ਫਤਿਹਗੜ੍ਹ ਸਾਹਿਬ:- “ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਦਲ ਨੂੰ ਛੱਡ ਕੇ ਐਨ ਡੀ ਏ ਦੀਆਂ ਬਾਕੀ ਭਾਈਵਾਲ ਜਮਾਤਾਂ ਅਤੇ ਹਿੰਦ ਦੇ ਵਜ਼ੀਰ ਏ ਆਜਿਮ ਡਾ: ਮਨਮੋਹਨ ਸਿੰਘ ਵੱਲੋ ਜੋ ਭਾਜਪਾ ਨੂੰ ਆਪਣੀ ਸ਼੍ਰੀਨਗਰ ਯਾਤਰਾ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ, ਫਿਰਕੂ ਜਨੂੰਨ ਅਧੀਨ ਭਾਜਪਾ ਵੱਲੋਂ ਇਸ ਅਪੀਲ ਨੂੰ ਠੁਕਰਾਉਣ ਦੀ ਕਾਰਵਾਈ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਫਿਰਕੂ ਜਮਾਤਾਂ ਅਤੇ ਲੋਕ ਘੱਟ ਗਿਣਤੀ ਕੌਮਾਂ ਉੱਤੇ ਆਪਣੀ “ਹਿੰਦੂਤਵ ਧੌਂਸ” ਨੂੰ ਜਮਾਉਣਾ ਚਾਹੁੰਦੇ ਹਨ। ਜਿਸਨੂੰ ਘੱਟ ਗਿਣਤੀ ਕੌਮਾਂ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਗੀਆਂ। ਭਾਜਪਾ ਵੱਲੋ ਇਸ ਆਈ ਸੰਜੀਦਾ ਅਪੀਲ ਨੂੰ ਨਜ਼ਰਅੰਦਾਜ਼ ਕਰਨ ਦੀ ਕਾਰਵਾਈ ਅਤਿ ਮੰਦਭਾਗੀ ਅਤੇ ਇੱਥੋ ਦੇ ਅਮਨ-ਚੈਨ ਨੂੰ ਜਾਣਬੁੱਝ ਕੇ ਭੰਗ ਕਰਨ ਵਾਲੀ ਕਾਰਵਾਈ ਹੈ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀ.ਜੀ.ਆਈ. ਵਿਖੇ ਆਪਣੀ ਅੱਖ ਦਾ ਅਪ੍ਰੇਸ਼ਨ ਕਰਾਉਣ ਅਤੇ ਛੁੱਟੀ ਹੋਣ ਉਪਰੰਤ ਆਪਣੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਬਿਆਨ ਜਾਰੀ ਕਰਦੇ ਹੋਏ ਪ੍ਰਗਟਾਏ। ਉਨ੍ਹਾ ਹਿੰਦ ਦੇ ਨਿਵਾਸੀਆਂ ਦਾ ਧਿਆਨ ਹਿੰਦ ਦੇ ਗ੍ਰਹਿ ਵਜ਼ੀਰ ਸ਼੍ਰੀ ਚਿਦੰਬਰਮ ਅਤੇ ਕੁਲ ਹਿੰਦ ਕਾਂਗਰਸ ਜਮਾਤ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਦੇ ਬਿਆਨਾਂ ਵੱਲ ਕੇਦਰਿਤ ਕਰਦੇ ਹੋਏ ਕਿਹਾ ਕਿ ਇਹ ਉਪਰੋਕਤ ਆਗੂ “ਹਿੰਦੂ ਦਹਿਸ਼ਤਗਰਦੀ ਅਤੇ ਭਗਵੇਂ ਅੱਤਵਾਦ” ਦੀ ਗੱਲ ਨੂੰ ਖੁੱਲ੍ਹੇ ਰੂਪ ਵਿੱਚ ਮੁਲਕ ਨਿਵਾਸੀਆਂ ਸਾਹਮਣੇ ਪ੍ਰਵਾਨ ਕਰ ਚੁੱਕੇ ਹਨ। ਹੁਣ ਹਿੰਦ ਹਕੂਮਤ ਪ੍ਰਗਿਆ ਸਿੰਘ ਠਾਕੁਰ, ਸਵਾਮੀ ਦਯਾਨੰਦ, ਕਰਨਲ ਪੁਰੋਹਿਤ, ਇੰਦਰੇਸ਼ ਕੁਮਾਰ, ਸਵਾਮੀ ਅਸੀਮਾਨੰਦ, ਸੰਦੀਪ ਡਾਂਗੇ, ਰਾਮ ਚੰਦਰ ਕਲਸਾਗਰ ਅਤੇ ਅਸ਼ੌਕ ਵਰਗੇ “ਹਿੰਦੂ ਦਹਿਸ਼ਤਗਰਦਾਂ” ਵੱਲੋ ਕੀਤੀਆਂ ਵਿਸਫੋਟਕ ਕਾਰਵਾਈਆਂ ਦੇ ਵਿਰੁੱਧ ਇਨ੍ਹਾ ਫਿਰਕੂ ਜਮਾਤਾਂ ਦੀਆਂ ਕਾਰਵਾਈਆਂ ਉੱਤੇ ਰੋਕ ਕਿਉਂ ਨਹੀਂ ਲਗਾਉਂਦੀ? ਉਨ੍ਹਾ ਕਿਹਾ ਕਿ ਉਪਰੋਕਤ ਹਿੰਦੂ ਦਹਿਸ਼ਤਗਰਦਾਂ ਦੇ ਸਾਥੀ ਸੁਨੀਲ ਜ਼ੋਸੀ ਦੇ ਕਤਲ ਤੋ ਇੱਕ ਦਿਨ ਪਹਿਲੇ ਪ੍ਰਗਿਆ ਸਿੰਘ ਠਾਕੁਰ ਦਾ ਉਸਦੇ ਘਰ ਆਉਣ ਦੀ ਸੱਚਾਈ ਪ੍ਰਤੱਖ ਹੋਣ ਉਪਰੰਤ ਵੀ ਬੀਜੇਪੀ, ਆਰ ਐਸ ਐਸ, ਸਿ਼ਵ ਸੈਨਾ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਅਭੀਨਵ ਭਾਰਤ ਆਦਿ ਦਸਿਸ਼ਤਗਰਦੀ ਸੰਗਠਨ ਆਪਣੇ ਆਪ ਨੂੰ ਗੈਰ ਦਲੀਲ ਤਰੀਕੇ ਨਿਰਦੋਸ਼ ਸਾਬਿਤ ਕਰਨ ‘ਤੇ ਲੱਗੇ ਹੋਏ ਹਨ। ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਹਿੰਦ ਹਕੂਮਤ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੀਆਂ ਭਾਜਪਾ ਅਤੇ ਉਸਦੀਆਂ ਸਹਿਯੋਗੀ ਸੰਗਠਨਾਂ ਨੂੰ ਪੂਰੇ ਮੁਲਕ ਵਿੱਚ “ਤਿਰੰਗੇ ਝੰਡੇ” ਦੇ ਨਾਂ ‘ਤੇ ਖਲਲ ਪਾਉਣ ਅਤੇ ਮੁਲਕ ਦੇ ਅਮਨ ਚੈਨ ਨੂੰ ਸੱਟ ਮਾਰਨ ਦੀ ਖੁੱਲ੍ਹ ਦੇ ਰਹੀ ਹੈ। ਉਨ੍ਹਾ ਕਿਹਾ ਕਿ ਇਨ੍ਹਾ ਮੁਤੱਸਵੀਆਂ ਦੇ ਮਨ ਵਿੱਚ ਦੇਸ਼ ਭਗਤੀ ਅਤੇ ਤਿਰੰਗਾ ਲਹਿਰਾਉਣ ਦੀ ਭਾਵਨਾ ਨਾਮਾਤਰ ਲੇਕਿਨ ਇਸਦੇ ਪਰਦੇ ਹੇਠ ਮੁਸਲਿਮ, ਸਿੱਖ, ਇਸਾਈ ਅਤੇ ਦਲਿਤਾਂ ਨੂੰ ਡਰਾਉਣ ਧਮਕਾਉਣ ਦੀ ਮੰਦਭਾਵਨਾ ਵਧੇਰੇ ਹੈ। ਇਸ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਤੀ 22 ਜਨਵਰੀ ਨੂੰ ਚੰਡੀਗੜ੍ਹ ਤੋਂ ਇਸ ਫਿਰਕੂ ਯਾਤਰਾ ਦੇ ਨਿਕਲਦੇ ਹੀ ਕੁਰਾਲੀ ਵਿਖੇ ਅਤੇ 23 ਜਨਵਰੀ ਨੂੰ ਜਲੰਧਰ ਦੇ ਲਾਗੇ ਜੰਡੂ ਸਿੰਘਵਾਲਾ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ। ਅਸੀਂ ਇਨ੍ਹਾ ਫਿਰਕੂਆਂ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਆਪਣੀ ਫਿਰਕੂ ਯਾਤਰਾ ਮਨਸੂਖ ਕਰਨ ਵਰਨਾ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਜੇਕਰ ਕਿਸੇ ਤਰੀਕੇ ਪਹੂੰਚਣ ਵਿੱਚ ਕਾਮਯਾਬ ਹੋ ਵੀ ਗਏ ਤਾਂ ਉੱਥੋ ਦੀਆਂ ਇਸਲਾਮਿਕ ਜਥੇਬੰਦੀਆਂ ਅਤੇ ਅਸੀਂ ਇਨ੍ਹਾ ਦੀ ਸੁੰਨਤ ਕਰਕੇ ਵਾਪਿਸ ਭੇਜਾਂਗੇ।