ਮੇਰਾ ਪਿੰਡ ਕੱਦੋਂ ਲੁਧਿਆਣਾ ਜਿਲ੍ਹੇ ਵਿਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਹੈ। ਮੈਂ ਦਸਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਦੋਰਾਹਾ ਵਿਚ ਪੜ੍ਹਦਾ ਸੀ। ਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ ਢਾਈ ਕਿਲੋਮੀਟਰ ਰੇਤ ਦੇ ਟਿਬਿਆਂ ਵਾਲੇ ਰਸਤੇ ਵਿਚ ਪੈਦਲ ਜਾਣਾ ਪੈਂਦਾ ਸੀ। ਜੁਤੀ ਪਾਉਣੀ ਜਾਂ ਨਾ ਪਾਉਣੀ ਇਕ ਬਰਾਬਰ ਹੁੰਦੀ ਸੀ। ਰੇਤਾ ਇਤਨਾ ਹੁੰਦਾ ਸੀ ਕਿ ਗਰਮੀਆਂ/ਸਰਦੀਆਂ ਦੇ ਦਿਨਾ ਵਿਚ ਜੁੱਤੀਆਂ ਵਿਚ ਤੱਤਾ/ਠੰਡਾ ਰੇਤਾ ਪੈ ਜਾਂਦਾ ਸੀ। ਕਈ ਵਾਰ ਜੁਤੀ ਚੁੱਕ ਕੇ ਭੱਜਕੇ ਜਾਣਾ ਪੈਂਦਾ ਸੀ ਤਾਂ ਜੋ ਪੈਰ ਨਾ ਸੜਨ/ਠਰਨ। ਸਕੂਲ ਵਿਚ ਮੁੱਖ ਅਧਿਆਪਕ ਹਰਬੰਸ ਸਿੰਘ ਬੜੇ ਹੀ ਅਨੁਸਾਸ਼ਨ ਪਸੰਦ ਸਨ। ਉਹ ਡੰਡਾ ਹਰ ਵਕਤ ਆਪਣੇ ਕੋਲ ਰੱਖਦੇ ਸਨ। ਪੜ੍ਹਾਈ ਨਾ ਕਰਨ ਵਾਲਿਆਂ ਨੂੰ ਡੰਡਿਆਂ ਨਾਲ ਕੁੱਟਦੇ ਸਨ। ਬਾਕੀ ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨ। ਮੈਂ ਨੌਵੀਂ ਦੇ ਸਾਲਾਨਾ ਪੇਪਰਾਂ ਵਿਚ ਅੰਗਰੇਜ਼ੀ ਦਾ ਪੇਪਰ ਦੇ ਰਿਹਾ ਸੀ, ਜਦੋਂ ਜਵਾਹਰ ਲਾਲ ਨਹਿਰੂ ਦਾ ਲੇਖ ਲਿਖਣ ਲੱਗਾ ਤਾਂ ਦਿਮਾਗ ਵਿਚ ਕੁੰਡੀ ਫਸ ਗਈ ਕਿ ਜਵਾਹਰ ਵਿਚ ਤਿੰਨ ‘ਏ’ ਨਹੀਂ ਹੋ ਸਕਦੀਆਂ। ਅੱਗੇ ਬੈਠੇ ਸਾਥੀ ਨੂੰ ਪੁਛਣ ਦੀ ਕੋਸਿਸ਼ ਕਰ ਰਿਹਾ ਸੀ ਤਾਂ ਅੰਗਰੇਜ਼ੀ ਦੇ ਅਧਿਆਪਕ ਗੁਰਚਰਨ ਸਿੰਘ ਜੋ ਪਟਿਆਲਾ ਤੋਂ ਆਉਂਦੇ ਸਨ ਆ ਕੇ ਮੇਰੇ ਕੋਲ ਖੜ੍ਹ ਗਏ। ਉਨ੍ਹਾਂ ਮੈਨੂੰ ਖੜ੍ਹਾ ਕਰਕੇ ਪਿਆਰ ਨਾਲ ਕਿਹਾ ਕਿ ਅਧਿਆਪਕ ਦੀਆਂ ਨਜ਼ਰਾਂ ਵਿਚ ਚੰਗਾ ਵਿਦਿਆਰਥੀ ਬਣਨਾ ਵੱਡੀ ਗੱਲ ਨਹੀਂ ਹੁੰਦੀ ਪ੍ਰੰਤੂ ਚੰਗਿਆਈ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੁੰਦਾ ਹੈ। ਇਤਨੀ ਗੱਲ ਕਹਿਕੇ ਮੈਨੂੰ ਇਮਤਿਹਾਨ ਦੇਣ ਲਈ ਬਿਠਾ ਗਏ।
ਉਸ ਦਿਨ ਤੋਂ ਬਾਅਦ ਮੈਂ ਆਪਣੇ ਅਧਿਆਪਕ ਦੀ ਗੱਲ ਪੱਲੇ ਬੰਨ੍ਹੀ ਹੋਈ ਹੈ। ਅੱਜ ਜਦੋਂ ਮੈਂ ਅਧਿਆਪਕਾਂ ਅਤੇ ਵਿਦਿਅਰਥੀਆਂ ਦੇ ਟਕਰਾਓ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੈਨੂੰ ਭਲੇ ਵੇਲੇ ਯਾਦ ਆਉਂਦੇ ਹਨ, ਜਦੋਂ ਅਸੀਂ ਅਧਿਆਪਕਾਂ ਨੂੰ ਦੇਖ ਕੇ ਘਾਊਂ ਮਾਊਂ ਹੋ ਜਾਂਦੇ ਸੀ, ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕਰਦੇ ਸੀ। ਮੈਨੂੰ ਮਾਪਿਆਂ ਨੇ ਦਸਵੀਂ ਤੋਂ ਬਾਅਦ ਪੜ੍ਹਾਉਣ ਤੋਂ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਇਨਕਾਰ ਕਰ ਦਿੱਤਾ। ਪ੍ਰੰਤੂ ਮੈਂ ਅੱਗੇ ਪੜ੍ਹਕੇ ਲੈਕਚਰਾਰ ਬਣਨਾ ਚਾਹੁੰਦਾ ਸੀ। ਮੇਰੇ ਵੱਡੇ ਭਰਾ ਸ੍ਰ ਧਰਮ ਸਿੰਘ ਪਟਿਆਲੇ ਆਬਕਾਰੀ ਤੇ ਕਰ ਵਿਭਾਗ ਵਿਚ ਸਹਾਇਕ ਲੱਗੇ ਹੋਏ ਸਨ, ਉਹ ਮੈਨੂੰ ਆਪਣੇ ਕੋਲ ਲੈ ਗਏ। ਪ੍ਰਾਈਵੇਟਲੀ ਗਿਆਨੀ ਦੇ ਇਮਤਿਹਾਨ ਦੇਣ ਲਈ ਪਟਿਆਲੇ ਪੁਰਾਣੀ ਕੋਤਵਾਲੀ ਚੌਕ ਵਿਚ ਪ੍ਰੋ ਬਾਬੂ ਸਿੰਘ ਗੁਰਮ ਦੀ ਇਕ ਨਿਊ ਆਕਸਫੋਰਡ ਨਾਂ ਦੀ ਅਕਾਡਮੀ ਹੁੰਦੀ ਸੀ, ਜੋ ਸਵੇਰੇ ਸ਼ਾਮ ਕਲਾਸਾਂ ਲਗਾਕੇ ਪਹਿਲਾਂ ਗਿਆਨੀ ਅਤੇ ਫਿਰ 6-6 ਮਹੀਨੇ ਬਾਅਦ 50 ਨੰਬਰ ਦੀ ਅੰਗਰੇਜ਼ੀ ਜ਼ਰੂਰੀ ਵਿਸ਼ੇ ਨਾਲ ਬੀ ਏ ਕਰਵਾ ਦਿੰਦੇ ਸਨ। ਇਸ ਪੜ੍ਹਾਈ ਨੂੰ ਵਾਇਆ ਬਠਿੰਡਾ ਕਹਿੰਦੇ ਸਨ। ਕਲਾਸ ਵਿਚ ਬਹੁਤੇ ਕਰਨ ਵਾਲੇ ਨੌਕਰੀਆਂ ਵਾਲੇ ਮੁਲਾਜ਼ਮ ਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਇਸ ਅਕਾਡਮੀ ਦਾ ਬੜਾ ਨਾਮ ਚਲਦਾ ਸੀ। ਇਸ ਲਈ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਹੁਤੇ ਵਿਦਿਆਰਥੀ ਸੰਜੀਦਾ ਸਨ ਪ੍ਰੰਤੂ ਕੁਝ ਵਿਦਿਆਰਥੀ ਮਨਪ੍ਰਚਾਵੇ ਲਈ ਹੀ ਆਉਂਦੇ ਸਨ, ਜਿਹੜੇ ਅਨੁਸ਼ਾਸਨ ਖ਼ਰਾਬ ਕਰਦੇ ਸਨ। ਪਿ੍ਰੰਸੀਪਲ ਜੋ ਇਕ ਜੱਟ ਪਰਿਵਾਰ ਨਾਲ ਸੰਬੰਧਤ ਸੀ, ਉਸ ਲਈ ਵੀ ਵਿਦਿਆਰਥੀਆਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਸੀ। ਕੁਝ ਸਾਡੇ ਵਰਗੇ ਵਿਦਿਆਰਥੀ ਸੰਜੀਦਾ ਸਨ, ਜਿਹੜੇ ਕਾਲਜਾਂ ਦੀ ਫੀਸ ਨਹੀਂ ਦੇ ਸਕਦੇ ਸੀ। ਪੜ੍ਹਾਈ ਕੋ ਐਜੂਕੇਸ਼ਨ ਸੀ। ਮੈਂ ਅਤੇ ਮਰਹੂਮ ਜਸਵੰਤ ਡਡਹੇੜੀ ਨੇ ਵੀ ਅਕਾਡਮੀ ਵਿਚ ਦਾਖ਼ਲਾ ਲੈ ਲਿਆ। ਅਕਾਡਮੀ ਦਾ ਮਾਲਕ ਆਪ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹ ਲੁਧਿਆਣੇ ਜਿਲ੍ਹੇ ਦੇ ਸਮਰਾਲਾ ਕੋਲ ਪਿੰਡ ਭਰਥਲਾ ਦੇ ਰਹਿਣ ਵਾਲੇ ਸਨ। ਅਸੀਂ ਵੀ ਦੋਵੇਂ ਲੁਧਿਆਣਾ ਜਿਲ੍ਹੇ ਦੇ ਅਤੇ ਸੰਜੀਦਾ ਵਿਦਿਆਰਥੀ ਹੋਣ ਕਰਕੇ ਇਕ ਦਿਨ ਉਨ੍ਹਾਂ ਨੇ ਸਾਨੂੰ ਆਪਣੇ ਦਫਤਰ ਵਿਚ ਬੁਲਾਇਆ ਤੇ ਕਿਹਾ ਕਿ ਅਕਾਡਮੀ ਵਿਚ ਕੁਝ ਬਾਹਰਲੇ ਮੁੰਡੇ ਆ ਕੇ ਕੁੜੀਆਂ ਨੂੰ ਤੰਗ ਕਰਦੇ ਹਨ। ਤੁਸੀਂ ਮੇਰੀ ਮਦਦ ਕਰੋ। ਅਸੀਂ ਚੌੜ ਵਿਚ ਆ ਕੇ ਜ਼ਿੰਮੇਵਾਰੀ ਲੈ ਬੈਠੇ। ਸਾਡੀ ਦਿਖ ਤਾਂ ਠੀਕ ਸੀ ਪ੍ਰੰਤੂ ਐਨੀ ਰੋਹਬਦਾਰ ਨਹੀਂ ਸੀ ਕਿ ਮੁੰਡਿਆਂ ਨੂੰ ਦਬਕਾ ਮਾਰ ਸਕਦੇ। ਜਸਵੰਤ ਡਡਹੇੜੀ ਦਾ ਛੋਟਾ ਭਰਾ ਹਰਦਿਆਲ ਸਿੰਘ ਖਾਲਸਾ ਕਾਲਜ ਪਟਿਆਲਾ ਵਿਚ ਪੜ੍ਹਦਾ ਸੀ, ਉਹ ਥੋੜ੍ਹਾ ਇਲਤੀ ਅਤੇ ਰੋਹਬ ਦਾਬ ਵਾਲਾ ਸੀ। ਅਸੀਂ ਉਸਨੂੰ ਨਾਲ ਲੈ ਆਏ ਤੇ ਸਾਰੀ ਗੱਲ ਦੱਸੀ। ਉਸਨੇ ਦਬਕੇ ਮਾਰੇ ਕਿ ਜੇਕਰ ਸਾਡੀਆਂ ਭੈਣਾ ਨਾਲ ਕਿਸੇ ਨੇ ਛੇੜਖਾਨੀ ਕਰਨ ਦੀ ਕੋਸਿਸ਼ ਕੀਤੀ ਤਾਂ ਉਸਦੀ ਖੈਰ ਨਹੀਂ। ਮੁੜਕੇ ਕੋਈ ਵੀ ਲੜਕਾ ਅਕਾਡਮੀ ਦੇ ਮੂਹਰੇ ਵੀ ਨਾ ਲੰਘਿਆ ਕਰੇ, ਸਾਡਾ ਮੁਫ਼ਤ ਦਾ ਹੀ ਰੋਹਬ ਪੈ ਗਿਆ। ਅਕਾਡਮੀ ਦੇ ਮਾਲਕ ਨੇ ਸਵਾਗਤ ਕਰਤਾ ਦੇ ਕੋਲ ਦੋ ਕੁਰਸੀਆਂ ਲਵਾ ਦਿੱਤੀਆਂ ਤੇ ਸਾਨੂੰ ਕਦੇ ਕਦੇ ਉਥੇ ਬੈਠਣ ਲਈ ਕਿਹਾ ਤਾਂ ਜੋ ਕੋਈ ਹੋਰ ਅਨੁਸ਼ਾਸ਼ਨ ਭੰਗ ਨਾ ਕਰੇ। ਉਸ ਦਿਨ ਤੋਂ ਬਾਅਦ ਪਿ੍ਰੰਸੀਪਲ ਨੇ ਸਾਡੀ ਫੀਸ ਮਾਫ ਕਰ ਦਿੱਤੀ। ਅਸੀਂ ਗਿਆਨੀ ਅਤੇ ਬੀ ਏ ਮੁਫਤ ਵਿਚ ਪਾਸ ਕੀਤਆਂ।
ਫਿਰ ਅਸੀਂ ਮਹਿੰਦਰਾ ਕਾਲਜ ਪਟਿਆਲਾ ਵਿਚ ਈਵਨਿੰਗ ਕਲਾਸਾਂ ਵਿਚ ਐਮ ਏ ਪੰਜਾਬੀ ਵਿਚ ਦਾਖਲਾ ਲੈ ਲਿਆ। ਸਾਡੀ ਕਲਾਸ ਵਿੱਚ 16 ਵਿਦਿਆਰਥੀ ਸਨ, ਉਨ੍ਹਾਂ ਵਿਚ ਕਾਲਜ ਦੇ ਪਿ੍ਰੰਸੀਪਲ ਦਾ ਸਟੈਨੋ ਹਰਨਾਮ ਸਿੰਘ ਵੀ ਸ਼ਾਮਲ ਸੀ, ਜੋ ਬਾਅਦ ਵਿਚ ਜਿਲ੍ਹਾ ਸਿਖਿਆ ਅਧਿਕਾਰੀ ਬਣ ਗਏ ਸਨ। ਬਹੁਤੇ ਸ਼ਹਿਰੀ ਅਤੇ ਅਸੀਂ ਚਾਰ ਕੁ ਪੇਂਡੂ ਵਿਦਿਆਰਥੀ ਸੀ। ਪ੍ਰੋ ਕਰਤਾਰ ਸਿੰਘ ਲੂਥਰਾ ਪੰਜਾਬੀ ਵਿਭਾਗ ਦੇ ਮੁੱਖੀ ਸਨ। ਉਹ ਇਕੱਲੇ ਨਾਭਾ ਗੇਟ ਰਹਿੰਦੇ ਸਨ। ਮੇਰਾ ਕਿਉਂਕਿ ਨਿਸ਼ਾਨਾ ਲੈਕਚਰਾਰ ਬਣਨਾ ਸੀ, ਇਸ ਲਈ ਮੈਂ ਸ਼ਾਮ ਨੂੰ ਉਨ੍ਹਾਂ ਦੇ ਘਰ ਚਲਾ ਜਾਂਦਾ ਸੀ ਤਾਂ ਜੋ ਮੈਨੂੰ ਅਗਵਾਈ ਦੇ ਸਕਣ। ਉਨ੍ਹਾਂ ਮੈਨੂੰ ਇਕ ਪੁਸਤਕ ਪੜ੍ਹਨ ਲਈ ਦਿੱਤੀ ਤੇ ਜਦੋਂ ਮੈਂ ਪੁਸਤਕ ਪੜ੍ਹ ਰਿਹਾ ਸੀ ਤਾਂ ਉਸ ਵਿਚੋਂ 100 ਦਾ ਨੋਟ ਮਿਲਿਆ। ਉਨ੍ਹਾਂ ਦਿਨਾ ਵਿਚ ਇਹ ਰਕਮ ਵੱਡੀ ਸੀ। ਮੈਂ ਉਨ੍ਹਾਂ ਨੂੰ ਜਦੋਂ ਦੱਸਿਆ ਤਾਂ ਮੇਰੀ ਇਮਾਨਦਾਰੀ ਦੇ ਕਾਇਲ ਹੋ ਗਏ। ਅੱਗੋਂ ਵਾਸਤੇ ਉਨ੍ਹਾਂ ਮੇਰਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਸ਼ਾਇਦ ਮੇਰੀ ਪਰਖ ਕਰਨ ਲਈ ਹੀ ਉਨ੍ਹਾਂ ਇੰਜ ਕੀਤਾ ਹੋਵੇ। ਅਜੇ ਮੈਂ ਐਮ ਏ ਪਹਿਲੇ ਸਾਲ ਵਿਚ ਹੀ ਪੜ੍ਹ ਰਿਹਾ ਸੀ ਤਾਂ ਇਕ ਅਸਾਮੀ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਚੰਡੀਗੜ੍ਹ ਵਿਖੇ ਨਿਬੰਧਕਾਰ ਪੰਜਾਬੀ ਦਾ ਇਸ਼ਤਿਹਾਰ ਨਿਕਲਿਆ। ਕਲਾਸ ਵਿਚ ਚਰਚਾ ਹੋਈ ਤੇ ਫੈਸਲਾ ਹੋਇਆ ਕਿ ਸਾਰੇ 16 ਵਿਦਿਆਰਥੀਆਂ ਵਿਚੋਂ ਇਕ ਹੀ ਅਪਲਾਈ ਕਰੇ। ਪ੍ਰੋ ਲਥਰਾ ਨੇ ਵੀ ਮੇਰੀ ਸਪੋਰਟ ਕਰ ਦਿੱਤੀ।ਗੁਣਾ ਮੇਰੇ ਤੇ ਪੈ ਗਿਆ। ਮੈਨੂੰ ਅਪਲਾਈ ਕਰਨਾ ਵੀ ਨਹੀਂ ਆਉਂਦਾ ਸੀ। ਹਰਨਾਮ ਸਿੰਘ ਸਟੈਨੋ ਨੇ ਆਪੇ ਮੇਰੀ ਅਰਜ਼ੀ ਟਾਈਪ ਕਰਕੇ ਮਨੀਆਰਡਰ ਨਾਲ ਲਾ ਕੇ ਪੋਸਟ ਕਰ ਦਿੱਤੀ। ਲਿਖਤੀ ਟੈਸਟ ਆ ਗਿਆ। ਇਹ ਅਸਾਮੀ ਪੰਜਾਬੀ ਸ਼ਾਖਾ ਵਿਚ ਸੀ। ਪੰਜਾਬੀ ਸ਼ਾਖਾ ਦਾ ਮੁੱਖੀ ਪੀ ਆਰ ਓ, ਪੰਜਾਬੀ ਦੇ ਕਵੀ ਸੁਖਪਾਲਵੀਰ ਸਿੰਘ ਹਸਰਤ ਸਨ। ਉਹ ਹੀ ਜਾਗ੍ਰਤੀ ਪੰਜਾਬੀ ਸਰਕਾਰੀ ਰਸਾਲੇ ਦੇ ਸੰਪਾਦਕ ਸਨ। ਮੈਂ ਪੇਂਡੂ ਪਿਛੋਕੜ ਵਾਲਾ ਇਸਤੋਂ ਪਹਿਲਾਂ ਕਦੀਂ ਚੰਡੀਗੜ੍ਹ ਨਹੀਂ ਗਿਆ ਸੀ। ਔਖਾ ਸੌਖਾ ਪੁਛਦਾ ਪੁਛਾਉਂਦਾ ਚੰਡੀਗੜ੍ਹ ਸਕੱਤਰੇਤ ਪਹੁੰਚ ਗਿਆ। ਸਾਡਾ ਟੈਸਟ ਅਮਲਾ ਸ਼ਾਖਾ ਵਿਚ ਲਿਆ ਗਿਆ। ਰਮੇਸ਼ ਗੁਪਤਾ ਅਤੇ ਬਲਜੀਤ ਸਿੰਘ ਸੈਣੀ ਦੀ ਟੈਸਟ ਲੈਣ ਦੀ ਜ਼ਿੰਮੇਵਾਰੀ ਵਿਭਾਗ ਨੇ ਲਗਾਈ ਹੋਈ ਸੀ। ਸੁਖਪਾਲਵੀਰ ਸਿੰਘ ਹਸਰਤ ਨੇ ਪੇਪਰ ਬਣਾਇਆ ਸੀ, ਉਨ੍ਹਾਂ ਨੇ 80 ਨੰਬਰਾਂ ਦਾ ਸਾਹਿਤਕ ਅਤੇ 20 ਨੰਬਰ ਦਾ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਬਣਾਉਣ ਦਾ ਪੇਪਰ ਪਾਇਆ। ਮੈਂ ਤਾਂ50 ਨੰਬਰ ਦੀ ਜ਼ਰੂਰੀ ਅੰਗਰੇਜ਼ੀ ਨਾਲ ਬੀ ਏ ਕੀਤੀ ਸੀ, ਇਸ ਲਈ ਅੰਗਰੇਜ਼ੀ ਦਾ ਮੇਰਾ ਹੱਥ ਬਹੁਤ ਤੰਗ ਸੀ । ਮੈਂ ਕਿਉਂਕਿ ਐਮ ਏ ਪੰਜਾਬੀ ਪਹਿਲੇ ਸਾਲ ਦਾ ਵਿਦਿਆਰਥੀ ਸੀ, ਇਸ ਲਈ ਸਾਹਿਤਕ ਸਾਰਾ ਪੇਪਰ ਹਲ ਕਰ ਦਿੱਤਾ। ਮੇਰੀ ਲਿਖਾਈ ਵੀ ਬਹੁਤੀ ਚੰਗੀ ਨਹੀਂ ਸੀ ਪ੍ਰੰਤੂ ਪੜ੍ਹੀ ਜਾਂਦੀ ਸੀ। ਜਿਹੜਾ ਰਮੇਸ਼ ਗੁਪਤਾ ਟੈਸਟ ਲੈ ਰਿਹਾ ਸੀ, ਉਹ ਮੇਰੇ ਕੋਲ ਆ ਕੇ ਕਹਿੰਦਾ ਸ਼ੀਟਾਂ ਤਾਂ ਐਨੀਆਂ ਲਈ ਜਾਂਦਾ ਹੈਂ, ਤੇਰੇ ਕੂਕਾਂ ਬਿੱਲੀ ਘਾਂਗੜੇ ਕੌਣ ਪੜ੍ਹੇਗਾ? ਬੜਾ ਆਇਆ ਨਿਬੰਧਕਾਰ ਬਣਨ ਲਈ। 32 ਉਮੀਦਵਾਰ ਇਮਤਿਹਾਨ ਦੇਣ ਆਏ ਸਨ, ਜਿਨ੍ਹਾਂ ਵਿਚ ਇਸੇ ਵਿਭਾਗ ਵਿਚ ਕੰਮ ਕਰਦੇ ਉਰਦੂ ਦੇ ਅਨੁਵਾਦਕ ਹਰਬੰਸ ਸਿੰਘ ਤਸੱਵਰ ਵੀ ਸ਼ਾਮਲ ਸਨ। ਉਹ ਉਰਦੂ ਦੇ ਸ਼ਾਇਰ ਅਤੇ ਵਿਅੰਗਕਾਰ ਲੇਖਕ ਵੀ ਸਨ। ਉਥੇ ਕਾਨਾਫੂਸੀ ਹੋ ਰਹੀ ਸੀ ਕਿ ਟੈਸਟ ਤਾਂ ਨਾਮ ਦਾ ਹੀ ਹੈ, ਚੋਣ ਤਾਂ ਹਰਬੰਸ ਸਿੰਘ ਤਸੱਵਰ ਦੀ ਹੀ ਹੋਣੀ ਹੈ ਕਿਉਂਕਿ ਉਸਦੀ ਵਿਦਿਅਕ ਯੋਗਤਾ ਵੀ ਹੈ ਅਤੇ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸੂਬਾ ਸਿੰਘ ਦੀ ਸਿਫਾਰਸ਼ ਹੈ। ਜਦੋਂ ਟੈਸਟ ਦਾ ਨਤੀਜਾ ਨਿਕਲਿਆ ਤਾਂ ਮੈਂ ਪਹਿਲੇ ਨੰਬਰ ਤੇ ਅਤੇ ਹਰਬੰਸ ਸਿੰਘ ਤਸੱਵਰ ਦੂਜੇ ਨੰਬਰ ਤੇ ਆਏ। ਇੰਟਰਵਿਊ ਵਿਚ ਮੈਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁਛੇ ਗਏ ਜਦੋਂ ਕਿ ਅਸਾਮੀ ਪੰਜਾਬੀ ਭਾਸ਼ਾ ਨਾਲ ਸੰਬੰਧਤ ਸੀ। ਅਸਲ ਵਿਚ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਪੰਜਾਬੀ ਦੀ ਜਿਤਨੀ ਵੀ ਪ੍ਰਕਾਸ਼ਨਾ ਹੁੰਦੀ ਸੀ, ਉਹ ਨਿਬੰਧਕਾਰ ਪੰਜਾਬੀ ਹੀ ਪੀ ਆਰ ਓ ਪੰਜਾਬੀ ਦੀ ਨਿਗਰਾਨੀ ਹੇਠ ਕਰਾਉਂਦਾ ਸੀ। ਨਿਬੰਧਕਾਰ ਹੀ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਹੁੰਦਾ ਸੀ। ਸੁਖਪਾਲਵੀਰ ਸਿੰਘ ਹਸਰਤ, ਹਰਬੰਸ ਸਿੰਘ ਤਸੱਵਰ ਤੋਂ ਜ਼ਿਆਦਾ ਵਿਦਵਾਨ ਤੇ ਬਰਾਬਰ ਦਾ ਸ਼ਾਇਰ ਹੋਣ ਕਰਕੇ ਤਿਬਕਦਾ ਸੀ। ਉਨ੍ਹਾਂ ਨੇ ਮੈਨੂੰ ਪਹਿਲੇ ਨੰਬਰ ਤੇ ਚੁਣ ਲਿਆ ਅਤੇ ਤਸੱਵਰ ਨੂੰ ਵੇਟਿੰਗ ਸੂਚੀ ਵਿਚ ਰੱਖ ਲਿਆ। ਮੈਂ ਕਿਉਂਕਿ ਐਮ ਏ ਪਹਿਲੇ ਸਾਲ ਦੇ ਪੇਪਰ ਦੇਣੇ ਸਨ ਤੇ ਲੈਕਚਰਾਰ ਬਣਨਾ ਚਾਹੁੰਦਾ ਸੀ, ਇਸ ਲਈ ਨੌਕਰੀ ਜਾਇਨ ਕਰਨ ਤੋਂ ਝਿਜਕਦਾ ਸੀ। ਮੈਂ ਹਸਰਤ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਜਾਇਨ ਕਰਨ ਵਿਚ ਇਕ ਮਹੀਨੇ ਦੀ ਮੋਹਲਤ ਦੇ ਦਿਓ ਤਾਂ ਜੋ ਪੇਪਰ ਦੇ ਸਕਾਂ। ਉਹ ਕਹਿਣ ਲੱਗੇ ਜੇ ਜਾਇਨ ਕਰਨਾ ਤਾਂ ਕਰ ਲਓ ਨਹੀਂ ਤਾਂ ਮੇਰੇ ਤੇ ਸੂਬਾ ਸਿੰਘ ਦਾ ਪ੍ਰੈਸ਼ਰ ਹੈ ਕਿ ਹਰਬੰਸ ਸਿੰਘ ਤਸੱਵਰ ਨੂੰ ਜਾਇਨ ਕਰਵਾ ਲਵਾਂਗਾ। ਮੈਂ ਪਟਿਆਲਾ ਆ ਕੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਨੌਕਰੀ ਨਹੀਂ ਜਾਇਨ ਕਰਨੀ ਕਿਉਂਕਿ ਸੰਪਾਦਕ ਨੇ ਇਕ ਮਹੀਨੇ ਦੀ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੇ ਨੌਕਰੀ ਜਾਇਨ ਕਰਕੇ ਪੇਪਰ ਦਿੱਤੇ ਤਾਂ ਚੰਗੇ ਨੰਬਰ ਨਹੀਂ ਆਉਣੇ, ਮੇਰਾ ਲੈਕਚਰਾਰ ਬਣਨ ਦਾ ਸਪਨਾ ਪੂਰਾ ਨਹੀਂ ਹੋਣਾ। ਮੇਰੇ ਭਰਾ ਕਹਿਣ ਲੱਗੇ ਕਿ ਹੁਜਤਾਂ ਨਾ ਕਰ ਮੇਰੀ ਉਤਨੀ ਤਨਖ਼ਾਹ ਨਹੀਂ ਜਿਤਨੀ ਤੇਰੀ ਹੋ ਜਾਣੀ ਹੈ। ਫਿਰ ਮੈਂ ਜਾਇਨ ਕਰ ਲਿਆ ਅਤੇ ਹਸਰਤ ਸਾਹਿਬ ਨੇ ਤੁਰੰਤ ਨਾਲ ਹੀ ਮੈਨੂੰ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲਾ ਲਿਆ। ਵੈਸੇ ਮੇਰੇ ਤੋਂ ਪਹਿਲਾਂ ਪੰਜਾਬੀ ਦੇ ਨਿਬੰਧਕਾਰ ਸੁਰਿੰਦਰ ਮੋਹਨ ਸਿੰਘ ਸੀਨੀਅਰ ਸਨ ਪ੍ਰੰਤੂ ਉਨ੍ਹਾਂ ਤੋਂ ਵੀ ਹਸਰਤ ਸਾਹਿਬ ਡਰਦੇ ਸਨ, ਜਿਸ ਕਰਕੇ ਮੇਰਾ ਨੌਕਰੀ ਅਤੇ ਸਹਾਇਕ ਸੰਪਾਦਕੀ ਲਈ ਤੁਕਾ ਲੱਗ ਗਿਆ। ਸੁਰਿੰਦਰ ਮੋਹਨ ਸਿੰਘ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਸੇਵਾ ਮੁਕਤ ਹੋਏ ਹਨ। ਮੇਰੇ ਹਮੇਸ਼ਾ ਹੀ ਤੁਕੇ ਲਗਦੇ ਰਹੇ, ਜਿਸ ਕਰਕੇ ਮੈਂ ਜ਼ਿੰਦਗੀ ਵਿਚ ਸਫਲ ਹੁੰਦਾ ਰਿਹਾ। ਇਸ ਤਰ੍ਹਾਂ ਮੇਰੀ ਤਿੰਨ ਵਾਰ ਲਾਟਰੀ ਨਿਕਲ ਆਈ। ਪਹਿਲੀ ਵਾਰ ਮੁਫਤ ਵਿਚ ਬੀ ਏ, ਦੂਜੀ ਵਾਰ ਸਾਹਿਤਕ ਪੇਪਰ ਹੋਣ ਕਰਕੇ ਲਿਖਤੀ ਟੈਸਟ ਵਿਚੋਂ ਪਹਿਲੇ ਨੰਬਰ ‘ਤੇ ਆ ਗਿਆ ਅਤੇ ਤੀਜੀ ਵਾਰ ਬਿਨਾ ਸਿਫਾਰਸ਼ ਨੌਕਰੀ ਮਿਲ ਗਈ।