ਪਹਿਲਾਂ ਕੱਖੋਂ ਹੌਲਾ ਕੀਤਾ ਮੈਨੂੰ ਸਰਕਾਰਾਂ ਨੇ
ਫਿਰ ਇੱਜ਼ਤ ਖਤਮ ਕੀਤੀ ਸਾਹੂਕਾਰਾਂ ਨੇ
ਕੀ-ਕੀ ਮੈਂ ਦੁੱਖ ਸੁਣਾਵਾਂ
ਮੈਨੂੰ ਚਾਰੇ ਪਾਸੇ ਮਾਰਾਂ ਨੇ
ਹੁਣ ਨਾਂ ਰਹੀ ਮੈਂ ਕਿਸੇ ਕੰਮ ਦੀ
ਹੋਵਾਂ ਨਿੱਜੀ ਜਾਂ ਸਰਕਾਰੀ…
ਮੈਂ ਵਿੱਦਿਆ ਵਿਚਾਰੀ……….
ਮੇਰੇ ਵੱਖ-ਵੱਖ ਰੂਲ ਬਣਾਏ
ਵੱਖ-ਵੱਖ ਜਾਤਾਂ ਨੂੰ
ਚਾਨਣ ਵੰਡਦੀ ਵੰਡਦੀ ਮੈਂ ਖੁਦ
ਹਨੇਰੇ ਵਿੱਚ ਖੋ ਗਈ
ਕੌਣ ਸਮਝੇ ਮੇਰੇ ਜ਼ਜਬਾਤਾਂ ਨੂੰ
ਹੁਣ ਵੇਚਦੇ ਮੈੱਨੂੰ ਵਪਾਰੀ..
ਮੈਂ ਵਿੱਦਿਆ ਵਿਚਾਰੀ…………..
ਹੁਣ ਮਾਪਿਆਂ ਨੇ ਹੀ ਮੈਨੂੰ
ਵਪਾਰ ਬਣਾਇਆ ਏ..
ਦਾਖਲੇ ਝੂਠੇ ਕਿਤੇ ਹੋਰ ਕਰ ਕੇ
ਬੱਚਿਆਂ ਨੂੰ ਕੋਟਾ ਜਾਂ
ਚੰਡੀਗੜ ਪੜਨੇ ਪਾਇਆ ਏ..
ਪ੍ਰੈਕਟੀਕਲ ਫਾਈਲਾਂ ਵਿਕਣ ਬਜਾਰੀ
ਨਾਲ ਸਿਫਾਰਿਸ਼ਾਂ ਲਗਦੇ ਨੰਬਰ
ਪ੍ਰੀਖਿਆ ਲਈ ਨਹੀ ਕੋਈ ਕਰਦਾ ਤਿਆਰੀ.
ਮੈਂ ਵਿੱਦਿਆ ਵਿਚਾਰੀ………..
ਮੈਂ ਮੰਡੀ ਦੀ ਵਸਤੂ ਬਣ ਗਈ
ਵਿਕਦੀ ਨਾਲ ਇਸ਼ਤਿਹਾਰਾਂ
ਸਿੱਖਿਆ ਪ੍ਰਨਾਲੀ ਨੂੰ ਨਰਕ ਬਣਾ ਦਿੱਤਾ..
ਰਿਸ਼ਵਤ, ਰਾਜਨੀਤੀ, ਰਾਖਵਾਂਕਰਨ ਰਸੂਖ ਨੇ
ਮੈਂ ਰੁਲ ਗਈ ਵਿੱਚ ਬਜਾਰਾਂ
ਝੂਠੀ ਇਸ ਕਚਹਿਰੀ ਵਿੱਚ ਮੈਂ ਹਾਰੀ
ਮੈਂ ਵਿੱਦਿਆ ਵਿਚਾਰੀ…………