ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ,
ਸਾਡਾ ਪਾਇਆ ਕਿਉਂ ਵਿਯੋਗ?
ਵੇ ਦੱਸ ਲਿਖੇ ਕਿਉਂ ਨਹੀਂ,
ਸਾਡੇ ਸੱਜਣਾਂ ਨਾਲ ਸੰਯੋਗ?
ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ,
ਮੇਲੀ ਨਾ ਤਕਦੀਰ ਵੇ…
ਵਿਚ ਵਿਛੋੜੇ ਪਾਗ਼ਲ ਕਰਤੇ,
ਦਿੱਤਾ ਕਲੇਜਾ ਚੀਰ ਵੇ…
ਜੇ ਸੀ ਰੱਬਾ ਇੰਜ ਤੜਫ਼ਾਉਣਾ,
ਕਾਹਨੂੰ ਲਾਇਆ ਇਸ਼ਕ ਦਾ ਰੋਗ…
ਵੇ ਰੱਬਾ ਲਿਖੇ ਕਿਉਂ ਨਹੀਂ,
ਸਾਡੇ ਸੱਜਣਾ ਨਾਲ਼ ਸੰਯੋਗ…?
************************
ਕੀ ਖੱਟਿਆ ਇਹਨਾਂ ਮੁਲਕਾਂ ‘ਚੋਂ
ਅਸੀਂ ਹੰਝੂ ਝੋਲ਼ੀ ਪਾ ਬੈਠੇ
ਨਾ ਏਧਰ ਦੇ, ਨਾ ਓਧਰ ਦੇ,
ਅਸੀਂ ਆਪਣਾ ਆਪ ਗੁਆ ਬੈਠੇ
ਅਸੀਂ ਤੁਰਦੀਆਂ ਫਿ਼ਰਦੀਆਂ ਲਾਸ਼ਾਂ ਹਾਂ,
ਸਾਡਾ ਦਿਲ ਧੜਕਣਾਂ ਭੁੱਲ ਗਿਆ ਏ…
ਅਸੀਂ ਦਿਲੋਂ ਜੀਹਦੇ ‘ਤੇ ਡੁੱਲੇ ਸੀ,
ਉਹ ਹੋਰ ਕਿਸੇ ‘ਤੇ ਡੁੱਲ ਗਿਆ ਏ…
***************************
ਦਿਲ ਦੇਈਏ ਉਹਨਾਂ ਸੱਜਣਾਂ ਨੂੰ,
ਜੀਹਨੂੰ ਦਿਲ ਦੀ ਹੋਵੇ ਚਾਹ ਲੋਕੋ
ਦਿਲ ਦੇਈਏ ਨਾ ਬੇਕਦਰੇ ਨੂੰ,
ਜਿਹੜਾ ਲੈ ਕੇ ਦਿਲ ਜਾਏ, ਰਾਹ ਲੋਕੋ
ਇਹ ਦੁਨੀਆਂ ਧੋਖ਼ੇਬਾਜ਼ਾਂ ਦੀ,
ਨਿੱਤ ਰਹੇ ਬਦਲਦੀ ਰਾਹ ਨੀ…
ਬੰਦ ਰਹਿ ਕਲੀਏ, ਬੰਦ ਰਹਿ ਨੀ,
ਨਾ ਖਿੜ ਕੇ ਕਦਰ ਗੁਆ ਨੀ…