ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਵੱਲੋਂ ਪਹਿਲੇ 1984 ਵਿਚ ਮਰਹੂਮ ਇੰਦਰਾ ਗਾਂਧੀ ਦੀ ਸਾਜ਼ਿਸ ਵਿਚ ਭਾਈਵਾਲ ਬਣਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ । ਉਸ ਸਮੇਂ ਇਹ ਧਾਰਮਿਕ ਜ਼ਿੰਮੇਵਾਰੀਆਂ ਪੂਰਨ ਕਰਨ ਵਿਚ ਅਸਫਲ ਸਾਬਤ ਹੋਏ । ਫਿਰ ਇਨ੍ਹਾਂ ਨੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸਿਰਸੇਵਾਲੇ ਡੇਰੇ ਦੇ ਸਾਧ ਗੁਰਮੀਤ ਰਾਮ ਰਹੀਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਿਚ ਉਸ ਡੇਰੇ ਦਾ ਅਤੇ ਸਾਜ਼ਿਸਕਾਰਾਂ ਦਾ ਸਾਥ ਦਿੱਤਾ । ਇਥੋ ਤੱਕ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਉਤੇ ਗੁਰਮੀਤ ਰਾਮ ਰਹੀਮ ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਕੌਮ ਦਾ ਦੋਸ਼ੀ ਠਹਿਰਾਇਆ ਗਿਆ ਸੀ, ਉਸਨੂੰ ਜਥੇਦਾਰਾਂ ਰਾਹੀ ਪਹਿਲਾਂ ਮੁਆਫ਼ ਕਰਵਾਇਆ, ਫਿਰ ਇਸ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਐਸ.ਜੀ.ਪੀ.ਸੀ. ਦੇ ਖਾਤੇ ਵਿਚੋਂ 90 ਲੱਖ ਰੁਪਏ ਦਾ ਖਰਚ ਕਰਕੇ ਇਸਤਿਹਾਰਬਾਜੀ ਕੀਤੀ । ਫਿਰ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਮੇਂ ਖ਼ਾਲਸਾ ਪੰਥ ਦੇ ਹੱਕ ਵਿਚ ਖੜ੍ਹਨ ਦੀ ਬਜਾਇ ਵਿਰੋਧੀ ਤਾਕਤਾਂ ਦਾ ਸਾਥ ਦਿੱਤਾ । ਇਸ ਤੋ ਇਲਾਵਾ ਐਸ.ਜੀ.ਪੀ.ਸੀ. ਦੀ ਸਰਪ੍ਰਸਤੀ ਹੇਠ 328 ਲਾਪਤਾ ਹੋਏ ਪਾਵਨ ਸਰੂਪਾਂ, ਬਹਿਬਲ ਕਲਾਂ ਵਿਖੇ ਪੁਲਿਸ ਵੱਲੋ ਸਾਂਤਮਈ ਰੋਸ਼ ਕਰ ਰਹੇ ਸਿੱਖਾਂ ਉਤੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਦੇ ਹੁਕਮਾਂ ਉਤੇ ਗੋਲੀ ਚਲਾਕੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਸ਼ਹੀਦ ਕੀਤਾ ਅਤੇ ਅਨੇਕਾਂ ਸਿੱਖਾਂ ਨੂੰ ਜਖ਼ਮੀ ਕੀਤਾ । ਇਨ੍ਹਾਂ ਸਭ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਦੋਸ਼ੀ ਸਿਆਸਤਦਾਨਾਂ ਵਿਰੁੱਧ ਸ੍ਰੀ ਮੋਦੀ ਹਕੂਮਤ ਨੇ ਹੁਣ ਤੱਕ ਆਪਣੇ ਕਾਨੂੰਨੀ ਅਮਲ ਕਿਉਂ ਨਹੀਂ ਕੀਤੇ ? ਅੱਜ ਸ੍ਰੀ ਮੋਦੀ ਇਨ੍ਹਾਂ ਵਿਸਿਆ ਉਤੇ ਕੀ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਸਿਰਸੇਵਾਲਾ ਸਾਧ ਗੁਰਮੀਤ ਰਾਮ ਰਹੀਮ ਅਤੇ ਸਮੁੱਚੇ ਸਿੱਖ ਕੌਮ ਦੇ ਦੋਸ਼ੀਆਂ ਵਿਰੁੱਧ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਕੋਈ ਵੀ ਕਾਰਵਾਈ ਨਾ ਹੋਣ ਅਤੇ ਸਿੱਖ ਕੌਮ ਨੂੰ ਇਨਸਾਫ਼ ਨਾ ਦੇਣ ਹਿੱਤ ਸ੍ਰੀ ਮੋਦੀ ਨੂੰ ਖ਼ਾਲਸਾ ਪੰਥ ਅਤੇ ਪੰਜਾਬੀਆਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਬਹੁਤ ਪਹਿਲੇ ਹੀ ਆਪਣੀਆ ਧਾਰਮਿਕ ਜ਼ਿੰਮੇਵਾਰੀਆਂ ਨੂੰ ਪੂਰਨ ਨਾ ਕਰਨ ਕਰਕੇ ਸਿੱਖ ਕੌਮ ਤੋਂ ਪਹਿਲੋ ਹੀ ਤੁੱਟ ਚੁੱਕੇ ਹਨ ਅਤੇ ਇਨ੍ਹਾਂ ਵੱਲੋ ਹੋ ਰਹੀਆ ਹੋਰ ਗੈਰ-ਧਾਰਮਿਕ ਤੇ ਗੈਰ-ਇਖਲਾਕੀ ਅਮਲਾਂ ਦੀ ਬਦੌਲਤ ਅੱਜ ਇਹ ਸਿੱਖ ਕੌਮ ਵਿਚੋਂ ਤਕਰੀਬਨ ਮਨਫੀ ਹੋ ਚੁੱਕੇ ਹਨ । ਦੂਸਰੇ ਪਾਸੇ ਸੈਂਟਰ ਦੀ ਮੋਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਵੱਲੋਂ ਜਦੋ ਬਾਦਲ ਦਲੀਆ ਦੇ ਆਗੂਆਂ ਨੂੰ ਆਪਣੇ ਪਾੜੇ ਵਿਚ ਲਿਆ ਜਾ ਰਿਹਾ ਹੈ, ਤਾਂ ਸਿਆਸੀ ਪੱਖੋ ਵੀ ਇਨ੍ਹਾਂ ਦੀ ਹਾਲਤ ਬਹੁਤ ਫਿੱਕੀ ਅਤੇ ਪਤਲੀ ਪੈ ਚੁੱਕੀ ਹੈ । ਦੂਸਰਾ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੀ ਇਤਿਹਾਸਿਕ ਦਰਸ਼ਨੀ ਡਿਊੜ੍ਹੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਵੱਲੋ ਬਣਵਾਈ ਗਈ ਸੀ, ਉਸਨੂੰ ਬਾਦਲ ਦਲੀਆ ਨੇ ‘ਐਸ.ਜੀ.ਪੀ.ਸੀ’ ਰਾਹੀ ਕਾਰਸੇਵਾ ਵਾਲੇ ਬਾਬੇ ਜਗਤਾਰ ਸਿੰਘ ਨੂੰ ਸੇਵਾ ਦੇ ਕੇ ਖਤਮ ਕਰਨਾ ਚਾਹਿਆ ਸੀ । ਤਾਂ ਕਿ ਆਪਣੇ ਆਰ.ਐਸ.ਐਸ ਅਤੇ ਬੀਜੇਪੀ ਦੇ ਅਕਾਵਾਂ ਨੂੰ ਖੁਸ਼ ਕਰ ਸਕਣ ਅਤੇ ਸਿਆਸੀ, ਪਰਿਵਾਰਿਕ ਫਾਇਦੇ ਲੈ ਸਕਣ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਜ਼ਿੰਮੇਵਾਰੀ ਨੂੰ ਸਮੇਂ ਨਾਲ ਨਿਭਾਉਦੇ ਹੋਏ ਇਸ ਇਤਿਹਾਸਿਕ ਡਿਊੜ੍ਹੀ ਨੂੰ ਗਿਰਾਉਣ ਤੋ ਬਚਾ ਲਿਆ ਸੀ । ਇਨ੍ਹਾਂ ਸਾਜਿਸਕਾਰਾਂ ਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਿਉਂ ਨਹੀਂ ਕੀਤਾ ਗਿਆ ? ਇਨ੍ਹਾਂ ਗੰਭੀਰ ਵਿਸਿਆ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਮੋਦੀ ਹਕੂਮਤ ਦਾ ਕੀ ਰੁੱਖ ਹੈ ? ਉਸ ਤੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਜਾਵੇ ।
ਉਨ੍ਹਾਂ ਕਿਹਾ ਕਿ ਜਦੋ ਕਿਸੇ ਸਟੇਟ ਵਿਚ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਲਈ ਕਿਹੜੀ ਫੋਰਸ ਲਗਾਉਣੀ, ਕਿੰਨੀ ਨਫਰੀ ਦਿਵਾਉਣੀ ਹੈ, ਕਦੋ ਲਗਾਉਣੀ ਹੈ, ਇਸਦਾ ਅਧਿਕਾਰ ਕੇਵਲ ਤੇ ਕੇਵਲ ਸਟੇਟ ਸੂਚੀ ਵਿਚ ਆਉਦਾ ਹੈ । ਫਿਰ ਮੋਦੀ ਹਕੂਮਤ ਨੇ ਪੰਜਾਬ ਵਿਚ ਬੀ.ਐਸ.ਐਫ. ਦੇ ਅਧਿਕਾਰ ਖੇਤਰ ਨੂੰ 5 ਕਿਲੋਮੀਟਰ ਤੋ ਵਧਾਕੇ 50 ਕਿਲੋਮੀਟਰ ਤੱਕ ਕਰਨ ਦੀ ਕਾਰਵਾਈ ਤਾਂ ਸਟੇਟ ਦੇ ਅਧਿਕਾਰਾਂ ਨੂੰ ਕੁੱਚਲਣਾ ਹੈ । ਸ੍ਰੀ ਮੋਦੀ ਵੱਲੋ ਅਜਿਹਾ ਕਿਉਂ ਕੀਤਾ ਗਿਆ ? ਫਿਰ ਜਦੋ ਪੰਜਾਬ ਦੀਆਂ ਸਭ ਸਿਆਸੀ ਪਾਰਟੀਆਂ ਅਤੇ ਜਮਾਤਾਂ ਨੇ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਧਾਉਣ ਉਤੇ ਵਿਰੋਧ ਕਰਦੇ ਹੋਏ ਸਰਬਸੰਮਤੀ ਨਾਲ ਉਸ ਫੈਸਲੇ ਨੂੰ ਵਾਪਸ ਲੈਣ ਅਤੇ ਪੰਜਾਬ ਦੀ ਅਸੈਬਲੀ ਵਿਚ ਪਾਸ ਕਰਨ ਦੇ ਬਾਵਜੂਦ ਵੀ ਬੀ.ਐਸ.ਐਫ. ਦੇ ਵਧਾਏ ਅਧਿਕਾਰ ਖੇਤਰ ਨੂੰ ਹੁਣ ਤੱਕ ਵਾਪਸ ਕਿਉਂ ਨਹੀਂ ਲਿਆ ਗਿਆ ? ਹੁਣ ਇਕ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਜਦੋ 05 ਜਨਵਰੀ ਨੂੰ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜਮ ਇੰਡੀਆ ਫਿਰੋਜ਼ਪੁਰ ਵਿਖੇ ਆ ਰਹੇ ਹਨ, ਤਾਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀ.ਐਸ.ਐਫ. ਦੀ ਹੋਵੇਗੀ ਜਾਂ ਪੰਜਾਬ ਪੁਲਿਸ ਦੀ ? ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵਿਚ ਵੱਧਦੀ ਕੁੜੱਤਣ ਤਾਂ ਸ੍ਰੀ ਮੋਦੀ ਦੀ ਸੁਰੱਖਿਆ ਲਈ ਜੋਖਮਭਰੀ ਗੱਲ ਲੱਗਦੀ ਹੈ । ਕਿਉਂਕਿ ਪੰਜਾਬ ਪੁਲਿਸ ਵਿਖਾਵੇ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਜ਼ਰੂਰ ਪੂਰੀ ਕਰੇਗੀ, ਪਰ ਉਹ ਬੀ.ਐਸ.ਐਫ. ਦੇ ਵਧਾਏ ਅਧਿਕਾਰ ਖੇਤਰ ਲਈ ਬੀ.ਐਸ.ਐਫ ਨੂੰ ਸਹੀ ਰਿਪੋਰਟ ਕਦਾਚਿੱਤ ਨਹੀ ਦੇਵੇਗੀ । ਦੂਸਰਾ ਆਈ.ਬੀ ਤੇ ਰਾਅ ਏਜੰਸੀਆ ਵੀ ਪੰਜਾਬ ਪੁਲਿਸ ਤੋ ਹੀ ਆਪਣੀ ਖੂਫੀਆ ਰਿਪੋਰਟ ਇਕੱਤਰ ਕਰਦੀ ਹੈ । ਜਦੋ ਬੀ.ਐਸ.ਐਫ ਤੇ ਪੰਜਾਬ ਪੁਲਿਸ ਦਾ ਤਾਣਾਬਾਣਾ ਉਲਝ ਚੁੱਕਿਆ ਹੈ, ਫਿਰ ਮੋਦੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਵੇ ਪੂਰਨ ਹੋ ਸਕੇਗੀ ? ਦੂਸਰਾ ਸ੍ਰੀ ਮਜੀਠੀਆ ਜੋ ਡਰੱਗ ਕੇਸ ਦੇ ਸੌਦਾਗਰਾਂ ਤੇ ਸਮੱਗਲਰਾਂ ਦੇ ਅਲੀਬਾਬਾ ਹਨ, ਜਿਨ੍ਹਾਂ ਨਾਲ ਸਮੁੱਚੇ ਸਮੱਗਲਰ, ਬਦਮਾਸ ਸਾਂਝ ਰੱਖਦੇ ਹਨ ਅਤੇ ਸਿਆਸੀ ਤੌਰ ਤੇ ਬੀਜੇਪੀ ਤੇ ਮੋਦੀ ਨੇ ਬਾਦਲ ਦਲ ਅਲੱਗ-ਥਲੱਗ ਕਰ ਦਿੱਤੇ ਹਨ, ਫਿਰ ਇਸ ਵੱਧਦੀ ਸਿਆਸੀ ਦੂਰੀ ਦੀ ਬਦੌਲਤ ਇਹ ਡਰੱਗ ਕੇਸਾਂ ਵਿਚ ਸਾਮਿਲ ਬਾਦਲ ਦਲੀਏ ਸ੍ਰੀ ਮੋਦੀ ਦੀ ਫਿਰੋਜ਼ਪੁਰ ਫੇਰੀ ਤੇ ਕਿਸੇ ਖਤਰਨਾਕ ਸਾਜਿਸ ਨੂੰ ਅੰਜਾਮ ਵੀ ਦੇ ਸਕਦੇ ਹਨ । ਫਿਰ ਅਜਿਹੇ ਹਾਲਾਤਾਂ ਵਿਚ ਤਾਂ ਸ੍ਰੀ ਮੋਦੀ ਦਾ ਫਿਰੋਜ਼ਪੁਰ ਵਿਖੇ ਆਉਣਾ ਬਹੁਤ ਵੱਡਾ ਜੋਖਮ ਭਰਿਆ ਹੋਵੇਗਾ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸਮੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਅਮਨ-ਚੈਨ ਲਈ ਅਤੇ ਇਥੋ ਦੀ ਆਰਥਿਕਤਾ ਨੂੰ ਅਮਲੀ ਰੂਪ ਵਿਚ ਮਜ਼ਬੂਤੀ ਦੇਣ ਲਈ ਸੈਂਟਰ ਦੇ ਹੁਕਮਰਾਨਾਂ ਤੋ ਇਹ ਮੰਗ ਕਰਦਾ ਹੈ ਕਿ ਸਭ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ 328 ਪਾਵਨ ਸਰੂਪਾਂ ਦੇ ਲਾਪਤਾ ਕਰਨ ਵਾਲੇ ਦੋਸ਼ੀਆ ਅਤੇ ਸਾਜਿਸਕਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਾ ਪ੍ਰਬੰਧ ਕਰੇ । ਦੂਸਰਾ ਬਰਗਾੜੀ ਮੋਰਚੇ ਵਿਚ ਸਿੱਖ ਕੌਮ ਦੀਆਂ ਉੱਠੀਆ ਮੰਗਾਂ ਨੂੰ ਫੋਰਨ ਪੂਰਨ ਕਰਕੇ ਇਨਸਾਫ਼ ਦਿੱਤਾ ਜਾਵੇ । ਤੀਸਰਾ ਐਸ.ਜੀ.ਪੀ.ਸੀ. ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦੀ 10 ਸਾਲਾਂ ਤੋ ਰੋਕੀ ਗਈ ਜਰਨਲ ਚੋਣ ਸੈਟਰ ਦਾ ਗ੍ਰਹਿ ਵਿਭਾਗ ਤੁਰੰਤ ਕਰਵਾਉਣ ਦਾ ਐਲਾਨ ਕਰੇ। ਚੌਥੀ ਪੰਜਾਬ ਦੀ ਮਾਲੀ ਹਾਲਤ ਨੂੰ ਅਤੇ ਸਭ ਵਰਗਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਸੁਲੇਮਾਨਕੀ, ਅਟਾਰੀ, ਵਾਹਗਾ, ਹੁਸੈਨੀਵਾਲਾ ਜ਼ਿੰਮੀਦਾਰਾਂ ਦੀਆਂ ਫਸਲਾਂ ਅਤੇ ਵਪਾਰੀਆਂ ਦੀਆਂ ਉਤਪਾਦ ਵਸਤਾਂ ਦਾ ਖੁੱਲ੍ਹਾਂ ਕੌਮਾਂਤਰੀ ਵਪਾਰ ਕਰਨ ਲਈ ਤੁਰੰਤ ਖੋਲ੍ਹਣ ਦਾ ਐਲਾਨ ਕਰੇ ।