ਲੁਧਿਆਣਾ - ਦਸ਼ਮੇਸ਼ ਪਿਤਾ, ਸਾਹਿਬ -ਏ -ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਦਿਆ ਹੋਇਆ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਜੈਕਾਰਿਆਂ ਦੀ ਗੂੰਜ ਵਿੱਚ
ਮਹਾਨ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਜੁਗੋ ਜੁਗ ਅਟੱਲ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋ ਆਰੰਭ ਹੋਏ ਨਗਰ ਕੀਰਤਨ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਫੁੱਲਾਂ ਨਾਲ ਸੱਜੀ ਪਾਲਕੀ ਅੰਦਰ ਸ਼ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣਾ ਸਤਿਕਾਰ ਸਹਿਤ ਸਿੱਜਦਾ ਭੇਟ ਕੀਤਾ। ਨਗਰ ਕੀਰਤਨ ਵਿੱਚ ਜਿੱਥੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥੇ ਜਿੱਥੇ ਗੁਰੂ ਸਾਹਿਬ ਵੱਲੋ ਉਚਰੀ ਇਲਾਹੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਉੱਥੇ ਵੱਖ ਵੱਖ ਬੈਡ ਪਾਰਟੀਆਂ ਗੁਰਬਾਣੀ ਦੇ ਸ਼ਬਦਾਂ ਦੀਆਂ ਆਨੰਦਮਈ ਧੁੰਨਾਂ ਵੱਜਾ ਕੇ ਸਮੁੱਚੇ ਮਹੌਲ ਨੂੰ ਅਧਿਆਤਮਕ ਤੇ ਰੁਹਾਨੀਅਤ ਦੀ ਰੰਗਤ ਪ੍ਰਦਾਨ ਕਰ ਰਹੇ ਸਨ।ਦੂਜੇ ਪਾਸੇ ਨਗਰ ਕੀਰਤਨ ਵਿੱਚ ਸ਼ਾਮਲ ਗੱਤਕਾ ਪਾਰਟੀਆਂ ਦੇ ਸੂਰਬੀਰ ਨੌਜਵਾਨ ਤੇ ਬੱਚੇ ਖਾਲਸਾਈ ਬਾਣੇਇਆ ਵਿੱਚ ਤਿਆਰ ਬਰ ਤਿਆਰ ਹੋ ਕੇ ਆਪਣੀ ਸ਼ਸ਼ਤਰ ਕਲਾ ਦੇ ਜੌਹਰ ਸੰਗਤਾਂ ਦੇ ਸਨਮੁੱਖ ਪੇਸ਼ ਕਰਕੇ ਉਨ੍ਹਾਂ ਨੂੰ ਮੰਤਰ ਮੁੰਗਧ ਕਰ ਰਹੇ ਸਨ।ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮੱਕੜ ਅਤੇ ਕਮੇਟੀ ਦੇ ਸਮੂਹ ਮੈਬਰਾਂ ਦੇ ਸੁਹਿਰਦ ਉੱਦਮਾਂ ਸਦਕਾ ਕੱਢੇ ਗਏ ਉਕਤ ਨਗਰ ਕੀਰਤਨ ਦਾ ਵੱਖ- ਵੱਖ ਮਾਰਕੀਟਾ ਦੀਆਂ ਐਸੋਸਿਏਸ਼ਨਾ ਦੇ ਅਹੁਦੇਦਾਰਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਵੀ ਲਗਾਏ ਗਏ। ਗੁਰਦੁਆਰਾ ਸਾਹਿਬ ਤੋ ਆਰੰਭ ਹੋ ਕੇ ਨਗਰ ਕੀਰਤਨ ਇਸ਼ਮੀਤ ਚੌਕ,ਮਿੰਟਗੁਮਰੀ ਚੌਕ,ਮਾਡਲ ਟਾਊਨ ਮਾਰਕੀਟ ਤੋ ਹੋ ਕੇ ਮਾਡਲ ਟਾਊਨ ਐਕਸਟੈਨਸ਼ਨ ਦੇ ਵੱਖ ਵੱਖ ਬਲਾਕਾਂ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਇਸੇ ਅਸਥਾਨ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤ ਹੋਇਆ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ,ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ.ਹਰਭਜਨ ਸਿੰਘ ਡੰਗ, ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਮਹਿੰਦਰ ਸਿੰਘ ਡੰਗ, ਜਗਦੇਵ ਸਿੰਘ ਕਲਸੀ, ਜਗਜੀਤ ਸਿੰਘ ਆਹੂਜਾ, ਅਤੱਰ ਸਿੰਘ ਮੱਕੜ,ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ ਦਵਿੰਦਰ ਮੋਹਨ ਸਿੰਘ, ਹਰਪਾਲ ਸਿੰਘ ਖਾਲਸਾ, ਦਲੀਪ ਸਿੰਘ ਖੁਰਾਣਾ,ਅਵਤਾਰ ਸਿੰਘ ਬੀ.ਕੇ ,ਸਰਪੰਚ ਗੁਰਚਰਨ ਸਿੰਘ ਖੁਰਾਣਾ, ਹਰਬੰਸ ਸਿੰਘ ਰਾਜਾ,ਵੱਲੋਂ ਸਮੂਹ ਸੰਗਤਾਂ, ਸ਼ਬਦੀ ਜੱਥਿਆਂ, ਇਸਤਰੀ ਸਤਿਸੰਗ ਸਭਾਵਾਂ,ਸੇਵਾ ਸੁਸਾਇਟੀਆਂ ਤੇ ਗੱਤਕਾ ਟੀਮਾਂ ਦੇ ਮੈਬਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਮਹਾਨ ਨਗਰ ਕੀਰਤਨ
This entry was posted in ਪੰਜਾਬ.