵਾਲਾ,
ਮਨ ਦੇ ਖੋਟੇ ਵੈਰਾਂ ਵਾਲਾ,
ਸਾਰੇ ਜੱਗ ਦਾ ਭਲਾ ਮਨਾਈਏ।
ਅੱਜ….
ਗੀਤ ਤਾਂ ਪਰਉਪਕਾਰਾਂ ਵਾਲਾ,
ਹਰ ਇੱਕ ਦੇ ਸਤਿਕਾਰਾਂ ਵਾਲਾ,
ਮੇਲਿਆਂ ਤੇ ਤਿਉਹਾਰਾਂ ਵਾਲਾ,
ਰੋਂਦੇ ਨੂੰ ਵੀ ‘ਦੀਸ਼’ ਹਸਾਈਏ।
ਅੱਜ…..